ਸ੍ਰੀ ਮਾਛੀਵਾੜਾ ਸਾਹਿਬ– (ਸੁਸ਼ੀਲ ਸ਼ਰਮਾ)— ਵੱਡੀ ਚਚੇਰੀ ਭੈਣ ਸਿਮਰਨਜੋਤ ਦੇ ਨਕਸ਼ੇਕਦਮ ‘ਤੇ ਚੱਲਦਿਆਂ ਇਸ ਵਾਰ ਛੋਟੀ ਭੈਣ ਗਗਨਜੋਤ ਨੇ ਵੀ ਆਪਣੇ ਖੇਡ ਦੇ ਦਮ ‘ਤੇ ਪੰਜਾਬ ਦੀ ਨੈਸ਼ਨਲ ਸਾਫ਼ਟਬਾਲ ਟੀਮ ‘ਚ ਸਥਾਨ ਬਣਾਉਂਦਿਆਂ ਨੈਸ਼ਨਲ ਸਾਫ਼ਟਬਾਲ ਚੈਂਪੀਅਨਸ਼ਿਪ ‘ਚ ਹਿੱਸਾ ਲਿਆ ਅਤੇ ਪੰਜਾਬ ਵੱਲੋ ਖੇਡਦਿਆਂ ਪੱਛਮੀ ਬੰਗਾਲ ਦੇ ਦੱਤਾ ਫੂਲੀਆ ਵਿਖੇ ਹੋਈ ਨੈਸ਼ਨਲ ਚੈਪਿਅਨਸ਼ਿਪ ਵਿੱਚ ਸਿਲਵਰ ਮੈਡਲ ਜੇਤੂ ਟੀਮ ਦਾ ਹਿੱਸਾ ਬਣੀ | ਸਿਮਰਨਜੋਤ ਤੇ ਗਗਨਜੋਤ ਦੋਵੇਂ ਭੈਣਾਂ ਨੇ ਆਪਣੀ ਕਪਤਾਨ ਮਾਧਵੀ ਦੀ ਅਗਵਾਈ ਵਿੱਚ ਨਾਂ ਸਿਰਫ਼ ਕੇਰਲਾ ਦੀ ਟੀਮ ਨੂੰ ਪਛਾੜਨ ‘ਚ ਅਹਿਮ ਯੋਗਦਾਨ ਪਾਇਆ ਸਗੋਂ ਸਾਰੇ ਲੀਗ ਮੁਕਾਬਲਿਆਂ ਵਿੱਚ ਵੀ ਆਪਣਾ ਵਧੀਆ ਖੇਡ ਦਿਖਾਇਆ | ਸਾਫ਼ਟਬਾਲ ਸੀਨੀਅਰ ਐਸੋ: ਦੇ ਖਜ਼ਾਨਚੀ ਤੇ ਇਨ੍ਹਾਂ ਬੱਚੀਆਂ ਦੇ ਪਿਤਾ ਸੁਖਰਾਮ ਸਿੰਘ ਨੇ ਦੱਸਿਆ ਕਿ ਸਿਮਰਨਜੋਤ ਕੌਰ ਜੂਨੀਅਰ ਪੱਧਰ ‘ਤੇ ਏਸ਼ੀਆ ਕੱਪ ਅਤੇ ਕੈਨੇਡਾ ਵਿੱਚ ਜੂਨੀਅਰ ਵਰਲਡ ਚੈਂਪੀਅਨਸ਼ਿਪ ‘ਚ ਹਿੱਸਾ ਲੈ ਚੁੱਕੀ ਹੈ ਤੇ ਇਸ ਵਾਰ ਗਗਨਜੋਤ ਨੇ ਵੀ ਆਪਣੇ ਖੇਡ ਦੇ ਦਮ ‘ਤੇ ਟੀਮ ‘ਚ ਸ਼ਿਰਕਤ ਕੀਤੀ | ਪੰਜਾਬ ਸਾਫ਼ਟਬਾਲ ਟੀਮ ਦੇ ਸਿਲਵਰ ਮੈਡਲ ਜਿੱਤਣ ‘ਤੇ ਇਸ ‘ਚ ਸ਼ਾਮਲ ਦੋਵੇਂ ਕੁੜੀਆਂ ਦੇ ਪਿੰਡ ਭਰਥਲੇ ਵਿੱਚ ਖੁਸ਼ੀ ਦਾ ਮਾਹੌਲ ਹੈ | ਦੋਵੇਂ ਬੱਚੀਆਂ ਦੀ ਦਾਦੀ ਅਤੇ ਚਾਚਾ ਹੈਪੀ ਨੇ ਖੁਸ਼ੀ ਭਰੇ ਮਾਹੌਲ ‘ਚ ਦੱਸਿਆ ਕਿ ਸਿਮਰਨਜੋਤ ਤਾਂ ਹੁਣ ਤੱਕ 10 ਤੋਂ ਜ਼ਿਆਦਾ ਮੈਡਲ ਲਿਆ ਚੁੱਕੀ ਹੈ |