ਹਲੇ ਤਾਂ ਸਮਝ ਰਿਹਾ ਹਾਂ ਤੈਨੂੰ
ਸੁਣ ਰਿਹਾ ਹਾਂ ਤੇਰੇ ਦਿਲ ਦੀ ਧੜਕਨ
ਤੇ ਜਾਣਨ ਦੀ ਕੋਸ਼ਿਸ਼ ਕਰ ਰਿਹਾ ਹਾਂ
ਕੁੱਝ ਅਣਕਹਿਆ, ਕੁੱਝ ਅਣਦੇਖਿਆ
ਹਲੇ ਤਾਂ ਤੇਰੇ ਨਾਲ਼ ਜਾਗ ਰਿਹਾ ਹਾਂ
ਤੇਰੇ ਸੰਗ ਰੰਗਲੇ ਸੁਪਨੇ ਲੈਣ ਲਈ
ਹਲੇ ਤਾਂ ਚੁੱਪ ਹੋ ਜਾਂਦਾ ਹਾਂ ਤੇਰੀਆਂ ਗੱਲਾਂ ਸੁਣ ਕੇ
ਇਹ ਚੁੱਪ ਨੂੰ ਬੋਲਾਂ ‘ਚ ਆਉਣ ਲਈ
ਥੋੜ੍ਹਾ ਵਕ਼ਤ ਜੋ ਲੱਗਦਾ ਹੈ
ਹਲੇ ਤਾਂ ਖੜ੍ਹਾ ਹਾਂ ਤੇਰੀ ਉਡੀਕ ਵਿੱਚ
ਤੇਰੇ ਹੱਥ ‘ਚ ਹੱਥ ਪਾ ਕੇ ਜੋ ਤੁਰਨਾ ਹੈ
ਹਲੇ ਤਾਂ ਤੇਰੇ ਦੁੱਖ ਹੀ ਸੁਣਦਾ ਹਾਂ
ਤੈਨੂੰ ਖ਼ੁਸ਼ ਕਰਨ ਦੇ ਅਵਸਰ ਜੋ ਪੈਦਾ ਕਰ ਰਿਹਾ ਹਾਂ
ਕਦੇ ਨਾ ਕਦੇ ਪਹੁੰਚ ਹੀ ਜਾਵਾਂਗਾ ਤੇਰੀ ਰੂਹ ਤੱਕ
ਤੇ ਤੇਰੇ ਦੱਸਣ ਤੋਂ ਪਹਿਲਾਂ ਹੀ
ਬੁੱਝ ਲਵਾਂਗਾ ਤੇਰੇ ਦਿਲ ਦੀ ਗੱਲ
ਤੂੰ ਵੀ ਕਹੇਂਗੀ, “ਬਲਜੀਤ,
ਮੈਂ ਇਹੀ ਤਾਂ ਕਹਿਣਾ ਸੀ
ਤੂੰ ਕਿਵੇਂ ਜਾਣ ਲਈ ਮੇਰੇ ਦਿਲ ਦੀ ਗੱਲ..!!!”
ਤੇ ਮੈਂ ਵੀ ਝੱਲਿਆਂ ਵਾਂਗੂੰ ਕਹਾਂਗਾ ,
“ਤੇਰੀ ਰੂਹ ਤੱਕ ਪਹੁੰਚ ਗਿਆ ਹਾਂ ਮੈਂ
ਐਵੇਂ ਨਾ ਦਿਮਾਗ਼ ‘ਤੇ ਜੋਰ ਪਾਇਆ ਕਰ
ਹੁਣ ਤੂੰ ਆਪਣੇ ਬਾਰੇ ਮੈਥੋਂ ਪੁੱਛਿਆ ਕਰ, ਝੱਲੀਏ..!!!”