ਵੰਡੋ ਪਿਆਰ ਦੀ ਮੂੰਗਫਲੀ,
ਅਪਣੱਤ ਦੀਆਂ ਰੇਉੜੀਆਂ,
ਮੋਹ ਅਹਿਸਾਸ ਦੀਆਂ ਗੱਚਕਾਂ,
ਲਾਹ ਦਿਉ ਮੱਥੇ ਦੀਆਂ ਤਿਉੜੀਆਂ,
ਪੰਨੇ ਆਕੜਾਂ ਦੇ ਸਭ ਫਾੜ ਦਿਉ,
ਲੋਹੜੀ ਦੀ ਅੱਗ ਵਿਚ ਸਭ ਨਫ਼ਰਤਾਂ ਨੂੰ ਸਾੜ ਦਿਉ ।
ਧੀਆਂ ਦੀ ਵੀ ਖੁਸ਼ੀ ਮਨਾਉ,
ਇਹਨਾ ਦੀ ਵੀ ਲੋਹੜੀ ਪਾਉ,
ਧੀਆਂ ਪੁੱਤਰਾਂ ਵਿਚ ਫ਼ਰਕ ਨਾ ਕੋਈ,
ਕਥਨ ਇਹ ਵੀ ਸੱਚ ਕਰ ਦਿਖਲਾਉ,
ਕੁੜੀ ਮੁੰਡੇ ਵਿਚ ਫ਼ਰਕ ਦਾ ਕੀੜਾ ਮਨੋਂ ਵਿਸਾਰ ਦਿਉ,
ਲੋਹੜੀ ਦੀ ਅੱਗ ਵਿਚ ਸਭ ਨਫ਼ਰਤਾਂ ਸਾੜ ਦਿਉ ।
ਭਾਈਚਾਰੇ ਦੇ ਗੀਤ ਗਾਉ,
ਰੁੱਸਿਆਂ ਨੂੰ ਪਿਆਰ ਨਾਲ ਮਨਾਉ,
ਦੁੱਲੇ ਭੱਟੀ ,ਸੁੰਦਰ-ਮੁੰਦਰੀਆਂ ਗੁਣਗੁਣਾਉ,
ਖੁਸ਼ੀ ਵੰਡੋ ਖੁਸ਼ੀ ਕਮਾਉ,
ਸਭ ਰੰਜਿਸ਼ਾਂ ਨੂੰ ਸੂਲੀ ਚਾੜ ਦਿਉ,
ਲੋਹੜੀ ਦੀ ਅੱਗ ਵਿਚ ਸਭ ਨਫ਼ਰਤਾਂ ਨੂੰ ਸਾੜ ਦਿਉ ।
ਰਲ-ਮਿਲ ਰਹੋ ਸਭ ਏਕਾ ਰੱਖੋ,
ਦੁੱਖ ਸੁੱਖ ਸਭ ਮਿਲ ਕੇ ਚੱਖੋ,
ਰਿਸ਼ਤਿਆਂ ਵਿਚੋਂ ਨਾ ਮੁਨਾਫਾ ਤੱਕੋ,
ਲਾਲਪੁਰੀ ਚੁਗਲੀ ਨਿੰਦਿਆਂ ਤੋਂ ਬੱਚੋ,
ਬਣਦੇ ਤੇਜ਼ ਤਰਾਰ ਨੇ ਜਿਹੜੇ ਜਰਾ ਤਾੜ ਦਿਉ,
ਲੋਹੜੀ ਦੀ ਅੱਗ ਵਿਚ ਸਭ ਨਫ਼ਰਤਾਂ ਨੂੰ ਸਾੜ ਦਿਉ ,
ਲੋਹੜੀ ਦੀ ਅੱਗ ਵਿਚ ਸਭ ਰੰਜਿਸ਼ਾਂ ਸਾੜ ਦਿਉ।