ਸ਼ੇਰਪੁਰ (ਹਰਜੀਤ ਕਾਤਿਲ ) ਗੁਰਦੁਆਰਾ ਨਰੈਣਸਰ ਵਿਖੇ ਚੱਲ ਰਹੇ ਧਾਰਮਿਕ ਸਮਾਗਮ ਦੌਰਾਨ ਸ੍ਰੀ
ਅਖੰਡ ਪਾਠਾਂ ਦੇ ਭੋਗ ਪਾਏ ਗਏ ਉਪਰੰਤ ਪ੍ਰਮਾਤਮਾ ਦੇ ਪ੍ਰੇਮ ਵਿੱਚ ਰੰਗੀ ਅਭੇਦ ਸ਼ਖ਼ਸੀਅਤ ਬਾਬਾ
ਨਰੈਣ ਸਿੰਘ ਮੋਨੀ ਤਪਾ ਦਰਾਜ਼ ਮੋਹਾਲੀ ਵਾਲਿਆਂ ਦੀ ਸਾਲਾਨਾ ਯਾਦ ਨੂੰ ਸਮਰਪਿਤ ਗੁਰਦੁਆਰਾ ਦੇ
ਮੁੱਖ ਸੇਵਾਦਾਰ ਬਾਬਾ ਭਰਪੂਰ ਸਿੰਘ ਜੀ ਸੇਖਾ ਝਲੂਰ ਵਾਲਿਆਂ ਵੱਲੋਂ ਬਰਸੀ ਸਮਾਗਮ ਕਰਵਾਇਆ
ਗਿਆ। ਇਸ ਧਾਰਮਿਕ ਸਮਾਗਮ ਵਿੱਚ ਵੱਖ ਵੱਖ ਸੰਪ੍ਰਦਾਇ ਦੇ ਮਹਾਂਪੁਰਸ਼ਾਂ ਤੇ ਰਾਗੀ ਜਥਿਆਂ
ਵੱਲੋਂ ਬਾਬਾ ਨਰਾਇਣ ਸਿੰਘ ਮੋਨੀ ਜੀ ਦੇ ਜੀਵਨ ਤੇ ਚਾਨਣਾ ਪਾਉਂਦਿਆਂ ਕਿਹਾ, ਕਿ ਉਨ੍ਹਾਂ ਦਾ
ਸਮੁੱਚਾ ਜੀਵਨ ਇੱਕ ਖੁੱਲ੍ਹੀ ਕਿਤਾਬ ਵਾਂਗ ਰਿਹਾ ਹੈ। ਬਾਬਾ ਜੀ ਨੇ ਆਪਣੇ ਜੀਵਨ ਕਾਲ ਸਮੇਂ
ਜਿੱਥੇ ਅਨੇਕਾਂ ਪ੍ਰਾਣੀਆਂ ਨੂੰ ਅੰਮ੍ਰਿਤ ਛਕਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ
ਲਾਇਆ, ਉਥੇ ਲੋੜਵੰਦ ਲੋਕਾਂ ਦੀ ਮੱਦਦ ਲਈ ਵੀ ਜ਼ਿੰਦਗੀ ਦਾ ਵੱਡਾ ਅਰਪਣ ਕੀਤਾ। ਇਸ ਸਮਾਗਮ
ਵਿੱਚ ਪੁੱਜੀਆਂ ਸਿੱਖ ਪੰਥ ਦੀਆਂ ਮਹਾਨ ਸ਼ਖ਼ਸੀਅਤਾਂ ਬਾਬਾ ਰਣਜੀਤ ਸਿੰਘ ਮੋਹਾਲੀ ਵਾਲੇ,
ਬਾਬਾ ਹਰਵਿੰਦਰ ਸਿੰਘ ਰੌਲੀ ਵਾਲੇ ,ਬਾਬਾ ਹਰਨੇਕ ਸਿੰਘ ਰਾਮਪੁਰ ਵਾਲੇ, ਬਲਜੀਤ ਸਿੰਘ ਖੇੜੀ
ਗੌੜਕੀਆਂ ਨੇ ਰਸ ਭਿੰਨੇ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ ਅਤੇ ਕਿਹਾ ਕਿ ਸਾਨੂੰ
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸਾਏ ਮਾਰਗ ਤੇ ਚੱਲ ਕੇ ਆਪਣਾ ਜੀਵਨ ਸਫਲ ਬਣਾਉਣਾ
ਚਾਹੀਦਾ ਹੈ । ਅੰਤ ਵਿੱਚ ਸਮਾਗਮ ਵਿੱਚ ਪੁੱਜੇ ਸੰਤ ਮਹਾਂਪੁਰਸ਼ਾਂ ਅਤੇ ਇਲਾਕੇ ਦੀਆਂ ਸੰਗਤਾਂ
ਦਾ ਧੰਨਵਾਦ ਕਰਦਿਆਂ , ਸਮਾਗਮ ਦੇ ਮੁੱਖ ਪ੍ਰਬੰਧਕ ਭਰਪੂਰ ਸਿੰਘ ਸੇਖਾ ਝਲੂਰ ਵਾਲਿਆਂ ਨੇ
ਕਿਹਾ ਕਿ ਸੰਤ ਬਾਬਾ ਨਰੈਣ ਸਿੰਘ ਮੋਨੀ ਜੀ ਇੱਕ ਮਹਾਨ ਤਪੱਸਵੀ ਮਹਾਂਪੁਰਸ਼ ਸਨ ਜਿਨ੍ਹਾਂ ਨੇ
ਆਪਣੀ ਜ਼ਿੰਦਗੀ ਲੋੜਵੰਦ ਬੇਆਸਰੇ ਲੋਕਾਂ ਲਈ ਨਿਸ਼ਾਵਰ ਕਰ ਦਿੱਤੀ ਸਾਨੂੰ ਅਜਿਹੇ ਸੰਤ ਮਹਾਂ
ਪੁਰਸ਼ਾਂ ਦੀਆਂ ਬਰਸੀਆਂ ਧੂਮ ਧਾਮ ਨਾਲ ਮਨਾਉਣੀਆਂ ਚਾਹੀਦੀਆਂ ਹਨ। ਇਸ ਮੌਕੇ ਪ੍ਰਬੰਧਕਾਂ
ਵੱਲੋਂ ਸਮਾਗਮ ਵਿਚ ਪੁੱਜੇ ਸੰਤ ਮਹਾਂਪੁਰਸ਼ਾਂ ਨੂੰ ਲੋਈਆਂ ਦੇ ਕੇ ਸਨਮਾਨਤ ਵੀ ਕੀਤਾ ਗਿਆ।
ਸਮਾਗਮ ਨੂੰ ਸਫਲ ਬਣਾਉਣ ਵਿੱਚ ਜਥੇਦਾਰ ਮੱਖਣ ਸਿੰਘ ,ਜਥੇਦਾਰ ਜਗਸੀਰ ਸਿੰਘ ਜੱਗੀ, ਜਥੇਦਾਰ
ਲਾਭ ਸਿੰਘ ,ਪ੍ਰਗਟ ਸਿੰਘ, ਸਿਮਰਨ ਸਿੰਘ ,ਮੱਖਣ ਸਿੰਘ ਤੋਂ ਇਲਾਵਾ ਇਲਾਕੇ ਦੀਆਂ ਸੰਗਤਾਂ ਦਾ
ਵਿਸ਼ੇਸ਼ ਯੋਗਦਾਨ ਰਿਹਾ ।