ਦਿਲਬਰ ਤੇਰੀਆਂ ਚਿੱਠੀਆਂ ਦੇ ਮੈਂ ਅੱਖਰ ਰੋਂਦੇ ਵੇਖੇ ਨੇ ।
ਜਿਸ ਨਦੀ ਕਿਨਾਰੇ ਮਿਲਦੇ ਸੀ ਓ ਪੱਥਰ ਰੋਂਦੇ ਵੇਖੇ ਨੇ।
ਅਸੀਂ ਵੇਖੇ ਨੇ ਦਮ ਤੋੜ ਗਏ ਫੁੱਲ ਸਾਰੇ ਓਸ ਬਗੀਚੀ ਦੇ।
ਜਿਸ ਬਾਗ ਦੇ ਵਿੱਚ ਗਵਾਚੇ ਸੀ ਦੋ ਛੱਲੇ ਖੱਬੀ ਚੀਚੀ ਦੇ।
ਉਸ ਚੀਚੀ ਉਤੇ ਸੁਣਿਆ ਏ ਨਿਸ਼ਾਨ ਅਜੇ ਵੀ ਬਾਕੀ ਏ।
ਸਹਿਕਦੇ ਹੋਏ ਅਰਮਾਨਾਂ ਵਿੱਚ ਜਾਨ ਅਜੇ ਵੀ ਬਾਕੀ ਏ।
ਹਾਂ ਬਾਕੀ ਨੇ ਮੇਰੇ ਰਾਹਾਂ ਵਿੱਚ ਨਿਸ਼ਾਨ ਤੇਰਿਆ ਪੈਰਾਂ ਦੇ।
ਸ਼ਾਮ ਗਈ ਢਲ ਜ਼ਿੰਦਗੀ ਦੀ ਵਿਛੜੇ ਅਸੀਂ ਦੁਪਹਿਰਾਂ ਦੇ।
ਯਾਰ ਦੁਪਹਿਰਾਂ ਵੇਲੇ ਹੀ ਮੈਨੂੰ ਕਰਨ ਟਕੋਰਾਂ ਆਏ ਸੀ।
ਕੁਝ ਹਿੱਕ ਤਾਣ ਕੇ ਆਏ ਸੀ ਕੁਝ ਵਾਂਗ ਚੋਰਾਂ ਆਏ ਸੀ।
ਆਏ ਨੇ ਕੁਝ ਬਦਲਾਵ ਜਿਹੇ ਤੇਰੇ ਮਗਰੋਂ ਮੇਰੇ ਜੀਵਨ ਵਿਚ।
ਕੁਝ ਹੰਝੂ ਬਿਲਕੁਲ ਕੌੜੇ ਜਹੇ ਕੁਝ ਖਾਰੇ ਖਾਰੇ ਪੀਵਣ ਵਿਚ।
ਮੈਂ ਸਾਰਾ ਜੀਵਨ ਬਿਨ ਤੇਰੇ ਇਕ ਰੋੜੇ ਵਾਂਙ ਗੁਜ਼ਾਰ ਲਿਆ ।
ਜਿਸ ਦਾ ਵੀ ਦਿਲ ਕੀਤਾ ਆਓਂਦਾ ਜਾਂਦਾ ਠੋਕਰ ਮਾਰ ਗਿਆ।
ਮਾਰ ਗਿਆ ਇਕ ਫਿਕਰ ਮੈਨੂੰ ਓ ਦਿਲ ਦੇ ਕਿੰਨੇ ਕਾਲੇ ਨੇ।
ਮੈਂ ਜੀਦੇ ਪਿੱਛੇ ਜ਼ਿੰਦਗੀ ਦੇ ਕਈ ਸਾਲ ਕੀਮਤੀ ਗਾਲੇ ਨੇ।
——————————