ਅਦਾਕਾਰੀ ਦਾ ਆਧਾਰ ਸਟੇਜੀ ਨਾਟਕ ਨੂੰ ਮੰਨਿਆ ਜਾਂਦਾ ਹੈ।ਨਾਟਕ ਮੰਡਲੀ ਦੇ ਕਲਾਕਾਰਾਂ ਵਿੱਚ ਸ਼ਖਸ਼ੀਅਤ ਅਤੇ ਅਦਾਕਾਰੀ ਦੇ ਨਾਲ ਨਾਲ ਆਵਾਜ਼ ਵਿੱਚ ਵੀ ਪਰਪੱਕਤਾ, ਦ੍ਰਿੜਤਾ ਅਤੇ ਸੁਰੀਲਾਪਣ ਆ ਜਾਣਾ ਲਾਜ਼ਮੀ ਹੈ।ਪਰ ਜੇ ਉਸ ਪਰਪੱਕ ਅਤੇ ਸੁਰੀਲੀ ਆਵਾਜ਼ ਨੂੰ ਸੰਗੀਤ ਦੀਆਂ ਧੁਨਾਂ ਦੀ ਟਕਸਾਲ ਵਿੱਚ ਰਿਆਜ ਦੀ ਕੁਠਾਲੀ ਵਿੱਚ ਪਾਕੇ ਚੰਡ ਲਿਆ ਜਾਵੇ ਤਾਂ ਸੁਰੀਲੀ ਹੀ ਨਹੀਂ ,ਦਿਲ ਨੂੰ ਛੂੰਹਣ ਵਾਲੀ ਆਵਾਜ਼ ਪੈਦਾ ਹੋਵੇਗੀ।ਕੁਝ ਐਸਾ ਹੀ ਵਾਪਰਿਆ ਹੈ ਗਾਇਕ ਗਿੰਦਾ ਔਜਲਾ ਨਾਲ।
ਗਿੰਦਾ ਔਜਲਾ ਯਾਰਾਂ ਦਾ ਯਾਰ ਗਾਇਕ ਹੈ।ਉਸ ਦੀ ਆਵਾਜ਼ ਵਿੱਚ ਮਿਠਾਸ ਅਤੇ ਸੁਰੀਲਾਪਣ ਹੈ।ਉਹ ਹਰ ਇਕ ਮਿਲਣ ਵਾਲੇ ਨੂੰ ਪਹਿਲੀ ਮਿਲਣੀ ਚ ਆਪਣਾ ਬਣਾ ਕੇ ਮੋਹ ਲੈਂਦਾ ਹੈ।ਉਸਦੇ ਗੀਤਾਂ ਦੇ ਬੋਲਾਂ ਵਿੱਚ ਪੰਜਾਬੀ ਸੱਭਿਆਚਾਰਕ ਕਦਰਾਂ ਕੀਮਤਾਂ,ਪੰਜਾਬੀ ਮਾਂ ਬੋਲੀ ਦੇ ਪਿਆਰ , ਸਮਾਜਿਕ ਰਿਸ਼ਤਿਆਂ ਦੀ ਝਲਕ ਪੈਂਦੀ ਹੈ।ਉਸਦੇ ਗੀਤਾਂ ਦੇ ਬੋਲ ਸਿਖ਼ਰ ਦੁਪਹਿਰੇ ਤਪਦੇ ਰੇਤ ਉੱਤੇ ਡਿੱਗੀ ਕਣੀ ਦੀ ਠੰਡਕ ਜਿਹਾ ਅਹਿਸਾਸ ਕਰਾਉਂਦੇ ਹਨ।ਉਸਦਾ ਕਹਿਣਾ ਹੈ ਕਿ ਗੁਰਸ਼ਰਨ ਸਿੰਘ ਭਾਅ ਜੀ ਉਸਦੇ ਕਲਾ ਗੁਰੂ ਹਨ।ਉਹ ਭਾਅ ਜੀ ਨਾਲ ਨਾਟਕ ਮੰਡਲੀ ਵਿੱਚ ਨਾਟਕ ਖੇਡਿਆ ਕਰਦਾ ਸੀ।ਨਾਟਕ ਦੀ ਸਥਿਤੀ ਮੁਤਾਬਿਕ ਕਿਸੇ ਗੀਤ ਦੇ ਬੋਲ ਜਾਂ ਬੋਲੀ ਪਾਉਣ ਦਾ ਉਸਨੂੰ ਮੌਕਾ ਮਿਲਦਾ ਸੀ।ਭਾਅ ਜੀ ਦੀ ਪ੍ਰੇਰਨਾ ਸਦਕਾ ਅਤੇ ਉਹਨਾਂ ਦੀ ਸ਼ਾਗਿਰਦੀ ਚ ਸਾਲ 2000 ਚ ਗਿੰਦਾ ਔਜਲਾ ਪੂਰੀ ਤਰ੍ਹਾਂ ਗਾਇਕੀ ਨੂੰ ਸਮਰਪਿਤ ਹੋ ਗਏ।ਉਹਨਾਂ ਦੇ ਗਾਏ ਗੀਤਾਂ ਨੂੰ ਸਰੋਤਿਆਂ ਨੇ ਅਥਾਹ ਪਿਆਰ ਦਿੱਤਾ।ਉਸਦੇ ਗਾਏ ਗੀਤ
“ਬਾਬਲ ਵੇ ਧੀਆਂ ਜੰਮਦੀਆਂ ਹੋਣ ਪਰਾਈਆਂ,
ਭੋਅਲੇ ਦੀ ਬਾਰਾਤ,
ਤੂੰਬਾ ਤੁਣਕ ਤੁਣਕ ਪਿਆ ਗਾਵੇ ਮਹਿਮਾ ਸਾਂਈ ਦੀ,
ਜੈ ਬੋਲੋ ਨਗਰ ਖੇੜੇ ਦੀ,
ਵਰਗੇ ਗੀਤ ਗਾਕੇ ਵਧੀਆ ਗਾਇਕ ਹੋਣ ਸਬੂਤ ਦਿੱਤਾ ਹੈ।ਉਹਦੀ ਆਵਾਜ਼ ਵਿੱਚ ਸੁਰੀਲਾਪਣ ਹੈ, ਕਸ਼ਿਸ਼ ਹੈ, ਖਿੱਚ ਹੈ।ਸੂਫੀਆਨਾ ਅੰਦਾਜ਼ ਉਸਨੂੰ ਜਿਆਦਾ ਭਾਉਂਦਾ ਹੈ।ਸਰੋਤਿਆਂ ਤੋਂ ਉਸਨੂੰ ਆਥਾਹ ਪਿਆਰ ਮਿਲਿਆ ਹੈ।ਇਸ ਤੋਂ ਇਲਾਵਾ ਉਹ ਕੲਈ ਟੀਵੀ ਸੀਰੀਅਲਾਂ ਵਿੱਚ ਆਪਣੀ ਅਦਾਕਾਰੀ ਦਾ ਪ੍ਰਦਰਸ਼ਨ ਕਰ ਚੁੱਕਿਆ ਹੈ।
ਹੁਣੇ ਹੁਣੇ ਉਸਨੇ ਆਪਣਾ ਨਵਾਂ ਦੋਗਾਣਾ ਗੀਤ “ਜੱਟ ਫੋਰ x ਫੋਰ” ਸਰੋਤਿਆਂ ਦੀ ਕਚਹਿਰੀ ਵਿੱਚ ਪੇਸ਼ ਕੀਤਾ ਹੈ।ਇਸ ਗੀਤ ਵਿਚ ਉਸਦਾ ਸਾਥ ਦਿੱਤਾ ਹੈ ਸੁਰਾਂ ਅਤੇ ਹੁਸਨ ਮਲਕਾ ਗੁਰਲੇਜ਼ ਅਖਤਰ ਨੇ।ਉਸਨੇ ਦੱਸਿਆ ਕਿ ਦੋਗਾਣਿਆਂ ਦੇ ਦੌਰ ਉਸਦੀ ਏ ਮਾਣਮੱਤੀ ਪੇਸ਼ਕਸ਼ ਹੈ।ਦੋਵਾਂ ਨੇ ਗੀਤ ਬਹੁਤ ਵਧੀਆ ਅੰਦਾਜ਼ ਅਤੇ ਸਹੂਰ ਚ ਗਾਇਆ ਹੈ।ਗੀਤ ਚ ਅਲੱਗਤਾ ਅਤੇ ਸਥਿਰਤਾ ਸਾਫ ਨਜ਼ਰ ਆਉਂਦੀ ਹੈ ਅਤੇ ਗੀਤ ਦਾ ਸੰਗੀਤ ਅਤੇ ਸ਼ਬਦਾਵਲੀ ਦਿਲ ਨੂੰ ਟੁੰਬਦੀ ਹੈ।ਇਸ ਗੀਤ ਨੂੰ ਸ਼ਬਦਾਂ ਦੇ ਮਣਕਿਆਂ ਦੀ ਮਾਲਾ ਵਿੱਚ ਪ੍ਰੋਰਿਆ ਹੈ, ਗੀਤਕਾਰ ਸੰਮੀ ਟੱਪਰਿਆਂ ਵਾਲਾ ਨੇ ਅਤੇ ਸੰਗੀਤਕ ਧੁਨਾਂ ਐਸ ਸੋਨੂੰ ਮਿਊਜੀਕਲਜ ਨੇ ਦਿੱਤੀਆਂ ਹਨ।ਬਲਿਹਾਰ ਸ਼ੇਰਗਿੱਲ ਦੀ ਡਾਇਰੈਕਸ਼ਨ ਹੇਠ ਸਾਇਆ ਫਿਲਮਜ਼ ਦੇ ਨੇ ਦਿਲਕਸ਼ ਲੋਕੇਸ਼ਨਾਂ ਤੇ ਵੀਡੀਓ ਬਣਾਈ ਹੈ।ਸ਼ਿਵਰੰਜਨੀ ਰਿਕਾਰਡਜ਼ ਅਤੇ ਔਜਲਾ ਰਿਕਾਰਡਜ਼ ਦੀ ਸਾਂਝੀ ਇਸ ਪੇਸ਼ਕਸ਼ ਨੂੰ ਸਰੋਤਿਆਂ ਦਾ ਦੇਸ਼ ਵਿਦੇਸ਼ ਤੋਂ ਭਰਵਾਂ ਪਿਆਰ ਮਿਲ ਰਿਹਾ ਹੈ।