ਭਗਤ ਸਿੰਘ ਅਤੇ ਭਟਕੇਸ਼ਵਰ- ਬੀ: ਕੇ ਦੱਤ ਨੇ
ਅਸੰਬਲੀ ਹਾਲ ਅੰਦਰ ਬੰਬ ਸੁੱਟਕੇ ਵਲੈਤੀਆਂ ਨੂੰ
ਭਾਜੜਾਂ ਪਾ ਦਿੱਤੀਆਂ।
~~~~~~
“ਸ਼ਾਇਰ ਢਾਡੀ ਆਜ਼ਾਦ ਮੀਆਂਪੁਰੀ”
-::::-
“ਭਗਤ” ਦੀ ਕੀਤਾ ਜਾਂ ਇਸ਼ਾਰਾ ਅੱਖ ਨੇ
ਮਾਰਿਆ ਵਗਾਹਕੇ ਬੰਬ ਬੀ ਕੇ ਦੱਤ ਨੇ
ਜਿੱਤਣੀ ਆਜ਼ਾਦੀ ਵਾਲੀ ਜੰਗ ਸ਼ੇਰਾਂ ਨੇ
ਸੁੱਟਿਆ ਅਸੰਬਲੀ ਚ’ ਬੰਬ ਹੇਰਾਂ ਨੇ
ਅੱਠ ਅਪ੍ਰੈਲ ਉੱਨੀ ਸੌ ਉਣੱਤੀ ਸੀ
ਯੋਧਿਆਂ ਦੇ ਮਨਾਂ ਵਿੱਚ ਅੱਗ ਮਚੀ ਸੀ
ਤੋੜਨੇ ਫਰੰਗੀਆਂ ਦੇ ਖੰਭ ਸ਼ੇਰਾਂ ਨੇ
ਸੁੱਟਿਆ ਅਸੰਬਲੀ ਚ’ ਬੰਬ ਸ਼ੇਰਾਂ ਨੇ
ਇੰਨਕਲਾਬ ਜਿੰਦਾਬਾਦ ਨਾਹਰਾ ਬੋਲਿਆ
ਗੋਰਿਆਂ ਦਾ ਬਬਰਾਂ ਕਪਾਟ ਖੋਲ੍ਹਿਆ
ਕਰਤਾ ਐਲਾਨ ਯੋਧੇ ਯੰਗ ਸ਼ੇਰਾਂ ਨੇ
ਸੁੱਟਿਆ ਅਸੰਬਲੀ ਚ’ ਬੰਬ ਸ਼ੇਰਾਂ ਨੇ
ਗੈਲਰੀ ਚ ਗੋਰਿਆਂ ਨੂੰ ਪਈਆਂ ਭਾਜੜਾਂ
ਗਰਜੇ ਗੁਰੀਲੇ ਰੁਕ ਗਈਆਂ ਭਾਜੜਾਂ
ਠਹਿਰੋ, ਖੜੋ, ਸੁਣੋ , ਰੱਖੀ ਮੰਗ ਸ਼ੇਰਾਂ ਨੇ
ਸੁੱਟਿਆ ਅਸੰਬਲੀ ਚ ਬੰਬ ਸ਼ੇਰਾਂ ਨੇ
ਕੁਰਸੀਆਂ ਟੇਬਲਾਂ ਦੇ ਥੱਲੇ ਲੁਕਿਓ
ਵਾਹ ਵਾਹ ਵਾਹ, ਬੱਲੇ ਬੱਲੇ ਛੁਪਿਓ
ਬੋਲੇ ਬੋਲ ਖਰੇ ਯਕਲੰਭ ਸ਼ੇਰਾਂ ਨੇ
ਸੁੱਟਿਆ ਅਸੰਬਲੀ ਚ’ ਬੰਬ ਸ਼ੇਰਾਂ ਨੇ
ਗੂੰਗੇ ਬਹਿਰੇ ਬੋਲਿਓ ਵਲੈਤੀ ਬਿੱਲਿਓ
ਸੁਣ ਲਓ ਪੈਗ਼ਾਮ ਚੀਖ਼ਿਓ ਨਾ ਹਿੱਲਿਓ
ਭੰਨਣੀ ਤੜੱਕ ਜਿੰਦ ਵੰਗ ਸ਼ੇਰਾਂ ਨੇ
ਸੁੱਟਿਆ ਅਸੰਬਲੀ ਚ’ ਬੰਬ ਸ਼ੇਰਾਂ ਨੇ
ਲਾਉਂਦੇ ਓ ਕਾਨੂੰਨ ਨਿੱਤ ਘੜ ਘੜਕੇ
ਹੁਣ ਨਹੀਂਓਂ ਜੀਣਾ ਅਸੀਂ ਡਰ ਡਰਕੇ
ਚੁੱਕ ਦੇਣੀ ਖੁਸ਼ਕੀ ਤੇ ਖੰਘ ਸ਼ੇਰਾਂ ਨੇ
ਸੁੱਟਿਆ ਅਸੰਬਲੀ ਚ ਬੰਬ ਸ਼ੇਰਾਂ ਨੇ
“ਆਜ਼ਾਦ ਮੀਆਂਪੁਰੀ” ਮਰਦਾਂ ਨੂੰ ਮੇਹਣਾ ਏ
ਆਜ਼ਾਦੀ ਅਧਿਕਾਰ, ਨਾ ਗੁਲਾਮ ਰਹਿਣਾ ਏ
ਲੈਣੇ ਹੱਕ ਹੱਦਾਂ ਵੀ ਉਲੰਘ ਸ਼ੇਰਾਂ ਨੇ
ਸੁੱਟਿਆ ਅਸੰਬਲੀ ਚ’ ਬੰਬ ਸ਼ੇਰਾਂ ਨੇ