ਅੰਮ੍ਰਿਤਸਰ, 29 ਮਾਰਚ (ਬਿੳੂਰੋ): ਫਿਲਮ ਨਾਨਕ ਸ਼ਾਹ ਫ਼ਕੀਰ ਦੇ ਵਿਵਾਦ ਨੂੰ ਲੈ ਕੇ
ਦੇਸ਼-ਵਿਦੇਸ਼ ਦੀਆਂ ਸੰਗਤਾਂ ਸਰਗਰਮ ਹੋ ਚੁੱਕੀਆਂ ਹਨ ਤੇ ਇਸ ਦਾ ਭਾਰੀ ਵਿਰੋਧ ਵੇਖਣ ਨੂੰ ਮਿਲ
ਰਿਹਾ ਹੈ। ਅੱਜ ਇਥੇ ਨੌਜਵਾਨ ਸੰਘਰਸ਼ਸ਼ੀਲ ਪੰਥਕ ਜਥੇਬੰਦੀ ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ
ਦੇ ਸੀਨੀਅਰ ਮੀਤ ਪ੍ਰਧਾਨ ਭਾਈ ਰਣਜਤਿ ਸਿੰਘ ਦਮਦਮੀ ਟਕਸਾਲ ਨੇ ਜਾਰੀ ਇੱਕ ਮੀਡੀਆ ਬਿਆਨ ‘ਚ
ਕਿਹਾ ਹੈ ਕਿ ਖ਼ਾਲਸਾ ਪੰਥ ਵੱਲੋਂ ਤਿੰਨ ਸਾਲ ਪਹਿਲਾਂ ਨਕਾਰੀ ਗਈ ਫਿਲਮ ਨਾਨਕ ਸ਼ਾਹ ਫ਼ਕੀਰ ਨੂੰ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਲੀਨ ਚਿੱਟ ਦੇ ਕੇ ਸਿੱਖ ਧਰਮ ਦੇ ਬੁਨਿਆਦੀ
ਸਿਧਾਂਤ ਨੂੰ ਸੱਟ ਮਾਰੀ ਹੈ ਜੋ ਸਿੱਖ ਕੌਮ ਉੱਤੇ ਅਸਹਿਣਯੋਗ ਤੇ ਨਾ ਬਰਦਾਸ਼ਤਯੋਗ ਹੱਲਾ ਹੈ।
ਜਿਸ ਨਾਲ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨਾਲ ਖਿਲਵਾੜ ਕੀਤਾ ਗਿਆ ਹੈ ਪਰ ਇਸ ਫਿਲਮ ਨੂੰ
ਸਿੱਖ ਕੌਮ ਕਦਾਚਿਤ ਵੀ ਬਰਦਾਸ਼ਤ ਨਹੀਂ ਕਰੇਗੀ। ਫ਼ੈਡਰੇਸ਼ਨ ਆਗੂ ਨੇ ਕਿਹਾ ਕਿ ਸਿੱਖ ਧਰਮ ਵਿੱਚ
ਦਸ ਗੁਰੂ ਸਾਹਿਬਾਨਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਅਤੇ ਹੋਰ ਰੱਬੀ ਰੰਗ ਚ ਰੰਗੀਆਂ ਸਤਿਕਾਰਤ
ਤੇ ਮਹਾਨ ਸਖਸ਼ੀਅਤਾਂ ਦਾ ਕਿਰਦਾਰ ਕੋਈ ਵੀ ਨਿਭਾਅ ਨਹੀਂ ਸਕਦਾ। ਇਸ ਲਈ ਅਜਿਹੇ ਵਰਤਾਰੇ ਨੂੰ
ਤੁਰੰਤ ਠੱਲ੍ਹਣ ਦੀ ਸਖਤ ਲੋੜ ਹੈ, ਨਹੀਂ ਤਾਂ ਭਵਿੱਖ ਵਿੱਚ ਇਹ ਰੁਝਾਨ ਬਹੁਤ ਖ਼ਤਰਨਾਕ ਸਾਬਤ
ਹੋਵੇਗਾ ਜਿਸ ਨੂੰ ਬਾਅਦ ਚ ਰੋਕਣ ਦਾ ਕੋਈ ਹੀਲਾ-ਵਸੀਲਾ ਨਹੀਂ ਬਚੇਗਾ ਤੇ ਆਖਰ ਪਛਤਾਉਣਾ
ਪਵੇਗਾ। ਉਨ੍ਹਾਂ ਕਿਹਾ ਕਿ ਬਹੁਤ ਡੂੰਘੀ ਤੇ ਸੋਚੀ ਸਮਝੀ ਸਾਜਿਸ਼ ਅਧੀਨ ਇਸ ਫਿਲਮ ਨੂੰ
ਸਿਨੇਮਾਂ ਘਰਾਂ ‘ਚ ਉਤਾਰਿਆ ਜਾ ਰਿਹਾ ਹੈ ਤਾਂ ਜੋ ਅਗਲੇਰੇ ਸਮੇਂ ਚ ਗੁਰੂ ਸਾਹਿਬਾਨਾਂ ਦੇ
ਰੋਲ ਨਿਭਾਉਣ ਦੀ ਪਿਰਤ ਚੱਲ ਜਾਵੇ ਤੇ ਰਾਮ-ਲੀਲਾ ਦੀਆਂ ਝਾਕੀਆਂ ਵਾਂਗ ਸਿੱਖਾਂ ਦੇ ਗੁਰੂਆਂ
ਦਾ ਰੱਜ ਕੇ ਮਜਾਕ ਅਤੇ ਖਿੱਲੀ ਉਡਾਈ ਜਾਵੇ। ਭਾਈ ਰਣਜੀਤ ਸਿੰਘ ਨੇ ਕਿਹਾ ਕਿ ਸਿੱਖ ਧਰਮ ਦੇ
ਮੋਢੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਤਾਂ ਅਕਾਲ ਪੁਰਖ ਵਾਹਿਗੁਰੂ ਦਾ ਸਰੂਪ ਸਨ
ਤੇ ਭਾਈ ਮਰਦਾਨਾ ਜੀ ਅਤੇ ਭੈਣ ਨਾਨਕੀ ਜੀ ਨੇ ਜਿੰਦਗੀ ਦਾ ਲੰਮਾ ਸਮਾਂ ਉਨ੍ਹਾਂ ਦਾ ਸਾਥ
ਮਾਣਿਆ। ਇਨ੍ਹਾਂ ਇਲਾਹੀ ਨੂਰਾਂ ਦਾ ਕਿਰਦਾਰ ਨਿਭਾਉਣ ਦੀ ਪੰਥ ਕਿਸੇ ਨੂੰ ਵੀ ਆਗਿਆ ਨਹੀਂ
ਦਿੰਦਾ ਤੇ ਸ਼੍ਰੋਮਣੀ ਕਮੇਟੀ ਅਤੇ ਤਖ਼ਤਾਂ ਦੇ ਸਰਕਾਰੀ ਜਥੇਦਾਰਾ ਨੇ ਭਾਰੀ ਪਾਪ ਕਮਾਇਆ ਹੈ ਤੇ
ਫਿਲਮ ਦਾ ਪ੍ਰੋਡਿਊਸਰ ਹਰਿੰਦਰ ਸਿੱਕਾ ਸਭ ਤੋਂ ਵੱਡਾ ਦੋਸ਼ੀ ਤੇ ਪੰਥ ਦਾ ਗੁਨਾਹਗਾਰ ਹੈ।
ਉਨ੍ਹਾਂ ਐਲਾਨ ਕੀਤਾ ਕਿ ਕਿਸੇ ਵੀ ਹਾਲਤ ‘ਚ ਇਹ ਫਿਲਮ ਚੱਲਣ ਨਹੀਂ ਦਿਆਂਗੇ ਤੇ ਫ਼ੈਡਰੇਸ਼ਨ ਇਸ
ਦਾ ਬਾਈਕਾਟ ਕਰਦੀ ਹੋਈ ਖੁੱਲ ਕੇ ਵਿਰੋਧ ਕਰੇਗੀ।