ਮੇਰੇ ਮੂੰਹ ਤੇ ਮੇਰੇ ਹੁੰਦੇ, ਤੇਰੇ ਮੂੰਹ ਤੇ ਤੇਰੇ,
ਹੁੰਦੇ ਅੱਜਕਲ੍ਹ ਇਨਸਾਨਾਂ ਦੇ, ਗਿਰਗਟ ਵਰਗੇ ਚਿਹਰੇ।
ਜਿਸਦੀ ਮੰਨ ਲਉ ਚੁੱਪ ਕਰਕੇ ਹੀ, ਉਹ ਤਾਂ ਖੁਸ਼ ਹੋ ਜਾਂਦਾ,
ਮੰਨੀ ਨਾ ਤੂੰ ਜਿਸਦੀ ਸੱਜਣਾ, ਉਸਨੇ ਬੁੱਲ੍ਹ ਨੇ ਟੇਰੇ।
ਥਾਪੜ ਥਾਪੜ ਸੀਨਾ ਕਹਿੰਦੇ,ਅਪਣੀ ਜਾਨ ਦਿਆਂਗੇ,
ਭੀੜ ਪਈ ਤੇ ਮੇਰੇ ਨਾ ਉਹ, ਓਦਾਂ ਯਾਰ ਬਥੇਰੇ।
ਤੇਰਾ ਆਉਣਾ ਕਿੱਦਣ ਹੋਣਾ, ਕਾਵਾਂ ਨਾਹੀਂ ਦੱਸਿਆ,
ਕਾਵਾਂ ਨੂੰ ਤਾਂ ਭੁੱਲੇ ਲੱਗਦੇ, ਜਿੱਦਾਂ ਹੋਣ ਬਨੇਰੇ।
ਪਿੱਠ ਦੇ ਉੱਤੇ ਵਾਰ ਕਰੇਂਦਾ, ਜਿਹੜਾ ਨੇੜੇ ਹੋਏ,
ਮਗਰਾਂ ਵਾਲੇ ਵੱਡੇ ਵੱਡੇ, ਉਹ ਵੀ ਹੰਝੂ ਕੇਰੇ।
ਮੀਆਂ ਮਿੱਠੂ ਬਣਕੇ ਬਾਹਲੇ, ਡੱਕਾ ਨਾ ਇੱਕ ਭੰਨਦੇ,
ਇਹ ਵੀ ਜਾਦੂ ਹੀ ਹੈ ਹੁੰਦਾ, ਪੱਲੇ ਨਾਹੀਂ ਮੇਰੇ।
ਰਹਿਣੇ ਏਹੋ ਅਸਮਾਨ ਸਦਾ, ਏਹੀ ਸੂਰਜ ਤਾਰੇ,
ਏਦਾਂ ਹੀ ਨੇ ਵਰ੍ਹਦੇ ਰਹਿਣੇ, ਬੱਦਲ ਖੂਬ ਘਨੇਰੇ।
ਹਰਦੀਪ ਬਿਰਦੀ