ਸ਼ਾਵਾ ਵਿਸਾਖੀ ਆਈ ਏ।
ਸ਼ਾਵਾ ਵਿਸਾਖੀ ਆਈ ਏ।
ਕਣਕਾਂ ਨੇ ਰੰਗ ਵਟਾਇਆ ਹੈ ।
ਸੋਨੇ ਦਾ ਰੰਗ ਚੜਾਇਆ ਹੈ ।
ਇਹ ਸਿੱਟੇ ਲੈਣ ਹੁਲਾਰੇ ਨੇ ।
ਇਹ ਹਿਲੱ-ਹਿੱਲ ਕਰਨ ਇਸ਼ਾਰੇ ਨੇ।
ਉਪਰ ਕਸੀਰਾਂ ਨੇ ਝਾਲਰ ਲਾਈ ਏ।
ਸ਼ਾਵਾ ਵਿਸਾਖੀ ਆਈ ਏ।
ਰਲ ਬੈਠਾਂ ਗੇ ਠੰਢੀਆਂ ਛਾਵਾਂ ਵਿੱਚ ।
ਸਜਣਾਂ ਦੇ ਆਉਣ ਦੇ ਚਾਵਾਂ ਵਿੱਚ ।
ਭੰਗੜੇ ਪਾ ਕੇ ਜਸ਼ਨ ਮਨਾਵਾਂਗੇ। ਨਾਲੇ ਗੀਤ ਖ਼ੁਸ਼ੀ ਦੇ
ਗਾਵਾਂਗੇ।
ਸਧਰਾਂ ਦੀ ਮਸਤੀ ਛਾਈ ਏ।
ਸ਼ਾਵਾ ਵਿਸਾਖੀ ਆਈ ਏ।
ਖੇਤਾਂ ਦੇ ਵੱਲ ਵੀ ਜਾਵਾਂ ਗੇ।
ਮਿੱਠੀਆਂ ਗੋਲਾਂ ਤੋੜ ਲਿਆਵਾਂਗੇ।
ਠੰਢੀਆਂ – ਤੱਤੀਆਂ ‘ਵਾਵਾਂ ਦੇ ਵਿੱਚ ।
ਮਸਤ ਤੇ ਸ਼ੋਖ ਅਦਾਵਾਂ ਦੇ ਵਿੱਚ ।
ਸਾਰਾ ਮੌਸਮ ਚਾਈਂ -ਚਾਈਂ ਏ।
ਸ਼ਾਵਾ ਵਿਸਾਖੀ ਆਈ ਏ।
ਮੇਲੇ ਦੇ ਵਿੱਚ ਜਾਵਾਂਗੇ ।
ਲੱਡੂ -ਜਲੇਬੀਆਂ ਵੀ ਖਾਵਾਂਗੇ ।
ਉਹ ਵੱਡੇ ਭੰਗੂੜੇ ਝੂਟਾਂਗੇ।
ਉਹ ਸਭ ਨਜ਼ਾਰੇ ਲੁਟਾਂਗੇ।
ਚਿਹਰੇ ‘ਤੇ ਰੌਣਕ ਆਈ ਏ।
ਸ਼ਾਵਾ ਵਿਸਾਖੀ ਆਈ ਏ।
ਅੰਬਾਂ ਨੂੰ ਅੰਬੀਆਂ ਲਗੀਆਂ ਨੇ।
ਇਹ ਪੱਤਿਆਂ ਦੇ ਵਿੱਚ ਸਜੀਆਂ ਨੇ।
ਬਾਗਾਂ ਦੇ ਵਿੱਚ ਕੋਇਲ ਗਾਉਂਦੀ ਏ।
ਮਿੱਠੀ ਕੂਕ ਸੁਣਾਉਂਦੀ ਏ।
ਇਹ ਵਖਰੀ ਰੌਣਕ ਲਾਈ ਏ।
ਸ਼ਾਵਾ ਵਿਸਾਖੀ ਆਈ ਏ।
ਹੋਇਆ ਸਜਣਾਂ ਦੇ ਨਾਲ ਮੇਲ ਜਿਹਾ ।
ਇਹ ਰੱਬ ਦਾ ਹੀ ਹੈ ਖੇਲ ਜਿਹਾ।
ਨਾ ਗਿਲੇ -ਸ਼ਿਕਵੇ ਰਹਿ ਗਏ ਨੇ।
ਪੇਚ ਮੁਹੱਬਤਾਂ ਵਾਲੇ ਪੈ ਗਏ ਨੇ।
ਸੱਜਣਾਂ ਨੇ ਫੇਰੀ ਪਾਈ ਏ।
ਸ਼ਾਵਾ ਵਿਸਾਖੀ ਆਈ ਏ।
ਉਹ ਕਿਰਸਾਨ ਵੀ ਭੰਗੜਾ ਪਾਉਂਦਾ ਏ।
ਇਹ ਨੱਚਦਾ -ਟੱਪਦਾ ਆਉਂਦਾ ਏ।
ਫ਼ਸਲਾਂ ਦੀ ਖ਼ੁਮਾਰੀ ਚੜ੍ਹ ਗਈ ਏ।
ਮੁੱਛ ਗਭਰੂ ਦੀ ਵੀ ਖੜ੍ਹ ਗਈ ਏ।
‘ ਘੇਸਲ ‘ ਮਿਹਨਤ ਰੰਗ ਲਿਆਈ ਏ।
ਸ਼ਾਵਾ ਵਿਸਾਖੀ ਆਈ ਏ।