ਇੱਕ ਹੋਰ ਪੱਖ ਦੇਖਣਯੋਗ ਦਿਸੇਗਾ ਮਾਂ ਬੋਲੀ ਪੰਜਾਬੀ ਨੂੰ ਸਰਕਾਰੀ ਸਕੂਲਾਂ ਵਿੱਚ ਪੜ੍ਹਾਈ ਕਰਵਾਉਣ ਦੇ ਮਾਧਿਅਮ ਅਤੇ ਬੋਲ ਚਾਲ ਦੀ ਭਾਸ਼ਾਈ ਤਰਜੀਹ ਦੇ ਰੂਪ ਵਿੱਚ ਵੀ ਹੌਲੀ ਹੌਲੀ ਰਾਜਨੀਤਕ ਸਮਾਜਿਕ ਆਰਥਿਕ ਮਾਹੌਲ ਬਣਾ ਕੇ ਪ੍ਰਾਈਵੇਟ ਨਿੱਜੀ ਸਕੂਲਾਂ ਦੀਆਂ ਉਦਾਹਰਨਾਂ ਦੇ ਕੇ ਗਰੀਬ ਮਾਪਿਆਂ ਨੂੰ ਉਨ੍ਹਾਂ ਦੇ ਬੱਚਿਆਂ ਦੇ ਸੁਨਹਿਰੀ ਭਵਿੱਖ ਲਈ ਭੁਲੇਖਾ ਪਾਊ ਸਬਜ਼ਬਾਗ ਦਿਖਾ ਕੇ ਪੂਰੀ ਤਰ੍ਹਾਂ ਮਾਂ ਬੋਲੀ ਦੀ ਬਜਾਏ ਅੰਗਰੇਜ਼ੀ ਹਿੰਦੀ ਵੱਲ ਰੁਚਿਤ ਮਾਹੌਲ ਬਣਾ ਕੇ ਮਾਂ ਬੋਲੀ ਪੰਜਾਬੀ ਨੂੰ ਪੂਰੀ ਤਰ੍ਹਾਂ ਖੂੰਜੇ ਲਗਾਉਣ ਵਾਲਾ ਕੰਮ ਵੀ ਹੌਲੀ ਹੌਲੀ ਸਿਰੇ ਲਗਾ ਦਿੱਤਾ ਜਾਵੇਗਾ …. ਕਈ ਸਕੂਲਾਂ ਵਿੱਚ ਪੰਜਾਬੀ ਦੀ ਬਜਾਏ ਅੰਗਰੇਜ਼ੀ ਮਾਧਿਅਮ ਵਿੱਚ ਛਾਪੀਆਂ ਕਿਤਾਬਾਂ ਹੀ ਪਹੁੰਚਣ ਦੀਆਂ ਖਬਰਾਂ ਵੀ ਚਰਚਾ ਵਿੱਚ ਆ ਚੁੱਕੀਆਂ ਹਨ।
ਨਰਸਰੀ ਜਮਾਤਾਂ ਲਈ ਸਰਕਾਰੀ ਸਕੂਲਾਂ ਵਿੱਚ ਨਿੱਕੇ ਬੱਚਿਆਂ ਦੀਆਂ ਵਿਸ਼ੇਸ਼ ਲੋੜਾਂ ਅਨੁਸਾਰ ਪੂਰੇ ਪ੍ਰਬੰਧ ਇੰਤਜ਼ਾਮਾਂ ਲਈ ਬਜਟ ਦੇ ਕੇ ਉਨ੍ਹਾਂ ਦੀ ਸਾਂਭ ਸੰਭਾਲ ਅਤੇ ਪੜ੍ਹਾਈ ਲਈ ਸਪੈਸ਼ਲ ਬਾਲ ਮਨੋਵਿਗਿਆਨ ਰਾਹੀਂ ਟਰੇਂਡ ਮਾਹਿਰ ਅਧਿਆਪਕਾਂ ਦੀ ਵਿਵਸਥਾ ਕਰਨ ਦੀ ਬਜਾਏ ਸਰਕਾਰੀ ਸਿੱਖਿਆ ਵਿਭਾਗ ਵੱਲੋਂ ਡੰਗ ਟਪਾਊ ਨੀਤੀ ਕੱਚ ਘਰੜ ਤਜਰਬੇ ਕਰਨ ਲੱਗੀ ਹੋਈ ਹੈ। ਹੁਣ ਨਵੀਂ ਯੋਜਨਾ ਅਨੁਸਾਰ ਪ੍ਰਾਇਮਰੀ ਪੋਸਟਾਂ ਤੇ ਪਹਿਲੀ ਤੋਂ ਪੰਜਵੀਂ ਜਮਾਤਾਂ ਨੂੰ ਪੜ੍ਹਾਉਣ ਵਾਲੇ ਪੁਰਾਣੇ ਰੈਗੂਲਰ ਅਧਿਆਪਕਾਂ ਨੂੰ ਹੀ ਨਰਸਰੀ ਜਮਾਤਾਂ ਦੀ ਪੜ੍ਹਾਈ ਸੰਬੰਧੀ ਵਰਤਣ ਵਾਸਤੇ ਅਖੌਤੀ ਸੈਮੀਨਾਰਾਂ ਵਿੱਚ ਹਾਥੀ ਤੇ ਭਿੱਜੀ ਬਿੱਲੀ ਬਣਾ ਕੇ ਉਡਾਈ ਜਾ ਰਹੀ ਹੈ ਖਿੱਲੀ…… ਸਾਡੇ ਦੇਸ਼ ਵਿੱਚ ਆਜ਼ਾਦੀ ਤੋਂ ਲੈ ਹੁਣ ਤੀਕ 70 ਸੱਤਰ ਸਾਲਾਂ ਬਾਅਦ ਵੀ ਹਰੇਕ ਸਾਲ ਨਵੀਆਂ ਨੀਤੀਆਂ ਬਦਲ ਬਦਲ ਕੇ ਤਜ਼ਰਬੇ ਕੀਤੇ ਜਾ ਰਹੇ ਹਨ ਅਤੇ ਸਰਕਾਰੀ ਸਕੂਲ ਸਿੱਖਿਆ ਪ੍ਰਣਾਲੀ ਨੂੰ ਤਹਿਸ ਨਹਿਸ ਹੋਣ ਤੀਕ ਪਹੁੰਚਾ ਕੇ ਇਸ ਦਾ ਪੂਰੀ ਤਰ੍ਹਾਂ ਜਲੂਸ ਕਢਵਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ । ਹੁਣ ਇਸੇ ਤਰ੍ਹਾਂ ਨਵੀਂ ਯੋਜਨਾ ਤਹਿਤ ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ ਕੰਮ ਰਹੇ ਪੁਰਾਣੇ ਅਧਿਆਪਕਾਂ ਨੂੰ ਆਧੁਨਿਕ ਪੜ੍ਹਾਈ ਕਰਵਾਉਣ ਲਈ ਰੌਚਕ ਢੰਗ ਤਰੀਕੇ ਸਿਖਾਉਣ ਦੇ ਨਾਮ ਤੇ ਇਹ ਸਭ ਕੀਤਾ ਜਾ ਰਿਹਾ ਹੈ ਜਿਹੜੇ ਬੱਚੇ ਅਜੇ ਆਪਣੀ ਮਾਂ ਬੋਲੀ ਨਾਲ ਹੀ ਜਾਣ ਪਹਿਚਾਣ ਕਰਕੇ ਚੰਗੀ ਤਰ੍ਹਾਂ ਸਿੱਖਣ ਦੀ ਕੋਸ਼ਿਸ਼ ਕਰ ਰਹੇ ਹਨ, ਉਨ੍ਹਾਂ ਬੱਚਿਆਂ ਨੂੰ ਸ਼ੁਰੂਆਤ ਵਿੱਚ ਨਾਲ ਹੀ ਹੋਰ ਭਾਸ਼ਾਵਾਂ ਹਿੰਦੀ ਅੰਗਰੇਜ਼ੀ ਵਿੱਚ ਕਵਿਤਾਵਾਂ ਸਿਖਾਉਣੀਆਂ ਕਿੰਨੀਆਂ ਕੁ ਜਾਇਜ਼ ਹਨ….. ਤੇ ਜੇ ਅਜਿਹਾ ਸਭ ਕੁਝ ਪੰਜਾਬੀ ਭਾਸ਼ਾ ਦੇ ਆਧਾਰ ਤੇ ਜੇਲ੍ਹਾਂ ਭਰਨ ਵਾਲੇ ਲੰਬੇ ਮੋਰਚੇ ਲਗਾ ਕੇ ਬਣਾਏ ਗਏ ਪੰਜਾਬੀ ਸੂਬੇ ਪੰਜਾਬ ਦੇ ਹੀ ਸਰਕਾਰੀ ਸਕੂਲਾਂ ਵਿੱਚ ਵੀ ਪੰਜਾਬੀ ਨੂੰ ਗੁੱਠੇ ਲਾਉਣ ਵੱਲ ਗੱਲ ਵਧਦੀ ਜਾ ਰਹੀ ਲੱਗੇ ਤਾਂ ਫੇਰ ਪੰਜਾਬੀ ਸੂਬਾ ਬਣਾਇਆ ਕਿਹੜੇ ਕੰਮ ਵਾਸਤੇ ਸੀ ਤਾਂ ਫਿਰ ਇਹ ਗੱਲ ਹੁਣ ਆਪਾਂ ਨੂੰ ਸਮਝੋਂ ਬਾਹਰ ਤਾਂ ਨਹੀਂ ਲੱਗਣੀ ਚਾਹੀਦੀ……ਬਾਕੀ ਤੁਸੀਂ ਦੇਖ ਲਵੋ ਦੋਸਤੋ ਤੁਹਾਡੇ ਸਾਹਮਣੇ ਹੀ ਹੈ ਸਭ ਕੁਝ….
ਤੇ ਨਵਾਂ ਸੈਸ਼ਨ ਵਿੱਦਿਅਕ ਵਰ੍ਹਾ 1 ਇੱਕ ਅਪ੍ਰੈਲ ਤੋਂ ਸ਼ੁਰੂ ਹੋਣ ਤੋਂ ਅੱਜ ਪੂਰੇ ਮਹੀਨੇ ਬੀਤ ਜਾਣ ਤੋਂ ਬਾਅਦ ਅਜੇ ਤੀਕ ਵੀ ਸਾਡੇ ਪ੍ਰਾਇਮਰੀ ਸਕੂਲਾਂ ਵਿੱਚ ਪਹਿਲੀ ਅਤੇ ਦੂਜੀ ਜਮਾਤ ਦੇ ਬੱਚਿਆਂ ਦੇ ਪੜ੍ਹਨ ਵਾਸਤੇ ਕਿਸੇ ਵੀ ਵਿਸ਼ੇ ਦੀ ਕੋਈ ਇੱਕ ਕਿਤਾਬ ਵੀ ਨਹੀਂ ਪਹੁੰਚੀ ਫਿਰ ਪੜ੍ਹਾਈ ਘੱਟ ਹੋਣ ਲਈ ਜਿੰਮੇਵਾਰ ਅਧਿਆਪਕ ਵਰਗ ਨੂੰ ਠਹਿਰਾ ਦਿੱਤਾ ਜਾਂਦਾ ਹੈ ਤੇ ਸਿਲੇਬਸ ਵਾਲੀਆਂ ਜਰੂਰੀ ਕਿਤਾਬਾਂ ਵੇਲੇ ਸਿਰ ਸਕੂਲਾਂ ਵਿੱਚ ਨਾ ਪਹੁੰਚਾ ਸਕਣ ਦੀ ਨਾਕਾਮੀ ਵਰਗੇ ਦੁਰਪ੍ਰਭਾਵਾਂ ਨੂੰ ਲੁਕੋਣ ਖਾਤਰ ਹੀ ਸ਼ਾਇਦ ਫਿਰ “ਪੜ੍ਹੋ ਪੰਜਾਬ ਪੜ੍ਹਾਓ ਪੰਜਾਬ” ਵਰਗੇ ਅਖੌਤੀ ਸਿੱਖਿਆ ਸੁਧਾਰ ਪ੍ਰੋਜੈਕਟਾਂ ਦਾ ਆਸਰਾ ਲਿਆ ਜਾਂਦਾ ਹੈ ਅਤੇ ਵੱਡੀ ਪੱਧਰ ਤੇ ਅਧਿਆਪਕਾਂ ਨੂੰ ਗੈਰਵਿੱਦਿਅਕ ਕੰਮਾਂ ਵਿੱਚ ਉਲਝਾ ਕੇ ਪੜ੍ਹੋ ਪੰਜਾਬ ਨੂੰ ਹੀ ਸਿੱਖਿਆ ਪ੍ਰਣਾਲੀ ਦੀ ਜਿੰਦ ਜਾਨ ਲਈ ਸੰਜੀਵਨੀ ਬੂਟੀ ਦਰਸਾਉਣ ਲਈ ਅੱਡੀ ਚੋਟੀ ਦਾ ਜੋਰ ਲਗਾ ਕੇ ਪ੍ਰਚਾਰਿਆ ਅਤੇ ਪ੍ਰਸਾਰਿਆ ਜਾਂਦਾ ਹੈ।
ਸਵਰਨਜੀਤ ਸਿੰਘ ਭਗਤਾ