ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਗੁਰੂਗ੍ਰਾਮ ‘ਚ ਜਨਤਕ ਥਾਂਵਾਂ ‘ਤੇ ਨਮਾਜ਼ ਪੜ੍ਹ ਰਹੇ ਲੋਕਾਂ ਨੂੰ ਹਿੰਦੂ ਸੰਗਠਨ ਦੇ ਵਰਕਰਾਂ ਵਲੋਂ ਭਜਾਉਣ ਦੇ ਮਾਮਲੇ ‘ਤੇ ਚੁੱਪ ਤੋੜਦਿਆਂ ਕਿਹਾ ਹੈ ਕਿ ਨਮਾਜ਼ ਜਨਤਕ ਥਾਂਵਾਂ ‘ਤੇ ਨਹੀਂ, ਬਲਕਿ ਮਸਜਿਦ ਜਾਂ ਈਦਗਾਹ ‘ਚ ਪੜ੍ਹੀ ਜਾਣੀ ਚਾਹੀਦੀ ਹੈ। ਪ੍ਰੈੱਸ ਕਾਨਫਰੰਸ ‘ਚ ਪੱਤਰਕਾਰਾਂ ਵਲੋਂ ਇਸ ਮੁੱਦੇ ‘ਤੇ ਪੁੱਛੇ ਗਏ ਸਵਾਲ ਦਾ ਜਵਾਬ ਦਿੰਦਿਆਂ ਉਨ੍ਹਾਂ ਕਿਹਾ ਕਿ ਕਾਨੂੰਨ ਵਿਵਸਥਾ ਨੂੰ ਬਣਾਈ ਰੱਖਣਾ ਸਰਕਾਰ ਦਾ ਕੰਮ ਹੈ। ਖੁੱਲ੍ਹੀਆਂ ਥਾਂਵਾਂ ‘ਤੇ ਨਮਾਜ਼ ਪੜ੍ਹਨ ਦੀਆਂ ਘਟਨਾਵਾਂ ਅੱਜ-ਕੱਲ੍ਹ ਵਧੀਆਂ ਹਨ। ਜ਼ਿਕਰਯੋਗ ਹੈ ਕਿ ਗੁਰੂਗ੍ਰਾਮ ‘ਚ ਜਨਤਕ ਥਾਂਵਾਂ ‘ਤੇ ਨਮਾਜ਼ ਪੜ੍ਹ ਰਹੇ ਲੋਕਾਂ ਨੂੰ ਉੱਥੋਂ ਭਜਾਉਣ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਇਆ ਸੀ। ਬਾਅਦ ‘ਚ ਕਈ ਹੋਰ ਥਾਂਵਾਂ ‘ਤੇ ਅਜਿਹੀਆਂ ਘਟਨਾਵਾਂ ਸਾਹਮਣੇ ਆਈਆਂ। ਪੁਲਿਸ ਨੇ ਇੱਕ ਹਿੰਦੂ ਸੰਗਠਨ ਦੇ ਕੁਝ ਲੋਕਾਂ ਨੂੰ ਇਸ ਮਾਮਲੇ ‘ਚ ਗ੍ਰਿਫ਼ਤਾਰ ਵੀ ਕੀਤਾ ਸੀ। ਤਣਾਅਪੂਰਨ ਹਾਲਾਤ ਨੂੰ ਦੇਖਦਿਆਂ ਪ੍ਰਾਸ਼ਸਨ ਨੇ ਅਜਿਹੀਆਂ ਥਾਂਵਾਂ ‘ਤੇ ਪੁਲਿਸ ਦੀ ਤਾਇਨਾਤੀ ਕਰ ਦਿੱਤੀ ਹੈ।
