ਮਾਨਸਾ 21 ਜੂਨ (ਤਰਸੇਮ ਸਿੰਘ ਫਰੰਡ ) ਪੰਜਾਬ ਸਰਕਾਰ ਦਾ ਨਿਵੇਕਲਾ ਮਿਸ਼ਨ “ਚੰਗੀ ਸਿਹਤ,
ਚੰਗੀ ਸੋਚ” ਨੂੰ ਲੈ ਕੇ ਪਿੰਡ ਤਾਮਕੋਟ ਦੇ ਗੁਰੂਦੁਆਰਾ ਸਾਹਿਬ ਵਿਖੇ ਵਿਸ਼ਾਲ ਸਿਹਤ ਜਾਂਚ
ਕੈਂਪ ਲਗਾਇਆ ਗਿਆ। ਕੈਂਪ ਦਾ ਉਦਘਾਟਨ ਮਾਨਯੋਗ ਸਿਵਲ ਸਰਜਨ ਡਾ. ਲਾਲ ਚੰਦ ਨੇ ਕੀਤਾ।
ਮਾਨਯੋਗ ਸਿਵਲ ਸਰਜਨ ਸਾਹਿਬ , ਨੇ ਕੈਂਪ ਵਿੱਚ ਦਿੱਤੀਆਂ ਜਾ ਰਹੀਆਂ ਸਹੂਲਤਾਂ ਦੀ ਬਾਰੀਕੀ
ਨਾਲ ਜਾਂਚ ਕੀਤੀ ਅਤੇ ਸਫਲ ਕੈਂਪ ਤੇ ਤਸੱਲੀ ਪ੍ਰਗਟ ਕੀਤੀ । ਇਸ ਮੌਕੇ ਲੋਕਾਂ ਦੇ ਭਾਰੀ ਇਕੱਠ
ਨੂੰ ਸੰਬੋਧਨ ਕਰਦਿਆਂ ਸੀਨੀਅਰ ਸਿਹਤ ਸੁਪਰਵਾਈਜਰ ਕੇਵਲ ਸਿੰਘ ਨੇ ਕਿਹਾ ਕਿ ਤੰਦਰੁਸਤ ਜੀਵਨ
ਜਿਉਣ ਲਈ ਹਰ ਮਨੁੱਖ ਨੂੰ ਆਪਣੀ ਜਿੰਦਗੀ ਦੇ ਕੁੱਝ ਨਿਯਮ ਬਨਾਉਣੇ ਪੈਂਦੇ ਹਨ। ਹਰ ਰੋਜ ਸਮੇਂ
ਤੇ ਸੈਰ, ਕਸਰਤ, ਯੋਗਾ ਕਰਨਾ ਅਤੇ ਪੌਸ਼ਟਿਕ ਖੁਰਾਕ ਜਿਸ ਵਿੱਚ ਹਰੀਆਂ ਪੱਤੇਦਾਰ ਸਬਜ਼ੀਆਂ ,
ਦਾਲਾਂ, ਦੁੱਧ, ਦਹੀਂ ਦੀ ਵਰਤੋਂ ਕਰਨਾ ਨਿਰੋਈ ਸਿਹਤ ਲਈ ਬਹੁਤ ਲਾਭਦਾਇਕ ਹੁੰਦੇ ਹਨ। ਉਹਨਾਂ
ਕਿਹਾ ਕਿ ਮੌਸਮੀ ਬਿਮਾਰੀਆਂ ਡੇਂਗੂ, ਮਲੇਰੀਆ, ਟਾਈਫਾਇਡ ਆਦਿ ਤੋਂ ਬਚਾਅ ਲਈ ਸਾਨੂੰ ਆਪਣੇ
ਆਲੇ ਦੁਆਲੇ ਦੀ ਸਫਾਈ ਰੱਖਣ ਦੀ ਲੋੜ ਹੈ। ਇਸ ਤੋਂ ਇਲਾਵਾ ਕੋਈ ਵੀ ਬਿਮਾਰੀ ਹੋਣ ਦੀ ਸੂਰਤ
ਵਿੱਚ ਸਮੇਂ-ਸਮੇਂ ਸਰੀਰ ਦਾ ਚੈੱਕ ਅਪ ਕਰਵਾ ਲੈਣਾ ਚਾਹੀਦਾ ਹੈ। ਇਸ ਮੌਕੇ ਸਿਹਤ ਸੁਪਰਵਾਈਜਰ
ਸੁਖਪਾਲ ਸਿੰਘ ਨੇ ਕਿਹਾ ਕਿ 30 ਸਾਲ ਦੀ ਉਮਰ ਤੋਂ ਬਾਅਦ ਸਰਕਾਰ ਵੱਲੋਂ ਸਾਰਿਆਂ ਦਾ ਹੀ ਮੁਫਤ
ਚੈੱਕ ਅਪ ਕੀਤਾ ਜਾਂਦਾ ਹੈ। ਉਹਨਾਂ ਕਿਹਾ ਕਿ ਸਰੀਰ ਨੂੰ ਫਿੱਟ ਰੱਖਣ ਲਈ ਸਾਨੂੰ ਤੰਬਾਕੂ,
ਬੀੜੀ ਸਿਗਰਟ ਅਤੇ ਸ਼ਰਾਬ ਆਦਿ ਨਸ਼ਿਆਂ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ। ਕੈਂਪ ਵਿੱਚ ਡਾ.
ਅਰਜਨ ਸ਼ਾਰਦਾ ਨੇ 175 ਮਰੀਜਾਂ ਦਾ ਨਿਰੀਖਣ ਕੀਤਾ ਅਤੇ ਲੋੜਵੰਦ ਮਰੀਜਾਂ ਨੂੰ ਮੁਫਤ ਦਵਾਈਆਂ
ਦਿੱਤੀਆਂ ਗਈਆਂ। ਕੈਂਪ ਵਿੱਚ ਸਹਾਇਕ ਸਿਵਲ ਸਰਜਨ ਡਾ. ਸੁਰਿੰਦਰ ਸਿੰਘ, ਜਿਲ੍ਹਾ ਸਿਹਤ ਅਫਸਰ
ਡਾ. ਮਨੋਹਰ ਲਾਲ, ਸੁਖਵਿੰਦਰ ਸਿੰਘ ਜਿਲ੍ਹਾ ਮਾਸ ਮੀਡੀਆ ਅਫਸਰ, ਅਵਤਾਰ ਸਿੰਘ ਜਿਲ੍ਹਾ
ਪ੍ਰੋਗਰਾਮ ਅਫਸਰ, ਸੁਰਿੰਦਰ ਕੌਰ ਐਲ.ਐਚ.ਵੀ, ਪ੍ਰਿਤਪਾਲ ਕੌਰ ਤੇ ਜਸਵੀਰ ਕੌਰ ਏ.ਐਨ.ਐਮ.,
ਸੁਖਵਿੰਦਰ ਸਿੰਘ ਤੇ ਅਵਤਾਰ ਸਿੰਘ ਮਲਟੀਪਰਪਜ ਹੈਲਥ ਵਰਕਰ ਤੋਂ ਇਲਾਵਾ ਆਸ਼ਾ ਵਰਕਰਾਂ ਨੇ
ਯੋਗਦਾਨ ਪਾਇਆ।