ਪੰਜਾਬ ਨਾਟਸ਼ਾਲਾ ਵਿਚ ਨਾਟਕ ‘Forever Queen ਮਹਾਰਾਣੀ ਜਿੰਦਾਂ’ ਦਾ ਸਫਲ ਮੰਚਨ
(ਵੀਰਪਾਲਕੌਰ) :ਅਨਾਮਿਕਾ ਆਰਟਸ ਐਸੋਸੀਏਸ਼ਨ ਅੰਮ੍ਰਿਤਸਰ ਵੱਲੋਂ ਪੰਜਾਬ ਨਾਟਸ਼ਾਲਾ ਦੇ ਸਹਿਯੋਗ ਨਾਲ ਔਰਤ ਦੇ ਸੰਘਰਸ਼ ਦੀ ਕਹਾਣੀ ਬਿਆਨ ਕਰਦੇ ਨਾਟਕ “Forever Queen ਮਹਾਰਾਣੀ ਜਿੰਦਾਂ” ਦਾ ਮੰਚਨ ਕੀਤਾ ਗਿਆ। ਡਾ. ਆਤਮਾ ਸਿੰਘ ਗਿੱਲ ਦੁਆਰਾ ਲਿਖੇ ਅਤੇ ਈਮੈਨੂਅਲ ਸਿੰਘ ਦੁਆਰਾ ਨਿਰਦੇਸ਼ਿਤ ਨਾਟਕ ‘Forever Queen ਮਹਾਰਾਣੀ ਜਿੰਦਾਂ’ ਰਾਹੀਂ ਅੱਜ ਦੀ ਨਵੀਂ ਪੀੜ੍ਹੀ ਨੂੰ ਪੰਜਾਬ ਦੇ ਉਸ ਸੁਨਹਿਰੀ ਦੌਰ ਨਾਲ ਜਾਣੂ ਕਰਵਾਉਣ ਦਾ ਸਫਲ ਯਤਨ ਕੀਤਾ ਗਿਆ ਜਿਸ ਨੂੰ ਖਾਲਸਾ ਰਾਜ ਜਾਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਨਾਟਕ ਵਿੱਚ ਸਿੱਖ ਰਾਜ ਦੀ ਅਧੋਗਤੀ ਦੇ ਨਾਲ ਮਹਾਰਾਣੀ ਜਿੰਦਾਂ ਅਤੇ ਮਹਾਰਾਜਾ ਦਲੀਪ ਸਿੰਘ ਦੇ ਦੁਖਾਂਤ ਨੂੰ ਵਿਭਿੰਨ ਨਾਟਕੀ ਜੁਗਤਾਂ ਰਾਹੀਂ ਪ੍ਰਸਤੁਤ ਕੀਤਾ ਗਿਆ। ਨਾਟਕ ਵਿੱਚ ਮਹਾਰਾਣੀ ਜਿੰਦਾਂ ਦੇ ਜੀਵਨ ਸੰਘਰਸ਼ ਅਤੇ ਖੁੱਸੇ ਹੋਏ ਸਿੱਖ ਰਾਜ ਦੀ ਮੁੜ ਪ੍ਰਾਪਤੀ ਲਈ ਅਤੇ ਬਾਲਕ ਮਹਾਰਾਜੇ ਦਲੀਪ ਸਿੰਘ ਨੂੰ ਉਸਦੇ ਹਕੂਕ ਦਿਵਾਉਣ ਲਈ ਜਦੋ-ਜਹਿਦ ਦ੍ਰਿਸ਼ਟੀਗੋਚਰ ਹੁੰਦੀ ਹੈ।
ਮਹਾਰਾਣੀ ਜਿੰਦਾਂ ਉਹ ਮਹਾਨ ਔਰਤ ਸੀ ਜੋ ਅੰਗਰੇਜ਼ਾਂ ਤੋਂ ਬਾਗੀ ਹੋ ਕੇ ਸਾਰੀ ਉਮਰ ਸ਼ੇਰਨੀ ਵਾਂਗ ਸਿੱਖ ਰਾਜ ਵਾਸਤੇ ਲੜਦੀ ਰਹੀ ਤੇ ਅਖੀਰ ਆਪਣੇ ਪ੍ਰਭਾਵ ਸਦਕਾ ਈਸਾਈ ਬਣੇ ਦਲੀਪ ਸਿੰਘ ਵਿੱਚ ਮੁੜ ਸਿੱਖ ਰਾਜ ਦਾ ਮਹਾਰਾਜਾ ਬਨਣ ਲਈ ਚਿਣਗ ਪੈਦਾ ਕਰਦੀ ਹੈ। ਸ਼ਾਹ ਮੁਹੰਮਦ ਦੀ ਕਵਿਤਾ ਸਿੰਘਾਂ ਤੇ ਫਰੰਗੀਆਂ ਨੂੰ ਅਧਾਰ ਬਣਾ ਕੇ ਤੇ ਇਸ ਦੇ ਲਿਖਤਕਾਰ ਸ਼ਾਹ ਮੁਹੰਮਦ ਨੂੰ ਹੀ ਸੂਤਰਧਾਰ ਬਣਾ ਕੇ, ਨਾਟਕੀ ਪੇਸ਼ਕਾਰੀ ਨੂੰ ਕਿੱਸਾਗੋਈ, ਲੋਕ ਵਾਰ-ਕਵੀਸ਼ਰੀ ਦੀ ਵਿਧਾ ਰਾਹੀਂ ਲੋਕਧਾਰਾਈ ਅੰਦਾਜ਼ ਵਿੱਚ ਪੇਸ਼ ਕੀਤਾ ਗਿਆ। ਮੁੱਖ ਮਹਿਮਾਨ ਵੱਜੋਂ ਸ਼ਾਮਿਲ ਹੋਏ ਪ੍ਰਿੰਸੀਪਲ ਡਾ. ਇੰਦਰਜੀਤ ਸਿੰਘ ਗੋਗੋਆਣੀ ਨੇ ਨਾਟਕ ਦੀ ਪ੍ਰਸਤੁਤੀ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਇਤਿਹਾਸਕ ਨਾਟਕ ਦਾ ਮੰਚਨ ਚੁਣੌਤੀ ਭਰਪੂਰ ਕਾਰਜ ਹੈ ਜਿਸ ਦੀ ਈਮੈਨੂਅਲ ਸਿੰਘ ਅਤੇ ਉਸਦੀ ਟੀਮ ਦੁਆਰਾ ਬਾਕਮਾਲ ਪੇਸ਼ਕਾਰੀ ਕੀਤੀ ਗਈ ਹੈ।
ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਪ੍ਰਿੰਸੀਪਲ ਡਾ. ਸੁਰਿੰਦਰ ਕੌਰ, ਪ੍ਰਿੰਸੀਪਲ ਡਾ. ਕਰਨਜੀਤ ਸਿੰਘ, ਪ੍ਰਿੰਸੀਪਲ ਅਮਰਜੀਤ ਸਿੰਘ ਗਿੱਲ, ਡਾ. ਜਸਵੰਤ ਸਿੰਘ, ਪ੍ਰਿੰਸੀਪਲ ਪੀ.ਕੇ. ਜੌਹਨ, ਪੰਡਤ ਕ੍ਰਿਸ਼ਨ ਦਵੇਸਰ, ਡਾ. ਜਸਵਿੰਦਰ ਸਿੰਘ ਜੱਜ, ਮਾਸਟਰ ਕੁਲਜੀਤ ਵੇਰਕਾ ਤੋਂ ਇਲਾਵਾ ਸਤਿੰਦਰ ਸਿੰਘ ਓਠੀ, ਸ. ਸੁਖਪਾਲ ਸਿੰਘ ਸੰਧੂ, ਲਾਡੀ ਸੈਂਸਰਾ, ਨਵਪ੍ਰੀਤ ਸਿੰਘ ਲਵਲੀ ਤੋਂ ਇਲਾਵਾ ਵੱਖ-ਵੱਖ ਸਕੂਲਾਂ ਕਾਲਜਾਂ ਦੇ ਪ੍ਰਿੰਸੀਪਲ, ਅਧਿਆਪਕ ਅਤੇ ਸ਼ਹਿਰ ਦੇ ਪਤਵੰਤੇ ਸੱਜਣਾਂ ਨੇ ਵੱਡੀ ਗਿਣਤੀ ਵਿਚ ਹਾਜ਼ਰੀ ਭਰੀ। ਡਾ. ਸਰਘੀ ਦੁਆਰਾ ਮੰਚ ਸੰਚਾਲਨ ਦੀ ਭੂਮਿਕਾ ਨਿਭਾਈ ਗਈ। ਨਾਟਕ ਵਿੱਚ ਪ੍ਰੀਤਪਾਲ ਹੁੰਦਲ, ਗੁਰਪਿੰਦਰ ਕੌਰ, ਈਮੈਨੂਅਲ ਸਿੰਘ, ਮਰਕਸਪਾਲ ਗੁਮਟਾਲਾ, ਡਾ. ਆਤਮਾ ਸਿੰਘ ਗਿੱਲ,ਆਲਮ ਸਿੰਘ, ਲਖਵਿੰਦਰ ਲੱਕੀ, ਪ੍ਰੋ. ਅਜੈਪਾਲ ਸਿੰਘ ਚਵਿੰਡਾ, ਸਾਰੰਗੀ ਵਾਦਕ ਪ੍ਰੋ. ਸੁਖਵਿੰਦਰ ਸਿੰਘ, ਜਸਵਿੰਦਰ ਸਿੰਘ ਡਾ. ਕਰਨ ਗੁਲਜ਼ਾਰ, ਪ੍ਰੀਆਦੀਪ ਕੌਰ, ਹੈਨਰੀ ਬੈਂਜਾਮਿਨ, ਰਵੀ ਕੁਮਾਰ, ਵਿਕਰਮ ਗੁਮਟਾਲਾ, ਜੀਆ, ਸਮਰਿੱਧੀ, ਮਾਨਸੀ, ਨਿਕਿਤਾ, ਸੁਰਭੀ, ਸੈਲਿਸ, ਅਚਲ, ਮੁਸਕਾਨ, ਗੁਰਲੀਨ ਕੌਰ, ਅਨਮੋਲ ਰਾਣਾ, ਦਿਵਾਂਸ਼ੂ, ਪ੍ਰਿੰਸ, ਹਰਨੂਰ ਸਿੰਘ, ਗਤਕਾ ਟੀਮ ਆਦਿ ਅਦਾਕਾਰਾਂ ਨੇ ਨਾਟਕ ਵਿੱਚ ਅਹਿਮ ਭੂਮਿਕਾ ਨਿਭਾਈ।
Follow Us on Noi24 Facebook Page