ਇੱਕ ਗੀਤਕਾਰ ਦੀ ਕਲਮ ਵਿੱਚੋਂ ਨਿਕਲੇ ਸ਼ਬਦ ਗਾਇਕ ਦੀ ਆਵਾਜ਼ ਜ਼ਰੀਏ ਸਰੋਤਿਆਂ ਦੇ ਕੰਨੀਂ ਰਸ ਘੋਲਦੇ ਹਨ | ਚੰਗੇ ਗੀਤਾਂ ਦੇ ਰਚੇਤਾ ਅਤੇ ਸੁਰੀਲੀ ਆਵਾਜ਼ ਦੇ ਮਾਲਕ ਗਾਇਕ ਲੰਮਾ ਸਮਾਂ ਲੋਕ ਮਨਾਂ ਤੇ ਰਾਜ਼ ਕਰਦੇ ਹਨ ਪ੍ਰੰਤੂ ਇਸ ਸਾਰੀ ਪ੍ਰਕਿਰਿਆ ਦੇ ਵਿੱਚ ਗਾਇਕ ਦੇ ਨਾਲ ਕੰਮ ਕਰ ਰਹੇ ਸਾਜੀਆਂ ਦੀ ਵੀ ਵੱਡੀ ਭੂਮਿਕਾ ਹੁੰਦੀ ਹੈ | ਸਾਜੀ ਆਪਣੀ ਸੁਰਤਾਲ ਰਾਹੀਂ ਗੀਤਕਾਰਾਂ ਦੀ ਕਲਮ ‘ਚੋਂ ਨਿਕਲੇ ਸ਼ਬਦਾਂ ਨੂੰ ਗਾਇਕਾਂ ਦੀ ਆਵਾਜ਼ ਅਤੇ ਸਾਜਾਂ ਦੇ ਸੁਰੀਲੇਪਣ ਨੂੰ ਮਿਲਾ ਕੇ ਹੋਰ ਨਿਖਾਰਦੇ ਹਨ | ਬਹੁਤ ਸਾਰੇ ਸਾਜਿੰਦੇ ਅਜਿਹੇ ਹੋਏ ਹਨ ਜਿਨਾਂ ਨੇ ਆਪਣੀ ਕਲਾ ਜ਼ਰੀਏ ਆਪਣੀ ਕਾਬਲੀਅਤ ਦਾ ਲੋਹਾ ਮਨਵਾਇਆ ਹੈ | ਸਾਹਿਤ ਅਤੇ ਸੰਗੀਤ ਦੇ ਖੇਤਰ ਵਿੱਚ ਆਪਣੀ ਵੱਖਰੀ ਪਹਿਚਾਣ ਰੱਖਣ ਵਾਲੇ ਜ਼ਿਲ੍ਹਾ ਬਰਨਾਲਾ ਦੇ ਕਸਬਾ ਭਦੌੜ ਨੇ ਜਿੱਥੇ ਪੰਜਾਬੀ ਗਾਇਕੀ ਦੇ ਕਈ ਮਾਣਮੱਤੇ ਗਾਇਕ ਪੈਦਾ ਕੀਤੇ ਹਨ ਉੱਥੇ ਇਸ ਧਰਤੀ ਨੇ ਕਈ ਨਾਮਵਰ ਸਾਜਿੰਦੇ ਵੀ ਸੰਗੀਤ ਦੀ ਝੋਲੀ ਪਾਏ ਹਨ | ਇਨ੍ਹਾਂ ਵਿੱਚੋਂ ਇੱਕ ਨਾਮ ਹੈ ਨੌਜਵਾਨ ਕੀ ਬੋਰਡ ਪਲੇਅਰ-ਹਰਪ੍ਰੀਤ ਸਿੰਘ ਸੰਧੂ | ਜਿਸਨੂੰ ਬਚਪਨ ਤੋਂ ਹੀ ਸੰਗੀਤਕ ਸਾਜਾਂ ਨਾਲ ਸਨੇਹ ਪੈਦਾ ਹੋ ਗਿਆ ਸੀ | ਸੰਗੀਤ ਸਿੱਖਣ ਸੰਬੰਧੀ ਮਨ ਵਿੱਚ ਉੱਠਦੇ ਵਲਵਲਿਆਂ ਨੇ ਉਸਨੂੰ ਇਸ ਖੇਤਰ ਵਿੱਚ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ ਤੇ ਆਖਿਰ ਉਸਦੀ ਮਿਹਨਤ ਐਨਾ ਰੰਗ ਲਿਆਈ ਕਿ ਉਹ ਅੱਜ ਗਾਇਕਾਂ ਦਾ ਚਹੇਤਾ ਕੀ-ਬੋਰਡ ਪਲੇਅਰ ਬਣਿਆ ਹੋਇਆ ਹੈ | ਹਰਪ੍ਰੀਤ ਸਿੰਘ ਸੰਧੂ ਨੂੰ ਆਪਣੀਆਂ ਉਾਗਲੀਆਂ ਦੇ ਪੋਟਿਆਂ ਦੀ ਹਰਕਤ ਨੂੰ ਕਿਸੇ ਵੀ ਗਾਇਕ ਦੇ ਗਲੇ ਦੀ ਹਰਕਤ ਨਾਲ ਮਿਲਾਉਣ ਦੀ ਮੁਹਾਰਤ ਹਾਸਲ ਹੈ | ਪੰਜਾਬ ਦੇ ਮੰਨੇ ਪ੍ਰਮੰਨੇ ਗਾਇਕਾਂ ਦੀਆਂ ਸਟੇਜਾਂ ਤੇ ਉਹ ਆਪਣੀ ਜੰਮਣ ਭੋਇ ਭਦੌੜ ਦਾ ਨਾਮ ਰੌਸ਼ਨ ਕਰ ਰਿਹਾ ਹੈ | ਕਸਬਾ ਭਦੌੜ ਦੇ ਹੀ ਜੰਮਪਲ ਉੱਘੇ ਗਾਇਕ ਬੱਬੂ ਖ਼ਾਨ ਦੀਆਂ ਸਟੇਜਾਂ ਤੋਂ ਕੰਮ ਸ਼ੁਰੂ ਕਰਨ ਵਾਲਾ ਹਰਪ੍ਰੀਤ ਸੰਧੂ ਹੁਣ ਪੰਜਾਬ ਦੇ ਮਸ਼ਹੂਰ ਕਲਾਕਾਰਾਂ ਅਨਮੋਲ ਵਿਰਕ, ਭੁਪਿੰਦਰ ਗਿੱਲ, ਬੱਬੂ ਖ਼ਾਨ, ਮਿਸ ਰੂਬੀ, ਬਲਵਿੰਦਰ ਬਿੱਲਾ ਸਮੇਤ ਕਈ ਨਾਮਵਰ ਗਾਇਕਾਂ ਦੀਆਂ ਸਟੇਜਾਂ ਦਾ ਸ਼ਿੰਗਾਰ ਬਣਨ ਲੱਗਾ ਹੈ ਕਿਉਾਕਿ ਕਿਸੇ ਵੀ ਗਾਇਕ ਦੀ ਸਟੇਜ’ ਤੇ ਸੰਗੀਤਕ ਸਾਜਾਂ ਵਿੱਚੋਂ ਕੀ-ਬੋਰਡ ਦੀਆਂ ਧੁਨਾਂ ਦਾ ਅਹਿਮ ਰੋਲ ਹੁੰਦਾ ਹੈ | ਹਰਪ੍ਰੀਤ ਸਿੰਘ ਸੰਧੂ ਪੰਜਾਬ ਤੋਂ ਬਾਹਰਲੇ ਸੂਬਿਆਂ ਵਿੱਚ ਵੀ ਆਪਣਾ ਨਾਮ ਚਮਕਾ ਰਿਹਾ ਹੈ | ਰਿਆਜ਼ ਵਿੱਚ ਲਗਾਤਾਰਤਾ ਨੂੰ ਦੇਖਦੇ ਹੋਏ ਯਕੀਨੀ ਹੈ ਕਿ ਸੰਗੀਤਕ ਖੇਤਰ ਵਿੱਚ ਭਵਿੱਖ ਦਾ ਰੌਸ਼ਨ ਸਿਤਾਰਾ ਹੋਵੇਗਾ |