ਭਿੱਖੀਵਿੰਡ 18 ਦਸੰਬਰ (ਹਰਜਿੰਦਰ ਸਿੰਘ ਗੋਲ੍ਹਣ)-ਲੜਕੀਆਂ ਨੂੰ ਸਿੱਖਿਆ ਪ੍ਰਦਾਨ ਕਰ
ਰਹੀ ਇਲਾਕੇ ਦੀ ਨਾਮਵਰ ਸੰਸਥਾ ਆਈ.ਟੀ ਕਾਲਜ (ਲੜਕੀਆਂ) ਭਗਵਾਨਪੁਰਾ ਵਿਖੇ
ਸਾਹਿਬ-ਏ-ਕਮਾਲ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜਾਦਿਆਂ ਦੀ
ਲਾਸਾਨੀ ਸ਼ਹਾਦਤ ਨੂੰ ਸਮਰਪਿਤ ਇਕ ਧਰਮਿਕ ਸਮਾਗਮ ਕਰਵਾਇਆ ਗਿਆ। ਧਾਰਮਿਕ ਸਮਾਗਮ ਦੀ
ਸ਼ੁਰੂਆਤ ਪਵਿੱਤਰ ਬਾਣੀ ਸ੍ਰੀ ਜਪੁਜੀ ਸਾਹਿਬ ਦੇ ਪਾਠ ਕਰਕੇ ਆਰੰਭ ਕੀਤੀ ਗਈ। ਉਪਰੰਤ
ਸਿੱਖ ਕੌਮ ਦੇ ਪ੍ਰਸਿੱਧ ਵਿਦਵਾਨ ਭਾਈ ਗੁਰਸ਼ਰਨ ਸਿੰਘ ਡੱਲ ਵਾਲਿਆਂ ਵੱਲੋਂ ਗੁਰਮਤਿ
ਵਿਚਾਰਾਂ ਕਰਦਿਆਂ ਸ਼ਹੀਦੀ ਦਿਹਾੜਿਆਂ ਦੀ ਮਹੱਤਤਾ ਬਾਰੇ ਵਿਸਥਾਰਪੂਰਵਕ ਦੱਸਿਆ। ਉਹਨਾਂ
ਨੇ ਦੱਸਿਆ ਕਿ ਕਲਗੀਧਰ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਪਿਤਾ ਸ੍ਰੀ ਗੁਰੂ
ਤੇਗ ਬਹਾਦਰ ਸਾਹਿਬ, ਸਤਿਕਾਰਯੋਗ ਮਾਤਾ ਗੁਜਰੀ ਜੀ ਤੇ ਚਾਰ ਸਾਹਿਬਜਾਦਿਆਂ ਨੂੰ ਦੇਸ਼
ਕੌਮ ਖਾਤਰ ਕੁਰਬਾਨ ਕਰਕੇ ਸਰਬੰਸਦਾਨੀ ਦਾ ਖਿਤਾਬ ਹਾਸਲ ਕੀਤਾ ਸੀ, ਜੋ ਪੂਰੀ ਦੁਨੀਆਂ
ਵਿਚ ਕਿਸੇ ਨੂੰ ਨਸੀਬ ਨਹੀ ਹੋਇਆ। ਪ੍ਰਸਿੱਧ ਢਾਡੀ ਭਾਈ ਮਨਬੀਰ ਸਿੰਘ ਬੀਏ ਨੇ ਸਿੱਖ
ਕੌਮ ਦੇ ਗੋਰਵਮਈ ਇਤਿਹਾਸ ਨੂੰ ਅੱਗੇ ਤੋਰਿਦਆਂ ਸਿੱਖ ਯੋਧਿਆਂ ਦੀ ਲਾਸਾਨੀ ਕੁਰਬਾਨੀ
ਬਾਰੇ ਚਾਨਣਾ ਪਾਇਆ। ਸਿੱਖ ਪੰਥ ਦੇ ਪ੍ਰਸਿੱਧ ਕਥਾਵਾਚਕ ਭਾਈ ਦਿਲਬਾਗ ਸਿੰਘ ਬਲੇ੍ਹਰ ਨੇ
ਗੁਰਮਤਿ ਵਿਚਾਰਾਂ ਕਰਦਿਆਂ ਵਿਦਿਆਰਥਣਾਂ ਨੂੰ ਸ਼ਹੀਦ ਸ਼ਬਦਿ ਦੇ ਡੂੰਘੇ ਅਰਥਾਂ ਤੋਂ ਜਾਣੂ
ਕਰਵਾਉਦਿਆਂ ਕਿਹਾ ਕਿ ਸਿੱਖ ਧਰਮ ਦਾ ਆਗਾਜ ਹੀ ਕੁਰਬਾਨੀਆਂ ਤੋਂ ਸ਼ੁਰੂ ਹੋ ਕੇ ਸੁਨਹਿਰੀ
ਅੱਖਰਾਂ ਵਿਚ ਲਿਖਿਆ ਗਿਆ ਹੈ।
ਕਾਲਜ ਚੇਅਰਮੈਂਨ ਇੰਦਰਜੀਤ ਸਿੰਘ ਨੇ ਵਿਦਿਆਰਥਣਾਂ ਨੂੰ ਛੋਟੇ ਸਾਹਿਬਜਾਦਿਆਂ ਦੀ
ਕੁਰਬਾਨੀ ਤੋਂ ਪ੍ਰੇਰਣਾ ਲੈਣ ਦੀ ਅਪੀਲ ਕੀਤੀ। ਧਾਰਮਿਕ ਸਮਾਗਮ ਦੌਰਾਨ ਕਾਲਜ
ਵਿਦਿਆਰਥਣਾਂ ਨੇ ਧਾਰਮਿਕ ਗੀਤ ਤੇ ਸ਼ਬਦਾਂ ਦਾ ਗਾਇਨ ਕੀਤਾ ਤੇ ਗੁਰਮਤਿ ਵਿਚਾਰਾਂ ਦੀ
ਸਾਂਝ ਪਾਈ, ਉਥੇ ਇਕ ਬੱਚੀ ਨੇ ਕਿਰਤ ਕਰੋ, ਨਾਮ ਜਪੋ ਤੇ ਵੰਡ ਛੱਕੋ ਦੇ ਸੰਕਲਪ ‘ਤੇ
ਵਿਚਾਰ ਵੀ ਦਿੱਤੇ। ਕਾਲਜ ਪ੍ਰਿੰਸੀਪਲ ਮਨਮਿੰਦਰ ਸਿੰਘ ਨੇ ਸਮਾਗਮ ਵਿਚ ਪਹੁੰਚੀਆਂ
ਧਾਰਮਿਕ ਸਖਸੀਅਤਾਂ ਤੇ ਵਿਦਿਵਾਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਸ਼ਹੀਦੀ ਦਿਹਾੜੇ
ਸਿਰਫ ਇਕ ਮੇਲਾ ਬਣ ਕੇ ਨਾ ਰਹਿ ਜਾਣ, ਸਗੋਂ ਸਾਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ
ਕੁਰਬਾਨੀਆਂ ਦਾ ਸਬੱਬ ਕਿਉਂ ਬਣਿਆ, ਜਿਸ ਤੋਂ ਬੱਚੇ ਸੇਧ ਲੈ ਕੇ ਆਪਣੇ ਧਰਮ ਵਿਚ
ਪ੍ਰਪੱਕ ਹੋ ਸਕਣ। ਇਸ ਮੌਕੇ ਵਿਦਿਆਰਥਣਾਂ, ਅਧਿਆਪਕ ਤੇ ਹੋਰ ਸਟਾਫ ਮੈਂਬਰਾਂ ਨੇ ਵੀ
ਸਮਾਗਮ ‘ਚ ਸ਼ਾਮਲ ਹੋ ਕੇ ਗੁਰਮਤਿ ਵਿਚਾਰਾਂ ਸਰਵਣ ਕੀਤੀਆਂ।