“ਧਰਨੇ ਦੇਣ ਵਾਲੇ ਵਿਹਲੇ ਹੁੰਦੇ ਹਨ” ਕਹਿਣ ਵਾਲਾ ਆਗੂ ਅੱਜ ਆਪ ਰਾਤ ਭਰ ਧਰਨਾ ਦੇਕੇ ਬੈਠਾ

0
710

ਜੰਡਿਆਲਾ ਗੁਰੂ 8 ਦਸੰਬਰ ਵਰਿੰਦਰ ਸਿੰਘ :- ਕਹਿੰਦੇ ਹਨ ਕਿ ਪਰਮਾਤਮਾ ਵਕਤ ਆਉਣ ਤੇ ਅਪਨੇ ਆਪ
ਹਿਸਾਬ ਕਰ ਦਿੰਦਾ ਹੈ ਚਾਹੇ ਕਿਸੇ ਵਿਅਕਤੀ ਵਿਚ ਕਿੰਨਾ ਹੀ ਹੰਕਾਰ ਕਿਉਂ ਨਾ ਹੋਵੇ । ਅਜਿਹਾ
ਹੀ ਅੱਜ ਕਲ੍ਹ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਉੱਪ ਮੁੱਖ ਮੰਤਰੀ ਪੰਜਾਬ
ਸੁਖਬੀਰ ਸਿੰਘ ਬਾਦਲ ਨਾਲ ਹੁੰਦਾ ਦਿਖਾਈ ਦੇ ਰਿਹਾ ਹੈ ਅਤੇ ਵਕਤ ਨੇ ਅੱਜ ਉਸਨੂੰ ਉਹੀ ਸੜਕਾਂ
ਅਤੇ ਜਗਾਂ ਤੇ ਬਿਠਾ ਦਿੱਤਾ ਜਿਨ੍ਹਾਂ ਸੜਕਾਂ ਤੇ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ
ਹੋਈ ਬੇਅਦਬੀ ਦੇ ਰੋਸ ਵਜੋਂ ਅਤੇ ਇਨਸਾਫ ਲੈਣ ਲਈ ਹਜਾਰਾਂ ਲੱਖਾਂ ਸੰਗਤਾਂ ਨੇ ਸੜਕਾਂ ਤੇ
ਉਤਰਕੇ ਪੂਰੇ ਪੰਜਾਬ ਦੀ ਆਵਾਜਾਈ ਬੇਹਾਲ ਕਰ ਦਿਤੀ ਸੀ । ਅੱਜ ਜਿਸ ਜਗ੍ਹਾ ਤੇ ਸਾਬਕਾ ਉਪ
ਮੁੱਖ ਮੰਤਰੀ ਧਰਨੇ ਤੇ ਬੈਠੇ ਹਨ ਇਸ ਜਗ੍ਹਾ ਤੇ ਹੀ ਸਿੱਖ ਨੌਜਵਾਨਾਂ ਨੇ ਗੁਰੂ ਗ੍ਰੰਥ ਸਾਹਿਬ
ਜੀ ਦੀ ਬੇਅਦਬੀ ਕਰਨ ਵਾਲਿਆਂ ਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕਰਨ ਲਈ ਲਗਾਤਾਰ ਧਰਨਾ ਲਗਾਇਆ
ਸੀ ਤੇ ਉਸ ਸਮੇ ਦੀ ਅਕਾਲੀ ਸਰਕਾਰ ਨੇ ਉਲਟਾ ਧਰਨਾ ਦੇਣ ਵਾਲਿਆਂ ਉਪਰ ਮਾਮਲੇ ਦਰਜ ਕਰ ਦਿਤੇ
ਸਨ । ਇਥੋਂ ਤੱਕ ਕਿ ਇਸ ਸੰਘਰਸ਼ ਵਿਚ ਦੋ ਸਿੱਖ ਨੌਜਵਾਨਾਂ ਨੂੰ ਸ਼ਹੀਦੀ ਦਾ ਜਾਮ ਵੀ ਪੀਣਾ ਪਿਆ
ਸੀ । ਗੁਰੂ ਸਾਹਿਬ ਦੀ ਬੇਅਦਬੀ ਕਰਨ ਵਾਲਿਆਂ ਨੂੰ ਗ੍ਰਿਫਤਾਰ ਕਰਨ ਦੀ ਜਗ੍ਹਾ ਉਲਟਾ ਸ਼੍ਰੋਮਣੀ
ਅਕਾਲੀ ਦਲ ਦੇ ਪ੍ਰਧਾਨ ਨੇ ਅਪਨੇ ਇਕ ਭਾਸ਼ਣ ਦੌਰਾਨ ਬੜੇ ਜੋਰ ਸ਼ੋਰ ਨਾਲ ਕਿਹਾ ਸੀ ਕਿ ਧਰਨੇ
ਲਗਾਉਣ ਵਾਲੇ ਸਾਰੇ ਵਿਹਲੇ ਹੁੰਦੇ ਹਨ । ਸ਼ੋਸ਼ਲ ਮੀਡੀਆ ਤੇ ਅੱਜ ਸੁਖਬੀਰ ਸਿੰਘ ਬਾਦਲ ਦੇ ਇਸ
ਬਿਆਨ ਵਾਲੀ ਖਬਰ ਦੀ ਖੂਬ ਚਰਚਾ ਹੋ ਰਹੀ ਹੈ ਕਿ ਕੱਲ੍ਹ ਤੱਕ ਧਰਨਾਕਾਰੀਆਂ ਨੂੰ ਵਿਹਲੇ ਕਹਿਣ
ਵਾਲਾ ਅੱਜ ਸੱਚਾ ਸਾਬਿਤ ਹੋ ਗਿਆ ਕਿਉਂ ਕਿ ਅਕਾਲੀ ਦਲ ਵੀ ਹੁਣ ਸਰਕਾਰੇ ਦਰਬਾਰੇ ਵਿਹਲਾ ਹੋ
ਚੁਕਾ ਹੈ ਅਤੇ ਧਰਨੇ ਦੇਣ ਲਈ ਸੜਕਾਂ ਤੇ ਆ ਗਿਆ ਹੈ । ਅੱਜ ਸ਼੍ਰੋਮਣੀ ਅਕਾਲੀ ਦਲ ਵਲੋਂ ਪੰਜਾਬ
ਦੇ ਵੱਖ ਵੱਖ ਕੋਨਿਆਂ ਵਿਚ ਕਾਂਗਰਸ ਸਰਕਾਰ ਦੀਆਂ ਵਧੀਕੀਆਂ ਦੇ ਖਿਲਾਫ ਧਰਨੇ ਲਗਾਕੇ ਪੂਰੇ
ਪੰਜਾਬ ਵਾਸੀਆਂ ਨੂੰ ਬੇਹਾਲ ਕਰਕੇ ਰੱਖ ਦਿੱਤਾ । ਸੜਕਾਂ ਤੇ ਸਫ਼ਰ ਕਰਨ ਵਾਲਾ ਹਰ ਇਕ ਵਿਅਕਤੀ
ਪ੍ਰੇਸ਼ਾਨ ਹੋਇਆ ਹੈ । ਕੀ ਹੁਣ ਵੀ ਕਾਂਗਰਸ ਸਰਕਾਰ ਇਹਨਾਂ ਧਰਨਾਕਾਰੀਆਂ ਦੇ ਖਿਲਾਫ ਕਾਨੂੰਨੀ
ਕਾਰਵਾਈ ਕਰਦੇ ਹੋਏ ਮਾਮਲਾ ਦਰਜ ਕਰੇਗੀ ਜਾਂ ਫਿਰ ਅਕਾਲੀ ਆਗੂਆਂ ਨੂੰ ਖੁਲੀ ਛੁੱਟੀ ਦੇਕੇ
ਜਨਤਾ ਨੂੰ ਪਰੇਸ਼ਾਨ ਕਰਨ ਦੀ ਇਜਾਜ਼ਤ ਦੇਵੇਗੀ ? ਜਨਤਾ ਵਿਚ ਇਸ ਗੱਲ ਦੀ ਵੀ ਖੂਬ ਚਰਚਾ ਚਲ ਰਹੀ
ਹੈ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਪਮਾਨ ਕਰਨ ਵਾਲਿਆਂ ਨੂੰ ਖੁੱਲੀ ਛੁੱਟੀ ਦੇਣ
ਕਰਕੇ ਹੀ ਅਕਾਲੀ ਦਲ ਦਾ ਹਸ਼ਰ ਪਹਿਲੀ ਵਾਰ ਵਿਧਾਨ ਸਭਾ ਚੋਣਾਂ ਵਿਚ ਇਹਨਾਂ ਮਾੜਾ ਹੋਇਆ ਹੈ
ਜਦੋ ਕਿ ਉਹ ਪੰਜਾਬ ਵਿਚ ਹਮੇਸ਼ਾਂ ਪਹਿਲੇ ਜਾਂ ਦੂਸਰੇ ਨੰਬਰ ਦੀ ਪਾਰਟੀ ਹੁੰਦੀ ਸੀ ਪਰ ਇਸ ਵਾਰ
ਚੋਣਾਂ ਵਿਚ ਉਸਨੂੰ ਵਿਧਾਨ ਸਭਾ ਵਿਚ ਤੀਸਰੇ ਨੰਬਰ ਦੀਆਂ ਕੁਰਸੀਆਂ ਤੇ ਬੈਠਣਾ ਪੈ ਰਿਹਾ ਹੈ।
ਰਾਜਨੀਤਿਕ ਆਗੂ ਸੱਤਾ ਦੇ ਨਸ਼ੇ ਵਿਚ ਭਾਵੇਂ ਕੁਝ ਵੀ ਗਲਤ ਕਰ ਦੇਣ ਪਰ ਵਕਤ ਇਕ ਨਾ ਇਕ ਦਿਨ
ਉਸਨੂੰ ਅਪਨੀ ਗਲਤੀ ਦਾ ਅਹਿਸਾਸ ਜਰੂਰ ਕਰਵਾਉਂਦਾ ਹੈ ।

LEAVE A REPLY

Please enter your comment!
Please enter your name here

This site uses Akismet to reduce spam. Learn how your comment data is processed.