ਅੰਮ੍ਰਿਤਸਰ 26 ਮਾਰਚ ( ) ਦਮਦਮੀ ਟਕਸਾਲ ਦੇ ਮੁਖੀ ਤੇ ਸੰਤ ਸਮਾਜ ਦੇ ਪ੍ਰਧਾਨ ਬਾਬਾ
ਹਰਨਾਮ ਸਿੰਘ ਖ਼ਾਲਸਾ ਨੇ ਕੇਂਦਰ ਸਰਕਾਰ ਸਿੱਖ ਕੌਮ ਨੂੰ ਮਾਨਸਿਕ ਪੀੜਾ ਦੇਣਾ ਛੱਡਣ ਅਤੇ ਬਿਨਾ
ਦੇਰੀ ਸਜਾਵਾਂ ਪੂਰੀਆਂ ਕਰ ਚੁੱਕੇ ਸਿੱਖ ਕੈਦੀਆਂ ਨੂੰ ਰਿਹਾਅ ਕਰ ਕੇ ਸਿੱਖ ਕੌਮ ਦਾ ਵਿਸ਼ਵਾਸ
ਜਿੱਤਣ ਵਲ ਠੋਸ ਕਦਮ ਚੁੱਕਣ ਲਈ ਕਿਹਾ ਹੈ।
ਦਮਦਮੀ ਟਕਸਾਲ ਮੁਖੀ ਬੰਦੀ ਸਿੰਘਾਂ ਦੀ ਰਿਹਾਈ ਲਈ ਸੰਘਰਸ਼ ਕਰਦਿਆਂ ਜਾਨ ਨਿਛਾਵਰ ਕਰ ਗਏ ਭਾਈ
ਗੁਰਬਖ਼ਸ਼ ਸਿੰਘ ਖ਼ਾਲਸਾ ਦੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਨ ਉਨ੍ਹਾਂ ਦੇ ਪਿੰਡ ਠਸਕਾ ਅਲੀ (
ਹਰਿਆਣਾ) ਪਹੁੰਚੇ ਹੋਏ ਸਨ, ਨੇ ਕਿਹਾ ਕਿ ਬੰਦੀ ਸਿੰਘਾਂ ਦੀ ਬੰਦ ਖ਼ਲਾਸੀ ਲਈ ਭਾਈ ਖ਼ਾਲਸਾ ਨੇ
ਪੂਰੀ ਤਨ ਦੇਹੀ ਨਾਲ ਤਿੰਨ ਪੜਾਵਾਂ ‘ਚ ਬਹੁਤ ਵੱਡਾ ਪ੍ਰੇਰਣਾਮਈ ਸੰਘਰਸ਼ ਕੀਤਾ ਅਤੇ ਆਪਣੇ
ਅਕੀਦੇ ਲਈ ਸ਼ਾਂਤਮਈ ਤਰੀਕੇ ਨਾਲ ਸ਼ਹਾਦਤ ਦਿੱਤੀ। ਉਨ੍ਹਾਂ ਸ਼ਹਾਦਤ ਰਾਹੀਂ ਬੰਦੀ ਸਿੰਘਾਂ ਦੀ
ਰਿਹਾਈ ਲਈ ਇੱਕ ਜੁੱਟ ਹੋ ਕੇ ਸੰਘਰਸ਼ ਕਰਨ ਦਾ ਪੰਥ ਨੂੰ ਸੁਨੇਹਾ ਦਿੱਤਾ ਹੈ।
ਉਨ੍ਹਾਂ ਬੰਦੀ ਸਿੰਘਾਂ ਦੀ ਰਿਹਾਈ ਲਈ ਸਰਕਾਰਾਂ ਉੱਤੇ ਦਬਾਅ ਪਾਉਣ ਪ੍ਰਤੀ ਸਮੁੱਚੇ ਪੰਥ ਨੂੰ
ਮਿਲ ਬੈਠ ਕੇ ਕੋਈ ਰੂਪ ਰੇਖਾ ਉਲੀਕਣ ‘ਤੇ ਜੋਰ ਪਾਇਆ। ਉਨ੍ਹਾਂ ਕਿਹਾ ਕਿ ਭਾਈ ਖ਼ਾਲਸਾ ਵੱਲੋਂ
ਵਿੱਢੇ ਗਏ ਸੰਘਰਸ਼ ਨੂੰ ਚਰਮ ਸੀਮਾ ਤਕ ਪਹੁੰਚਾਉਂਦਿਆਂ ਇਸ ਨੂੰ ਪੂਰਾ ਕਰਨਾ ਸਾਡਾ ਸਭ ਦਾ ਫ਼ਰਜ਼
ਬਣ ਗਿਆ ਹੈ। ਉਨ੍ਹਾਂ ਕਿਹਾ ਕਿ ਭਾਈ ਖ਼ਾਲਸਾ ਦੀ ਪੰਥਪ੍ਰਸਤੀ ਅਤੇ ਪੰਥ ਪ੍ਰਤੀ ਦੇਣ ਨੂੰ ਕੌਮ
ਸਦਾ ਯਾਦ ਰੱਖੇਗੀ। ਉਨ੍ਹਾਂ ਦੇ ਸੰਘਰਸ਼ ਦੇ ਫਲਸਰੂਪ ਕਾਮਯਾਬੀ ਵੱਜੋ ਕਈ ਸਿੰਘ ਪਰੋਲ ‘ਤੇ
ਰਿਹਾਅ ਹੋ ਕੇ ਆਪਣੇ ਪਰਿਵਾਰ ‘ਚ ਆ ਸਕੇ,ਸੰਗਤਾਂ ‘ਚ ਵਿਚਰ ਸਕੇ ਅਤੇ ਗੁਰਧਾਮਾਂ ਦੇ ਦਰਸ਼ਨ ਕਰ
ਸਕੇ ਹਨ। ਉਹ ਅਫ਼ਸੋਸ ਤੇ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਸਿੱਖ ਕੌਮ ਨੂੰ ਆਪਣੇ ਹੱਕਾਂ ਲਈ
ਲੜਨਾ ਮਰਨਾ ਪੈ ਰਿਹਾ ਹੈ।ਉਨ੍ਹਾਂ ਕੇਂਦਰ ਨੂੰ ਆੜੇ ਹੱਥੀਂ ਲੈਂਦਿਆਂ ਆਪਣਾ ਨਿਜ਼ਾਮ ਦਰੁਸਤ
ਕਰਨ ਲਈ ਕਿਹਾ। ਕਿਹਾ ਕਿ ਭਾਰਤੀ ਨਿਜ਼ਾਮ ਤੋਂ ਸਿੱਖਾਂ ਦਾ ਭਰੋਸਾ ਦਿਨੋਂ ਦਿਨ ਖੁਰਦਾ ਜਾ
ਰਿਹਾ ਹੈ।ਇਸ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਜਸਬੀਰ ਸਿੰਘ ਰੋਡੇ ਵੀ
ਉਨ੍ਹਾਂ ਦੇ ਨਾਲ ਸਨ ।
ਕੇਂਦਰ ਸਰਕਾਰ ਸਿੱਖ ਕੌਮ ਨੂੰ ਮਾਨਸਿਕ ਪੀੜਾ ਦੇਣ ਦੀ ਥਾਂ ਸਿੱਖ ਕੈਦੀਆਂ ਨੂੰ ਤੁਰੰਤ ਰਿਹਾਅ ਕਰੇ ।














Leave a Reply