ਕੱਥੂਨੰਗਲ , ਅੰਮ੍ਰਿਤਸਰ, 1 ਜਨਵਰੀ ( )- ਜੰਮੂ -ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ ਦੇ
ਕੈਰੀ ਸੈਕਟਰ ਵਿੱਚ ਪਾਕਿਸਤਾਨੀ ਫੌਜ ਵੱਲੋਂ ਘਾਤ ਲਾਕੇ ਕੀਤੇ ਗਏ ਹਮਲੇ ਦੌਰਾਨ ਸ਼ਹੀਦ ਹੋਏ
ਭਾਰਤੀ ਫੌਜੀ ਜਵਾਨ ਲਾਸ ਨਾਇਕ ਗੁਰਮੇਲ ਸਿੰਘ ਬਾਜਵਾ ਦੀ ਆਤਮਿਕ ਸ਼ਾਂਤੀ ਲਈ ਸ੍ਰੀ ਅਖੰਡ ਪਾਠ
ਸਾਹਿਬ ਦਾ ਭੋਗ ਅੱਜ ਸ਼ਹੀਦ ਦੇ ਜ਼ਿੱਦੀ ਪਿੰਡ ਅਲਕੜੇ (ਨੇੜੇ ਕੱਥੂਨੰਗਲ) ਵਿਖੇ ਪਿਆ। ਅਰਦਾਸ
ਉਪਰੰਤ ਸ਼ਰਧਾਂਜਲੀ ਸਮਾਰੋਹ ਦੌਰਾਨ ਸ਼ਹੀਦ ਨੂੰ ਵੱਖ ਵੱਖ ਰਾਜਨੀਤਿਕ ਪਾਰਟੀਆਂ ਦੇ ਆਗੂਆਂ
ਵੱਲੋਂ ਭਾਵ ਭਿੰਨੀ ਸ਼ਰਧਾਂਜਲੀ ਦਿੱਤੀ ਗਈ। ਇਸ ਮੌਕੇ ਬੋਲਦਿਆਂ ਸਾਬਕਾ ਮੰਤਰੀ ਅਤੇ ਅਕਾਲੀ
ਦਲ ਦੇ ਜਨਰਲ ਸਕੱਤਰ ਸ: ਬਿਕਰਮ ਸਿੰਘ ਮਜੀਠੀਆ ਨੇ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਸ਼ਹੀਦ
ਬਾਜਵਾ ਨੇ ਦੇਸ਼ ਲਈ ਬਹੁਤ ਵੱਡੀ ਸ਼ਹਾਦਤ ਦਿੱਤੀ ਹੈ। ਉਹਨਾਂ ਸ਼ਹੀਦ ਦੇ ਪਿੰਡ ਦੇ ਸਕੂਲ ਨੂੰ
ਅਪਗਰੇਡ ਕਰਦਿਆਂ ਸ਼ਹੀਦ ਗੁਰਮੇਲ ਸਿੰਘ ਦੇ ਨਾਮ ਰੱਖਣ, ਪਿੰਡ ‘ਚ ਸਟੇਡੀਅਮ ਬਣਾਉਣ, ਪਰਿਵਾਰਕ
ਮੈਂਬਰ ਨੂੰ ਇੱਕ ਸਪੈਸ਼ਲ ਕੇਸ ਵਜੋਂ ਪੁਲੀਸ ਇੰਸਪੈਕਟਰ ਭਰਤੀ ਕਰਨ ਅਤੇ ਸਤਿਕਾਰ ਵਜੋਂ ਇੱਕ
ਕਰੋੜ ਰੁਪੈ ਮਾਲੀ ਮਦਦ ਦੇਣ ਦੀ ਅਪੀਲ ਕੀਤੀ। ਉਹਨਾਂ ਦੱਸਿਆ ਕਿ ਇਹ ਪਰਿਵਾਰ ਸ: ਬਾਜਵਾ ਦੀ
ਨੌਕਰੀ ਦੇ ਸਿਰ ‘ਤੇ ਗੁਜ਼ਰ ਕਰ ਰਿਹਾ ਸੀ। ਉਹਨਾਂ ਪੰਜਾਬ ਸਰਕਾਰ ਨੂੰ ਮੁਖ਼ਾਤਬ ਹੁੰਦਿਆਂ ਕਿਹਾ
ਕਿ ਜਿਸ ਤਰਜ਼ ‘ਤੇ ਦੂਜੇ ਸੂਬਿਆਂ ਵੱਲੋਂ ਸੈਨਿਕ ਸ਼ਹੀਦਾਂ ਦੇ ਪਰਿਵਾਰਾਂ ਦੀ ਜਿਵੇਂ ਮਦਦ
ਕੀਤੀਆਂ ਜਾਂਦੀਆਂ ਹਨ ਅਤੇ ਸ਼ਹੀਦ ਪਰਿਵਾਰਾਂ ਵੱਲੋਂ ਸਰਕਾਰ ‘ਤੇ ਜੋ ਆਸਾਂ ਰੱਖੀਆਂ ਜਾਂਦੀਆਂ
ਹਨ ਉਹਨਾਂ ਨੂੰ ਮਦੇਨਜਰ ਰੱਖਦਿਆਂ ਲੋੜ ਅਨੁਸਾਰ ਸੰਬੰਧਿਤ ਸਕੀਮਾਂ ਵਿੱਚ ਜਲਦ ਸੋਧ ਕੀਤੀ
ਜਾਣੀ ਚਾਹੀਦੀ ਹੈ।ਉਹਨਾਂ ਦੱਸਿਆ ਕਿ ਸ਼ਹੀਦ ਦੇ ਪਿੰਡ ਅਲਕੜੇ ਦੇ ਵੱਡੀ ਗਿਣਤੀ ਨੌਜਵਾਨ ਫੌਜ
ਵਿੱਚ ਸੇਵਾ ਨਿਭਾ ਰਹੇ ਹਨ। ਸ਼ਹੀਦ ਨੂੰ ਸਤਿਕਾਰ ਦਿੰਦਿਆਂ ਨਵੀਂ ਪੀੜੀ ਲਈ ਇਸ ਵਿਰਾਸਤ ਨੂੰ
ਸੰਭਾਲਣ ਦੀ ਲੋੜ ਹੈ। ਉਹਨਾਂ ਕਿਹਾ ਕਿ ਫੌਜੀ ਸਰਹੱਦਾਂ ‘ਤੇ ਪਹਿਰਾ ਦਿੰਦੇ ਹਨ ਤਾਂ ਹੀ
ਅਸੀਂ ਸੁਖ ਦੇ ਨੀਂਦੇ ਸੌਦੇ ਹਾਂ। ਮਜੀਠੀਆ ਨੇ ਦੱਸਿਆ ਕਿ ਸ਼ਹੀਦ ਬਾਜਵਾ ਇੱਕ ਦਲੇਰ ਅਤੇ
ਹੋਣਹਾਰ ਸਨ ਜੋ ਕਿਸੇ ਵੀ ਸਖ਼ਤ ਤੋਂ ਸਖ਼ਤ ਡਿਊਟੀ ਦੇਣ ‘ਚ ਮਾਹਿਰ ਸਨ। ਜਿਨ੍ਹਾਂ ਦੁਸ਼ਮਣ ਦਾ
ਡੱਟ ਕੇ ਮੁਕਾਬਲਾ ਕੀਤਾ ਅਤੇ ਛਾਤੀ ‘ਚ ਗੋਲੀ ਖਾ ਕੇ ਸ਼ਹੀਦੀ ਪ੍ਰਾਪਤ ਕੀਤੀ।
ਇਸ ਮੌਕੇ ਪੰਜਾਬ ਸਰਕਾਰ ਦੀ ਤਰਫ਼ੋਂ ਮੁੱਖ ਮੰਤਰੀ ਦੇ ਸਲਾਹਕਾਰ ਸੇਵਾ ਮੁਕਤ ਲੈਫਟੀਨੈਂਟ ਜਨਰਲ
ਤੇਜਿੰਦਰ ਸਿੰਘ ਸ਼ੇਰਗਿੱਲ ਅਤੇ ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਸ਼ਹੀਦ ਪਰਿਵਾਰ ਨੂੰ
ਹਰ ਸੰਭਵ ਮਦਦ ਦਾ ਭਰੋਸਾ ਦਿੱਤਾ। ਲੈਫਟੀਨੈਂਟ ਸ਼ੇਰਗਿੱਲ ਨੇ ਸ: ਮਜੀਠੀਆ ਵੱਲੋਂ ਦਿੱਤੇ ਗਏ
ਸੁਝਾਵਾਂ ਤੇ ਮੰਗਾਂ ‘ਤੇ ਗੌਰ ਕਰਨ ਭਰੋਸਾ ਦਿੱਤਾ ਅਤੇ ਸ਼ਹੀਦ ਦੇ ਪਿਤਾ ਸ: ਤਰਸੇਮ ਸਿੰਘ ਨੂੰ
5 ਲਖ ਐਕਸ ਗ੍ਰੇਸ਼ੀਆ ਗਰਾਂਟ ਵੀ ਸੌਂਪਿਆ।
ਸ਼ਰਧਾਂਜਲੀ ਦੇਣ ਵਾਲਿਆਂ ਵਿੱਚ ਸਾਬਕਾ ਰਾਜ ਸਭਾ ਮੈਂਬਰ ਰਾਜ ਮਹਿੰਦਰ ਸਿੰਘ ਮਜੀਠਾ, ਡਿਪਟੀ
ਕਮਿਸ਼ਨਰ ਕਮਲਦੀਪ ਸਿੰਘ ਸੰਘਾ, ਸਾਬਕਾ ਵਿਧਾਇਕ ਸਵਿੰਦਰ ਸਿੰਘ ਕੱਥੂਨੰਗਲ, ਵੀਰ ਸਿੰਘ
ਲੋਪੋਕੇ, ਦਲਬੀਰ ਸਿੰਘ ਵੇਰਕਾ, ਭਗਵੰਤ ਪਾਲ ਸਿੰਘ ਸੱਚਰ, ਐਡਵੋਕੇਟ ਭਗਵੰਤ ਸਿੰਘ ਸਿਆਲਕਾ,
ਤਜਿੰਦਰ ਅਰੋੜਾ, ਸੁਖਜਿੰਦਰ ਲਾਲੀ ਕਾਂਗਰਸੀ ਆਗੂ, ਮੇਜਰ ਸ਼ਿਵੀ, ਪ੍ਰਗਟ ਸਿੰਘ ਚੋਗਾਵਾਂ ਆਪ
ਆਗੂ, ਸੁਖਜਿੰਦਰ ਢਿੱਲੋਂ, ਗੁਰਵੇਲ ਸਿੰਘ ਅਲਕੜੇ, ਭਾਜਪਾ ਆਗੂ ਬੀਬੀ ਲਛਮੀਕਾਂਤਾ ਚਾਵਲਾ ,
ਬੀਬੀ ਜਗੀਰ ਕੌਰ ਕਾਂਗਰਸੀ ਆਗੂ, ਕਰਨਲ ਅਮਰਬੀਰ ਸਿੰਘ ਚਾਹਲ ਅਤੇ ਪ੍ਰੋ: ਸਰਚਾਂਦ ਸਿੰਘ
ਸ਼ਾਮਿਲ ਹਨ।