ਭਦੌੜ 02 ਜਨਵਰੀ (ਵਿਕਰਾਂਤ ਬਾਂਸਲ) ਪੰਜਾਬ ਸਰਕਾਰ ਵੱਲੋਂ ਕਿਸਾਨਾਂ ਦੇ ਕਰਜ਼ੇ ਮੁਆਫ ਕਰਨ ਨੂੰ ਲੈ ਕੇ ਪਹਿਲੀ ਲਿਸਟ ਨਵਾਂ ਸਾਲ ਮੌਕੇ ਕੋਆ: ਸੋਸਾਇਟੀ ਭਦੌੜ ਵਿਖੇ ਲਗਾਈ ਗਈ, ਜਿਸ ਨੂੰ ਲੈ ਕੇ ਕਿਸਾਨਾਂ ਅੰਦਰ ਪੱਖਪਾਤ ਕਰਨ ਦੇ ਖਦਸ਼ੇ ਪਾਏ ਜਾ ਰਹੇ ਹਨ, ਜਿਸ ਕਰਕੇ ਅੱਜ ਕਿਸਾਨਾਂ ਨੇ ਸੋਸਾਇਟੀ ਮੂਹਰੇ ਆ ਕੇ ਨਾਅਰੇਬਾਜ਼ੀ ਕਰਦਿਆਂ ਰੋਸ ਜ਼ਾਹਰ ਕੀਤਾ | ਕਿਸਾਨ ਹਰਪ੍ਰੀਤ ਸਿੰਘ ਪੁੱਤਰ ਅਜੀਤ ਸਿੰਘ ਗਿੱਲ, ਸੁਖਰਾਜ ਸਿੰਘ ਪੁੱਤਰ ਸੁਰਿੰਦਰ ਸਿੰਘ, ਦਾਰਾ ਸਿੰਘ ਪੁੱਤਰ ਪਹਿਲੂ ਸਿੰਘ, ਅਜੈਬ ਸਿੰਘ ਪੁੱਤਰ ਠਾਕਰਾ ਸਿੰਘ, ਜਗਸੀਰ ਸਿੰਘ ਪੁੱਤਰ ਗੁਰਨਾਮ ਸਿੰਘ, ਸੁਖਦੇਵ ਸਿੰਘ ਪੁੱਤਰ ਠਾਕਰਾ ਸਿੰਘ, ਜਗਤਾਰ ਸਿੰਘ ਪੁੱਤਰ ਮਹਿੰਦਰ ਸਿੰਘ ਨੇ ਰੋਸ ਜ਼ਾਹਰ ਕਰਦਿਆਂ ਕਿਹਾ ਕਿ ਜੋ ਸੋਸਾਇਟੀ ਨੇ ਕਿਸਾਨਾਂ ਦੀਆਂ ਲਿਸਟਾਂ ਭੇਜੀਆਂ ਸਨ, ਉਹਨਾਂ ਵਿੱਚ 5 ਏਕੜ ਤੋਂ ਵੱਧ ਵਾਲੇ ਕਿਸਾਨ ਵੀ ਸ਼ਾਮਲ ਸਨ ਪ੍ਰੰਤੂ ਸੋਸਾਇਟੀ ਦੇ ਮੁਲਾਜਮਾਂ ਨੇ ਹੱਦ ਕਰਜ਼ੇ ਮੁਤਾਬਕ ਹੀ ਲਿਸਟਾਂ ਭੇਜ ਦਿੱਤੀਆਂ, ਜਿਸ ਕਾਰਨ ਪਹਿਲੀ ਲਿਸਟ ਵਿੱਚ ਵੱਧ ਜ਼ਮੀਨਾਂ ਵਾਲੇ ਕਰਜ਼ੇ ਮਾਫ਼ੀ ਦਾ ਲਾਭ ਲੈ ਗਏ ਪ੍ਰੰਤੂ ਜੋ ਸਹੀ ਹੱਕਦਾਰ ਸਨ, ਉਹਨਾਂ ਦਾ ਲਿਸਟ ਵਿੱਚ ਨਾਮ ਨਹੀਂ ਆਇਆ | ਜਦੋਂ ਇਸ ਸਬੰਧੀ ਸੋਸਾਇਟੀ ਦੇ ਸੈਕਟਰੀ ਸਾਧੂ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਸਾਡੇ ਵੱਲੋਂ 5 ਏਕੜ ਤੱਕ ਦੇ ਹੱਦ ਕਰਜ਼ੇ ਵਾਲੇ ਕਿਸਾਨਾਂ ਦੀਆਂ ਲਿਸਟਾਂ ਹੀ ਭੇਜੀਆਂ ਗਈਆਂ ਹਨ | ਜਦੋਂ ਉਹਨਾਂ ਤੋਂ ਇਹ ਪੁੱਛਿਆ ਗਿਆ ਕਿ ਕਈ ਵੱਧ ਜਮੀਨਾਂ ਵਾਲੇ ਕਿਸਾਨਾਂ ਦੇ ਹੱਦ ਕਰਜ਼ੇ 5-5 ਏਕੜ ਦੇ ਹੀ ਹਨ ਤਾਂ ਉਹਨਾਂ ਕਿਹਾ ਕਿ ਇਹ ਕੰਮ ਮਾਲ ਵਿਭਾਗ ਦਾ ਹੈ, ਜਿੰਨ੍ਹਾਂ ਨੇ ਜਮੀਨ ਦੇ ਰਿਕਾਰਡ ਨੂੰ ਚੈੱਕ ਕਰਕੇ ਉਪਰ ਭੇਜਣਾ ਹੁੰਦਾ ਹੈ ਤਾਂ ਕਿ ਕੋਈ ਗਲਤ ਲਾਭ ਨਾ ਲੈ ਸਕੇ | ਜਦੋਂ ਇਸ ਸਬੰਧੀ ਮਾਲ ਵਿਭਾਗ ਦੇ ਪਟਵਾਰੀ ਪਿ੍ਥੀ ਸਿੰਘ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਸਾਡੇ ਕੋਲ ਜੋ ਲਿਸਟਾਂ ਆਉਂਦੀਆਂ ਹਨ ਅਸੀਂ ਉਹਨਾਂ ਤੇ ਕਿਸਾਨ ਦੀ ਮਾਲਕੀ ਦੇ ਸਹੀ ਹੱਕ ਲਿਖਕੇ ਭੇਜਦੇ ਹਾਂ ਪ੍ਰੰਤੂ ਸਮੱਸਿਆ ਇਹ ਹੈ ਕਿ ਜੇਕਰ ਕੋਈ ਕਿਸਾਨ ਕਿਸੇ ਹੋਰ ਪੱਤੀ ਜਾਂ ਕਿਸੇ ਹੋਰ ਪਿੰਡ ਜਮੀਨ ਖ਼ਰੀਦੀ ਬੈਠਾ ਹੈ, ਉਸਦਾ ਰਿਕਾਰਡ ਸਾਡੇ ਕੋਲ ਚੈੱਕ ਨਹੀਂ ਹੁੰਦਾ | ਜਿਸ ਕਰਕੇ ਪਟਵਾਰੀ ਪਿ੍ਥੀ ਸਿੰਘ ਨੇ ਵੀ ਇਸ ਗੱਲ ‘ਤੇ ਮੋਹਰ ਲਗਾਈ ਕਿ ਕੁੱਝ ਕਿਸਾਨ ਅਧਿਕਾਰੀਆਂ ਨੂੰ ਪਰਦੇ ਚ ਰੱਖ ਕੇ ਲਾਭ ਲੈ ਸਕਦੇ ਹਨ | ਸੋਸਾਇਟੀ ਮੂਹਰੇ ਇਕੱਠੇ ਹੋਏ ਕਿਸਾਨਾਂ ਵਿੱਚ ਭਾਈ ਉਂਕਾਰ ਸਿੰਘ ਬਰਾੜ ਨੇ ਬੋਲਦਿਆਂ ਕਿਹਾ ਕਿ ਸਰਕਾਰ ਨੂੰ ਹਰ ਇੱਕ ਦਾ ਬਣਦਾ ਹੱਕ ਦਾ ਕਰਜ਼ਾ ਹੀ ਮੁਆਫ਼ ਕਰਨਾ ਚਾਹੀਦਾ ਹੈ ਅਤੇ ਜੋ ਧੋਖਾਧੜੀ ਜਾਂ ਅਧਿਕਾਰੀਆਂ ਅਤੇ ਮੁਲਾਜਮਾਂ ਦੀ ਮਿਲੀਭੁਗਤ ਨਾਲ ਲਾਭ ਖੱਟਣਾ ਚਾਹੰੁਦੇ ਹਨ, ਉਹਨਾਂ ‘ਤੇ ਸ਼ਿਕੰਜਾ ਕਸ ਕੇ ਕਾਰਵਾਈ ਕਰਨੀ ਚਾਹੀਦੀ ਹੈ |