ਭਦੌੜ 02 ਜਨਵਰੀ (ਵਿਕਰਾਂਤ ਬਾਂਸਲ) ਪੰਜਾਬ ਦੀ ਕੈਪਟਨ ਸਰਕਾਰ ਨੇ ਭਾਵੇਂ 5 ਏਕੜ ਤੱਕ ਦੇ ਗਰੀਬ ਕਿਸਾਨਾਂ ਦੇ ਦੋ ਲੱਖ ਤੱਕ ਦੇ ਕਰਜ਼ੇ ਮੁਆਫ਼ ਕਰਨ ਦਾ ਐਲਾਨ ਕੀਤਾ ਹੈ ਪ੍ਰੰਤੂ ਭਦੌੜ ਦੀ ਕੋਆ: ਸੋਸਾਇਟੀ ਦੇ ਮੁਲਾਜਮਾਂ ਦੀ ਬੇਧਿਆਨੀ ਕਾਰਨ ਇੱਕ ਭਦੌੜ ਦਾ ਸਾਢੇ 3 ਏਕੜ ਦਾ ਮਾਲਕ ਕਿਸਾਨ ਕਰਜ਼ਾ ਮੁਆਫ਼ੀ ਲੈਣ ਤੋਂ ਇਸ ਕਰਕੇ ਖੁੰਝ ਗਿਆ ਕਿਉਂਕਿ ਭਦੌੜ ਸੋਸਾਇਟੀ ਵੱਲੋਂ ਉਸਨੂੰ 6 ਏਕੜ ਦੇ ਹੱਦ ਕਰਜ਼ੇ ਵਾਲੀ ਕਾਪੀ ਜਾਰੀ ਕੀਤੀ ਹੋਈ ਹੈ | ਇਸ ਗੱਲ ਦਾ ਪਤਾ ਅੱਜ ਉਸ ਵਕਤ ਲੱਗਾ ਜਦੋਂ ਸੋਸਾਇਟੀ ਅੰਦਰ ਕਰਜ਼ਾ ਮੁਆਫ਼ੀ ਦੀ ਪਹਿਲੀ ਕਿਸ਼ਤ ਦੀ ਲਿਸਟ ਲੱਗੀ ਤਾਂ ਕਰਜ਼ਾ ਮੁਆਫ਼ੀ ਦੀ ਝਾਕ ਵਿੱਚ ਉਕਤ ਕਿਸਾਨ ਵੀ ਕੋਆ: ਸੋਸਾਇਟੀ ਵਿਖੇ ਪੁੱਜਾ ਤਾਂ ਜਦੋਂ ਉਸਨੇ ਆਪਣੇ ਕਰਜ਼ੇ ਮੁਆਫ਼ੀ ਸਬੰਧੀ ਮੁਲਾਜਮਾਂ ਤੋਂ ਪੁੱਛ-ਗਿੱਛ ਕੀਤੀ ਤਾਂ ਉਹਨਾਂ ਕਿਹਾ ਕਿ ਤੇਰੀ ਤਾਂ ਕਾਪੀ 6 ਏਕੜ ਦੀ ਬਣੀ ਹੋਈ ਹੈ, ਜਿਸ ਕਰਕੇ ਤੇਰਾ ਤਾਂ ਲਿਸਟ ਵਿੱਚ ਨਾਮ ਹੀ ਨਹੀਂ ਭੇਜਿਆ | ਕੋਆ: ਸੋਸਾਇਟੀ ਅੰਦਰ ਲੋਹਾ ਲਾਖਾ ਹੋਇਆ ਖੜ੍ਹਾ ਕਿਸਾਨ ਬਿੰਦਰ ਸਿੰਘ ਪੁੱਤਰ ਨਰੰਜਣ ਸਿੰਘ ਵਾਸੀ ਮਹੱਲਾ ਗੁੰਦਾਰੇ ਭਦੌੜ ਨੇ ਇਸ ਪੱਤਰਕਾਰ ਕੋਲ ਆਪਣਾ ਦੁੱਖ ਰੋਂਦਿਆਂ ਦੱਸਿਆ ਕਿ ਸਾਡੇ ਕੋਲ 7 ਏਕੜ ਜਮੀਨ ਹੈ ਅਤੇ ਅਸੀਂ ਦੋ ਭਰਾ ਹਾਂ | ਮੇਰੇ ਦੂਸਰੇ ਭਰਾ ਜਸਪਾਲ ਸਿੰਘ ਦੀ ਕਾਪੀ ਵੱਖਰੀ ਬਣੀ ਹੋਈ ਹੈ ਪ੍ਰੰਤੂ ਮੇਰੀ ਕਾਪੀ ਸੋਸਾਇਟੀ ਦੇ ਮੁਲਾਜਮਾਂ ਵੱਲੋਂ 6 ਏਕੜ ਦੀ ਬਣਾਈ ਹੋਈ ਹੈ, ਜਿਸ ਕਰਕੇ ਮੈਂ ਕਰਜ਼ਾ ਮੁਆਫ਼ੀ ਦੀ ਲਿਸਟ ਚੋਂ ਮੁਲਾਜ਼ਮਾਂ ਦੀ ਅਣਗਹਿਲੀ ਕਾਰਨ ਬਾਹਰ ਹੋ ਗਿਆ ਹਾਂ | ਜਦੋਂ ਇਸ ਸਬੰਧੀ ਸੋਸਾਇਟੀ ਦੇ ਸੈਕਟਰੀ ਸਾਧੂ ਸਿੰਘ ਨਾਲ ਫੋਨ ‘ਤੇ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਇਹ ਕਾਪੀ ਪੁਰਾਣੀ ਬਣੀ ਹੋਈ ਹੈ ਅਤੇ ਪਹਿਲਾਂ ਪਟਵਾਰੀ ਅੰਦਾਜ਼ੇ ਨਾਲ ਹੀ ਲਿਖ ਦਿੰਦੇ ਸਨ, ਜਿਸ ‘ਤੇ ਅਸੀਂ ਕਾਪੀ ਬਣਾ ਦਿੰਦੇ ਸਾਂ | ਉਹਨਾਂ ਕਿਹਾ ਕਿ ਪਹਿਲਾਂ ਉਕਤ ਕਿਸਾਨ ਨੇ ਵੀ ਇਸ ਵੱਲ ਧਿਆਨ ਨਹੀਂ ਮਾਰਿਆ ਅਤੇ ਉਹ ਲੰਬੇ ਸਮੇਂ ਤੋਂ ਸੋਸਾਇਟੀ ਤੋਂ ਲਾਭ ਵੀ 6 ਏਕੜ ਵਾਲੇ ਹੀ ਲੈਂਦਾ ਆ ਰਿਹਾ ਹੈ | ਉਹਨਾਂ ਕਿਹਾ ਕਿ ਹੁਣ ਸਾਡੇ ਕੋਲ ਇੱਕ ਮੇਲ ਆਈ ਹੈ ਜਿਸ ਵਿੱਚ ਉਕਤ ਕਿਸਾਨ ਇਤਰਾਜ਼ ਜਿਤਾ ਸਕਦਾ ਹੈ ਜਿਸ ‘ਤੇ ਗੌਰ ਹੋਣ ਦੀ ਸੂਰਤ ਵਿੱਚ ਉਕਤ ਕਿਸਾਨ ਦਾ ਕਰਜ਼ਾ ਵੀ ਮੁਆਫ਼ ਹੋ ਸਕਦਾ ਹੈ |