ਲੋੜਵੰਦਾਂ ਅਤੇ ਗਰੀਬਾਂ ਨੂੰ ਸਾਫ਼-ਸੁਥਰੇ ਪਹਿਨਣ ਯੋਗ ਕੱਪੜੇ ਮੁਹੱਈਆ ਕਰਵਾਉਣ ਦੇ
ਮੰਤਵ ਨਾਲ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਨਹਿਰੂ ਚੌਂਕ ਨੇੜੇ ਰੇਲਵੇ ਸਟੇਸ਼ਨ ਬਰਨਾਲਾ ਵਿਖੇ
“ਚੈਰਿਟੀ ਸ਼ਾਪ“ ਖੋਲ੍ਹੀ ਗਈ ਹੈ, ਜਿਸ ਦਾ ਉਦਘਾਟਨ ਅੱਜ ਸ਼ਾਮ ਡਿਪਟੀ ਕਮਿਸ਼ਨਰ ਬਰਨਾਲਾ
ਸ਼੍ਰੀ ਘਣਸ਼ਿਆਮ ਥੋਰੀ, ਆਈ.ਏ.ਐਸ. ਵੱਲੋਂ ਕੀਤਾ ਗਿਆ। ਇਸ ਮੌਕੇ ਡਿਪਟੀ ਕਮਿਸ਼ਨਰ ਨੇ
ਦੱਸਿਆ ਕਿ ਰੈੱਡ ਕਰਾਸ ਸੁਸਾਇਟੀ ਬਰਨਾਲਾ ਵੱਲੋਂ ਇਹ ਦੁਕਾਨ ਸ਼ਾਮ 5 ਵਜੇ ਤੋਂ ਰਾਤ 8
ਵਜੇ ਤੱਕ ਖੋਲ੍ਹੀ ਜਾਵੇਗੀ ਅਤੇ ਕੋਈ ਵੀ ਲੋੜਵੰਦ ਵਿਅਕਤੀ ਇੱਥੇ ਆ ਕੇ ਸਾਫ਼-ਸੁਥਰੇ
ਕੱਪੜੇ ਬਹੁਤ ਹੀ ਘੱਟ ਕੀਮਤ ਤੇ ਖ਼ਰੀਦ ਸਕਦਾ ਹੈ। ਉਨ੍ਹਾਂ ਕਿਹਾ ਕਿ ਇਹ ਕੀਮਤ ਦਾਨ
ਕੀਤੇ ਗਏ ਕੱਪੜਿਆਂ ਨੂੰ ਧੋਣ-ਪ੍ਰੈਸ ਕਰਨ ਅਤੇ ਰੱਖ-ਰਖਾਵ ਦਾ ਖਰਚਾ ਹੀ ਹੋਵੇਗੀ।
ਸ੍ਰੀ ਥੋਰੀ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਗਰੀਬਾਂ ਅਤੇ ਲੋੜਵੰਦਾਂ ਦੀ ਭਲਾਈ
ਲਈ ਸ਼ੁਰੂ ਕੀਤੀ ਗਈ ਚੈਰਿਟੀ ਸਕੀਮ ਨੂੰ ਆਮ ਲੋਕਾਂ ਵੱਲੋਂ ਭਰਪੂਰ ਹੁੰਗਾਰਾ ਮਿਲ ਰਿਹਾ
ਹੈ ਅਤੇ ਇਸ ਲੋਕ ਭਲਾਈ ਦੇ ਕੰਮ ਵਿੱਚ ਉਨ੍ਹਾਂ ਵੱਲੋਂ ਵੱਧ-ਚੜ੍ਹ ਕੇ ਸਹਿਯੋਗ ਦਿੱਤਾ
ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ”ਚੈਰਿਟੀ ਸਕੀਮ” ਤਹਿਤ ਕੋਈ ਵੀ ਵਿਅਕਤੀ ਲੋੜਵੰਦ
ਅਤੇ ਗਰੀਬ ਲੋਕਾਂ ਲਈ ਕੱਪੜੇ, ਕਿਤਾਬਾਂ ਅਤੇ ਬੂਟ ਆਦਿ ਦਾਨ ਕਰ ਸਕਦਾ ਹੈ। ਉਨ੍ਹਾਂ
ਕਿਹਾ ਕਿ ਇਸ ਲਈ ਚੈਰਿਟੀ ਚੌਂਕ ਵਿਖੇ ਕੱਪੜੇ ਇੱਕਠੇ ਕਰਨ ਦਾ ਪ੍ਰਬੰਧ ਵੀ ਕੀਤਾ ਗਿਆ
ਹੈ ਅਤੇ ਪ੍ਰਾਪਤ ਹੋਏ ਕੱਪੜੇ ਆਦਿ ਨੂੰ ਲੋੜਵੰਦ ਅਤੇ ਗਰੀਬ ਵਰਗ ਦੇ ਲੋਕਾਂ ਵਿੱਚ
ਵੰਡਿਆ ਜਾ ਰਿਹਾ ਹੈ।
ਉਹਨਾਂ ਕਿਹਾ ਕਿ ਜਿਲ੍ਹਾ ਪ੍ਰਸ਼ਾਸ਼ਨ ਵੱਲੋਂ ਮਾਨਵਤਾ ਦੀ ਭਲਾਈ ਦੇ ਲਈ ਕੰਮਾਂ ਨੂੰ ਪਹਿਲ
ਦੇ ਆਧਾਰ ਤੇ ਕੀਤਾ ਜਾਂਦਾ ਹੈ ਅਤੇ ਸਾਡੇ ਸਮਾਜ ਨੂੰ ਵੀ ਅਜਿਹੇ ਲੋਕ ਭਲਾਈ ਦੇ ਕੰਮਾਂ
ਨੂੰ ਜਿਲ੍ਹਾ ਪ੍ਰਸ਼ਾਸ਼ਨ ਨਾਲ ਮਿਲ-ਜੁਲ ਕੇ ਸਾਂਝੇ ਤੌਰ ਤੇ ਕਰਨਾ ਚਾਹੀਦਾ ਹੈ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸਹਾਇਕ ਕਮਿਸ਼ਨਰ (ਸ਼ਿਕਾਇਤਾਂ) ਡਾ. ਹਿੰਮਾਸ਼ੂ ਗੁਪਤਾ,
ਸੈਕਟਰੀ ਰੈੱਡ ਕਰਾਸ ਵਿਜੈ ਗੁਪਤਾ, ਰਾਜ ਮੁਹਿੰਦਰ ਸ਼ਰਮਾ, ਵਕੀਲ ਚੰਦ ਗੋਇਲ ਅਤੇ ਅਸ਼ੋਕ
ਕੁਮਾਰ ਵੀ ਮੌਜੂਦ ਸਨ।