ਮਹਿਲ ਕਲਾਂ 2 ਜਨਵਰੀ ( ਗੁਰਸੇਵਕ ਸਿੰਘ ਸਹੋਤਾ) ਪੰਜਾਬ ਸਟੇਟ ਇਲੈਕਟਰੀਸਿਟੀ ਬੋਰਡ ਇੰਪਲਾਈਜ ਫੈਡਰੇਸ਼ਨ ਡਵੀਜ਼ਨ ਬਰਨਾਲਾ ਵੱਲੋਂ ਕੈਪਟਨ ਸਰਕਾਰ ਦੇੇ ਰੋਪੜ ਅਤੇ ਬਠਿੰਡਾ ਥਰਮਲ ਪਲਾਟਾ ਨੂੰ ਬੰਦ ਕਰਨ ਦੇ ਫੈਸਲੇ ਦੇ ਵਿਰੋਧ ਵਿੱਚ ਅੱਜ ਬਿਜਲੀ ਕਾਮਿਆ ਅਤੇ ਕਿਸਾਨਾਂ ਵੱਲੋ ਸਬ ਡਵੀਜ਼ਨ ਠੁੱਲੀਵਾਲ ਦਫਤਰ ਵਿਖੇ ਰਾਜ ਸਰਕਾਰ ਖਿਲਾਫ਼ ਰੋਸ ਰੈਲੀ ਕੱਢਕੇ ਜੋਰਦਾਰ ਨਾਅਰੇਬਾਜੀ ਕਰਦਿਆ ਸਰਕਾਰ ਨੂੰ ਰੋਪੜ ਅਤੇ ਬਠਿੰਡਾ ਥਰਮਲ ਪਲਾਟ ਨੂੰ ਬੰਦ ਦਾ ਫੈਸਲਾ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ | ਇਸ ਮੌਕੇ ਜਥੇਬੰਦੀ ਦੇ ਪ੍ਰਧਾਨ ਪਰਮਜੀਤ ਸਿੰਘ,ਸਕੱਤਰ ਸੁਖਦੇਵ ਸਿੰਘ ਅਤੇ ਮੰਡਲ ਸਕੱਤਰ ਜਰਨੈਲ ਸਿੰਘ ਠੁੱਲੀਵਾਲ ਨੇ ਕਿਹਾ ਕਿ ਕੈਪਟਨ ਸਰਕਾਰ ਵੱਲੋਂ ਗੁਰੂ ਨਾਨਕ ਥਰਮਲ ਪਲਾਟ ਬਠਿੰਡਾ ਅਤੇ ਰੋਪੜ ਥਰਮਲ ਪਲਾਟ ਨੂੰ ਤੋੜਨ ਸਬੰਧੀ ਲਿਆ ਫੈਸਲਾ ਮੁਲਾਜ਼ਮ ਅਤੇ ਜਨਤਕ ਹਿੱਤਾਂ ਨੂੰ ਨੁਕਸਾਨ ਪਹੁੰਚਾਉਣ ਵਾਲਾ ਹੈ ਕਿਉਂਕਿ ਇਸ ਫੈਸਲੇ ਨਾਲ ਜਿਥੇ ਹਜ਼ਾਰਾ ਦੀ ਗਿਣਤੀ ‘ਚ ਬਿਜਲੀ ਮੁਲਾਜ਼ਮ ਬੇਰੁਜ਼ਗਾਰ ਹੋਣਗੇ ਉਥੇ ਆਮ ਖਪਤਕਾਰਾਂ ਤੇ ਵੀ ਵਾਧੂ ਬੋਝ ਪਵੇਗਾ | ਉਹਨਾਂ ਕਿਹਾ ਕਿ ਇੱਕ ਪਾਸੇ ਤਾਂ ਸੂਬਾ ਸਰਕਾਰ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਦੇਣ ਦੇ ਵੱਡੇ ਵੱਡੇ ਦਾਅਵੇ ਕਰ ਰਹੀ ਹੈ ਦੂਜੇ ਨਾਦਰਸ਼ਾਹੀ ਫਰਮਾਨ ਜਾਰੀ ਕਰਕੇ ਕੰਮ ਕਰਦੇ ਬਿਜਲੀ ਮੁਲਾਜਮਾ ਨੂੰ ਕੰਮ ਤੋ ਵਿਹਲੇ ਕੀਤਾ ਜਾ ਰਿਹਾ ਹੈ | ਇਸ ਮੌਕੇ ਬਿਜਲੀ ਮੁਲਾਜਮਾ ਅਤੇ ਕਿਸਾਨਾਂ ਨੇ ਮੰਗ ਕੀਤੀ ਕਿ ਇਸ ਮਾਰੂ ਫੈਸਲੇ ਨੂੰ ਤੁਰੰਤ ਵਾਪਸ ਲਿਆ ਜਾਵੇ ਨਹੀ ਤਾਂ ਜਥੇਬੰਦੀ ਕੋਈ ਵੀ ਸੰਘਰਸ਼ ਕਰਨ ਤੋ ਪਿੱਛੇ ਨਹੀ ਹਟੇਗੀ | ਇਸ ਮੌਕੇ ਆਰਏ ਚਮਕੌਰ ਸਿੰਘ,ਨਾਇਬ ਸਿੰਘ ਸਹਾਇਕ ਲਾਈਨਮੈਨ,ਸਰਬਜੀਤ ਸਿੰਘ ਅਤੇ ਜਰਨੈਲ ਸਿੰਘ ਹਾਜਰ ਸਨ |