ਭਿੱਖੀਵਿੰਡ 2 ਜਨਵਰੀ (ਹਰਜਿੰਦਰ ਸਿੰਘ ਗੋਲ੍ਹਣ)-ਵਿਦੇਸ਼ੀ ਖਤਰਨਾਕ ਚਾਇਨਾ ਡੋਰਾ ਨਾਲ
ਹੰੁਦੇ ਹਾਦਸ਼ਿਆਂ ਨੂੰ ਰੋਕਣ ਲਈ ਬੇਸ਼ੱਕ ਪੰਜਾਬ ਸਰਕਾਰ ਵੱਲੋਂ ਚਾਇਨਾ ਡੋਰਾ ‘ਤੇ ਪੂਰਨ
ਤੌਰ ‘ਤੇ ਪਾਬੰਦੀ ਲਗਾਈ ਹੋਈ ਹੈ, ਪਰ ਪਿੰਡਾਂ ਤੇ ਕਸਬਿਆਂ ਵਿਚ ਚਾਇਨਾ ਡੋਰ ਅੱਜ ਵੀ
ਧੜੱਲੇ ਨਾਲ ਵਿਕ ਰਹੀ ਹੈ, ਜਦੋਂ ਕਿ ਪ੍ਰਸ਼ਾਸ਼ਨ ਅੱਖਾਂ ਬੰਦ ਕਰਕੇ ਸੁੱਤਾ ਘਰਾੜੇ ਮਾਰ
ਰਿਹਾ ਹੈ। ਇਸ ਗੰਭੀਰ ਸਮੱਸਿਆ ‘ਤੇ ਚਿੰਤਾਂ ਦਾ ਪ੍ਰਗਟਾਵਾ ਕਰਦਿਆਂ ਆਮ ਆਦਮੀ ਪਾਰਟੀ
ਦੇ ਜਿਲ੍ਹਾ ਮੀਤ ਪ੍ਰਧਾਨ ਸੁਖਬੀਰ ਸਿੰਘ ਵਲਟੋਹਾ ਤੇ ਕਰਮਜੀਤ ਸਿੰਘ ਦਿਉਲ ਨੇ ਆਖਿਆ ਕਿ
ਚਾਇਨਾ ਡੋਰਾ ਨਾਲ ਕਈ ਹਾਦਸ਼ੇ ਵਾਪਰ ਚੁੱਕੇ ਹਨ ਤੇ ਇਸ ਖਤਰਨਾਕ ਡੋਰਾ ਨਾਲ ਕੀਮਤੀ
ਜਾਨਾਂ ਵੀ ਸੰਸਾਰ ਨੂੰ ਅਲਵਿਦਾ ਕਹਿ ਚੁੱਕੀਆਂ ਹਨ। ਉਹਨਾਂ ਆਖਿਆ ਕਿ ਭਵਿੱਖ ਵਿਚ ਕਿਸੇ
ਵੀ ਜਾਨੀ ਨੁਕਸਾਨ ਤੋਂ ਬਚਾਅ ਲਈ ਸਰਕਾਰ ਤੇ ਪ੍ਰਸ਼ਾਸ਼ਨ ਨੇ ਡੋਰਾ ‘ਤੇ ਪਾਬੰਦੀ ਲਗਾ
ਦਿੱਤੀ ਹੈ, ਪਰ ਪ੍ਰਸ਼ਾਸ਼ਨ ਦੀਆਂ ਅੱਖਾਂ ਵਿਚ ਘੱਟਾ ਪਾ ਕੇ ਦੁਕਾਨਦਾਰਾਂ ਵੱਲੋਂ
ਚੋਰੀ-ਛਿਪੇ ਚਾਇਨਾ ਡੋਰ ਵੇਚ ਕੇ ਕਾਨੂੰਨ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ, ਜੋ
ਪ੍ਰਸ਼ਾਸ਼ਨ ਲਈ ਇਕ ਚੁਣੌਤੀ ਹੈ। ਉਪਰੋਕਤ ਆਗੂਆਂ ਨੇ ਜਿਲ੍ਹਾ ਤਰਨ ਤਾਰਨ ਦੇ ਡਿਪਟੀ
ਕਮਿਸ਼ਨਰ ਤੇ ਪੁਲਿਸ ਪ੍ਰਸ਼ਾਸ਼ਨ ਤੋਂ ਮੰਗ ਕੀਤੀ ਕਿ ਚਾਇਨਾ ਡੋਰ ਦੀ ਹੋ ਰਹੀ ਵਿਕਰੀ ਨੂੰ
ਰੋਕਣ ਲਈ ਤੁਰੰਤ ਸਖਤ ਕਦਮ ਉਠਾਏ ਜਾਣ ਤਾਂ ਜੋ ਚਾਇਨਾ ਡੋਰ ਤੋਂ ਹੋਣ ਵਾਲੇ ਜਾਨੀ
ਨੁਕਸਾਨ ਤੋਂ ਆਮ ਲੋਕ ਤੇ ਬੱਚੇ ਬਚ ਸਕਣ। ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ
ਆਪਣੇ ਬੱਚਿਆਂ ਨੂੰ ਚਾਇਨਾ ਡੋਰ ਦੇ ਨੁਕਸਾਨ ਤੋਂ ਜਾਣੂ ਕਰਵਾਉਣ ਤਾਂ ਜੋ ਬੱਚੇ ਚਾਇਨਾ
ਡੋਰ ਖ੍ਰੀਦਣ ਤੋਂ ਤੋਬਾ ਕਰਨ।
ਚਾਇਨਾ ਡੋਰ ਦੇ ਗੰਭੀਰ ਮਸਲੇ ਵੱਲ ਧਿਆਨ ਦੇਵੇ ਜਿਲ੍ਹਾ ਪ੍ਰਸ਼ਾਸ਼ਨ – ਜਗੀਰਦਾਰ ਮਾੜੀਮੇਘਾ
ਸਮਾਜਸੇਵਕ ਆਗੂ ਜਗੀਰਦਾਰ ਕੁਲਦੀਪ ਸਿੰਘ ਮਾੜੀਮੇਘਾ ਨੇ ਆਖਿਆ ਕਿ ਜੇਕਰ ਸਰਕਾਰ ਝੋਨੇ
ਦੇ ਨਾੜ ਨੂੰ ਅੱਗ ਲਗਾਉਣ ਤੋਂ ਰੋਕਣ ਲਈ ਸਖਤ ਕਦਮ ਉਠਾ ਕੇ ਜੁਰਮਾਨੇ ਕਰਕੇ ਕਿਸਾਨਾਂ
ਨੂੰ ਅੱਗ ਲਗਾਉਣ ਤੋਂ ਰੋਕ ਸਕਦੀ ਹੈ ਤਾਂ ਪਾਬੰਦੀ ਦੇ ਬਾਵਜੂਦ ਵੀ ਚਾਇਨਾ ਡੋਰਾ ਦੀ
ਵਿਕਰੀ ਨੂੰ ਕਿਉ ਨਹੀ ਰੋਕ ਸਕਦੀ ? ਜਗੀਰਦਾਰ ਮਾੜੀਮੇਘਾ ਨੇ ਜਿਲ੍ਹਾ ਪ੍ਰਸ਼ਾਸ਼ਨ ਦਾ
ਧਿਆਨ ਇਸ ਗੰਭੀਰ ਮਸਲੇ ਵੱਲ ਦਿਵਾਉਦਿਆਂ ਯੋਗ ਕਦਮ ਉਠਾਉਣ ਦੀ ਮੰਗ ਕੀਤੀ।