Breaking News

ਨਸ਼ਾ, ਸਮਾਜ ਅਤੇ ਦੇਸ਼ ਦੀ ਬਰਬਾਦੀ …………।

ਅੱਜ ਕੱਲ੍ਹ ਮਨੁੱਖੀ ਮਨ ਦੀ ਪਵਿਤੱਰਤਾ ਨੂੰ ਉਨਾਂ ਖ਼ਤਰਾ ਹੋਰ ਕਿਸੇ ਵੀ ਚੀਜ਼ ਤੋਂ ਨਹੀਂ ਹੈ
ਜਿਨਾਂ ਕਿ ਵੱਧ ਰਹੇ ਨਸ਼ਿਆਂ ਦੇ ਰੁਝਾਨ ਤੋਂ ਹੈਂ। ਨਸ਼ਿਆਂ ਦੇ ਮਾਰੂ ਪੱਖ ਤੋਂ ਸਾਰਾ ਸੰਸਾਰ
ਤ੍ਰਾਹ ਤ੍ਰਾਹ ਕਰ ਰਿਹਾ ਹੈ ਕਿਓਂਕਿ ਇਹ ਨਾ ਕੇਵਲ ਆਪਣਾ ਨੁਕਸਾਨ ਕਰਦੇ ਹਨ ਸਗੋਂ ਦੂਜਿਆਂ
ਨੂੰ ਵੀ ਲੈ ਡੁੱਬਦੇ ਹਨ।ਜਿਵੇਂ ਕਿ ਗੁਰ ਬਿਲਾਸ ਪਾਤਸ਼ਾਹੀ ੬ ਵਿੱਚ ਕਿਹਾ ਗਿਆ ਹੈ :-
” ਤਾਂ ਤੇ ਜੋ ਮਦ ਪਾਨ ਕਰ ਬਿਰਥਾ ਜਨਮ ਸੁ ਜਾਇ।
ਨੀਉਧਾਰ ਕੋ ਨਾ ਕਿਊ, ਪਰਾ ਨਰਕ ਮਹਿ ਜਾਇ। ”
ਨਸ਼ਾ ਪੀਣ ਜਾਂ ਕਰਨ ਵਾਲਾ , ਪਰਿਵਾਰ ਤੇ ਦੇਸ਼ ਨੂੰ ਬਰਬਾਦ ਕਰਨ ਵਿੱਚ ਵੱਡਾ ਰੋਲ ਅਦਾ ਕਰਦਾ
ਹੈ। ਪੰਜਾਬ ਵਿੱਚ ਨਸ਼ੇ ਦੇ ਛੇਵੇਂ ਦਰਿਆ ਦੀ ਦੁਹਾਈ ਪਾਈ ਜਾ ਰਹੀ ਹੈ, ਨਸ਼ਿਆਂ ਦੇ ਹੜ੍ਹ ਦੀ
ਗੱਲ ਕੀਤੀ ਜਾ ਰਹੀ ਹੈ , ਪਰ ਕਿਧਰੋਂ ਵੀ ਹਾਂ ਪੱਖੀ ਤਸੱਲੀ ਬਖਸ਼ ਆਵਾਜ਼ ਨਹੀਂ ਮਿਲ ਰਹੀ।ਸਾਰੇ
ਗੋਂਗਲੂਆਂ ਤੋਂ ਮਿੱਟੀ ਹੀ ਝਾੜ ਰਹੇ ਨੇ। ਪੰਜਾਬ ਦਾ ਸੱਭਿਆਚਾਰਕ ਵਿਰਸਾ ਜਿੱਥੇ ਬਾਬਾ ਨਾਨਕ
, ਬਾਬਾ ਫ਼ਰੀਦ ਤੇ ਸਾਈਂ ਬੁੱਲ੍ਹੇ ਸ਼ਾਹ ਵਰਗਿਆਂ ਨੇ ਅਮੀਰ ਕੀਤਾ ਹੈ ਉੱਥੇ ਇਸ ਗੱਲੋਂ ਵੀ
ਮੁਨੱਕਰ ਨਹੀਂ ਹੋਇਆ ਜਾ ਸਕਦਾ ਕਿ ਸਾਡੇ ਸੌੜੀ ਸੋਚ ਵਾਲੇ ਗੀਤਕਾਰ ਅਤੇ ਗਾਇਕ ਵੀ ਲੱਚਰ
ਸਾਹਿਤ ਅਤੇ ਨਸ਼ਿਆਂ ਨੂੰ ਬੜ੍ਹਾਵਾ ਦੇ ਰਹੇ ਹਨ। ਉਦਾਹਰਣ ਵੱਜੋਂ :-
* ਪੁੱਤ ਜੱਟਾਂ ਦੇ ਬਲਾਉਂਦੇ ਬੱਕਰੇ…. ……।
* ਖਾਣ ਬੱਕਰੇ ਤੇ ਪੀਣ ਸ਼ਰਾਬਾਂ ਨੀ ਪੁੱਤ ਸਰਦਾਰਾਂ ਦੇ..।
* ਆਪਣਾ ਪੰਜਾਬ ਹੋਵੇ ਘਰ ਦੀ ਸ਼ਰਾਬ ਹੋਵੇ……..।
* ਨਾਭੇ ਦੀਏ ਬੰਦ ਬੋਤਲੇ…….।
* ਮੈਨੂੰ ਇੱਕ ਦਿਨ ਲਈ ਹੋਸਟਲ ਵਾਲਾ ਕਮਰਾ ਦੇ ਦਿਓ ਜੀ , ਮੈਂ ਰੱਲ ਯਾਰਾਂ ਨਾਲ ਉੱਥੇ ਦਾਰੂ
ਪੀਣੀ ਆ।
ਆਦਿ……।
ਸਾਡਾ ਰਾਜਨੀਤਕ ਢਾਂਚਾ ਵੀ ਬੁਰੀ ਤਰ੍ਹਾਂ ਸੁਰਾ ਅਤੇ ਸੁੰਦਰੀ ਦੇ ਸੁਮੇਲ ਵਿੱਚ ਗ੍ਰਸਤ ਹੈ।
ਕੋਈ ਵੀ ਰਾਜਨੀਤਕ ਕੰਮ ਸੰਪੂਰਨ ਨਹੀਂ ਸਮਝਿਆਂ ਜਾਂਦਾ , ਵੋਟਾਂ ਪੈਣ- ਪਵਾਉਣ ਤੋਂ ਲੈਕੇ
ਕੁਰਸੀ ਸੰਭਾਲਣ ਤੱਕ । ਹਰ ਵਿਆਕਤੀ ਨੂੰ ਜਦ ਤਕ ਸ਼ਰਾਬ ਅਤੇ ਹੋਰ ਨਸ਼ੀਲੀਆਂ ਵਸਤੂਆਂ ਚ ਨਹਾਇਆ
ਨੀ ਜਾਂਦਾ। ਮਹਾਤਮਾ ਗਾਂਧੀ ਨੇ ਇੱਕ ਵਾਰ ਕਿਹਾ ਸੀ,” ਮੈਂ ਭਾਰਤ ਵਿੱਚ ਕੁੱਝ ਹਜ਼ਾਰ ਸ਼ਰਾਬੀ
ਦੇਖਣ ਦੀ ਥਾਂ, ਦੇਸ਼ ਨੂੰ ਬਹੁਤ ਗਰੀਬ ਦੇਖਣਾਂ ਹੀ ਪਸੰਦ ਕਰਾਂਗਾ। ਜੇਕਰ ਪੂਰਨ ਨਸ਼ਾਬੰਦੀ ਲਈ
ਪੂਰਾ ਦੇਸ਼ ਅਨਪੜ੍ਹ ਵੀ ਰਹਿ ਜਾਵੇ ਤਾਂ ਵੀ ਨਸ਼ਾਬੰਦੀ ਦੀ ਉਦੇਸ਼- ਪੂਰਤੀ ਲਈ ਇਹ ਕੋਈ ਮੁੱਲ
ਨਹੀਂ। ”
ਜਦੋਂ ਕਿਸੇ ਦੇਸ਼, ਸੂਬੇ , ਸਮਾਜ ਜਾਂ ਪਰਿਵਾਰ ਨੂੰ ਤਬਾਹ ਕਰਨਾ ਹੋਵੇ ਤਾਂ ਉਸਨੂੰ ਨਸ਼ੇ ਤੇ
ਲਗਾ ਦਿਉ। ਏਹ ਮਿੱਠੀ ਜ਼ਹਿਰ ਹੈ ਅਪਣੇ ਆਪ ਤਬਾਹ ਕਰ ਦੇਵੇਗਾ ਤੇ ਮਾਰ ਦੇਵੇਗਾ। ਨਸ਼ਾ ਇੱਕ ਦਿਨ
ਵਿੱਚ ਨਹੀਂ ਆ ਗਿਆ, ਏਸ ਦੇ ਬਹੁਤ ਸਾਰੇ ਕਾਰਨ ਹਨ, ਜਿੰਨਾ ਕਰਕੇ ਨੌਜਵਾਨ ਏਸ ਰਾਹ ਤੁਰ ਪਏ
ਹਨ। ਪੜ੍ਹੇ ਲਿਖੇ ਹੋਣ ਦੇ ਬਾਵਜੂਦ ਨੌਕਰੀ ਨਾ ਮਿਲਣਾ , ਕੰਮ ਦਾ ਬੋਝ ਤੇ ਨਸ਼ਿਆਂ ਦਾ ਹਰ
ਜਗ੍ਹਾ ਤੇ ਹਰ ਇੱਕ ਨੂੰ ਅਰਾਮ ਨਾਲ ਮਿਲ ਜਾਣਾ। ਅੱਜ ਬਹੁਤ ਸਾਰੇ ਸੋਹਣੇ ਸੁਨੱਖੇ ਨੌਜਵਾਨ ਏਸ
ਮਕੜ ਜਾਲ ਵਿੱਚ ਫਸ ਗਏ ਹਨ। ਹਾਂ,ਟੀ ਵੀ ਚੈਨਲਾਂ ਉੱਤੇ ਨਸ਼ਿਆਂ ਬਾਰੇ ਬਹਿਸ ਹੁੰਦੀ ਹੈ ਪਰ
ਕੋਈ ਇਸ ਪਾਸੇ ਗੱਲ ਨਹੀਂ ਕਰਦਾ ਕਿ ਮਾਵਾਂ ਦੇ ਪੁੱਤਾਂ ਨੂੰ ਇਸ ਦਲਦਲ ਵਿੱਚੋਂ ਕੱਢਣ ਲਈ
ਇਕੱਠੇ ਹੋਈਏ, ਨਸ਼ੇ ਵਰਗੀ ਅਲਾਮਤ ਨੂੰ ਆਪਣੇ ਸਮਾਜ ਵਿੱਚੋਂ ਬਾਹਰ ਕੱਢ ਦਈਏ,ਆਪਣੇ ਨੌਜਵਾਨਾਂ
ਨਾਲ ਕਿਸੇ ਨੂੰ ਦਿਲੋਂ ਹਮਦਰਦੀ ਹੀ ਨਹੀਂ। ਉਹ ਤਾਂ ਕਰਵਾਏ ਗਏ ਸਰਵੇ ਨੂੰ ਗਲਤ ਤੇ ਠੀਕ ਸਿੱਧ
ਕਰਨ ਵਿੱਚ ਸਮਾਂ ਖਰਾਬ ਕਰ ਦਿੰਦੇ ਹਨ , ਇੱਕ ਦੂਸਰੇ ਨੂੰ ਦੋਸ਼ੀ ਸਾਬਤ ਕਰਨ ਵਿੱਚ ਜੋਰ ਲਗਾ
ਰਹੇ ਹੁੰਦੇ ਹਨ। ਕਦੇ ਨਸ਼ਾ ਨਾ ਹੋਣ ਦੀ ਗਲ ਕਰਦੇ ਨੇ, ਕਦੇ ਥੋੜਾ ਤੇ ਕਦੇ ਬਹੁਤਾ। ਕਦੇ ਕਿਸੇ
ਨੇ ਲੋਕਾਂ ਦੀ ਆਵਾਜ਼ ਨੂੰ ਸੁਣਿਆ ਹੈ ? ਲੋਕ ਤਾਂ ਗਲ ਵਿੱਚ ਢੋਲ ਪਾਕੇ ਢੰਡੋਰਾ ਪਿੱਟ ਰਹੇ ਹਨ
ਕਿ ਅਸੀਂ ਬਰਬਾਦ ਹੋ ਰਹੇ ਹਾਂ। ਘਰਾਂ ਦੇ ਘਰ ਤਬਾਹ ਹੋ ਗਏ ਨੇ। ਟੈਗੋਰ ਨੇ ਲਿਖਿਆ ਹੈ,”
ਸਮੁੰਦਰਾਂ ਤੇ ਦਰਿਆਵਾਂ ਦੀ ਨਿਸਬਤ ,ਸ਼ਰਾਬ ਦੀ ਪਿਆਲੀ ਨੇ ਜ਼ਿਆਦਾ ਮਨੁੱਖਾਂ ਨੂੰ ਡੋਬਿਆ ਹੈ
“। ਹੁਣ ਤਾਂ ਨਸ਼ਿਆਂ ਦੀਆਂ ਕਿਸਮਾਂ ਤੇ ਵੰਨਗੀਆਂ ਦਾ ਪਤਾ ਹੀ ਨਹੀਂ। ਹੁਣ ਤਾਂ ਸੁਨਾਮੀ ਦਾ
ਕਹਿਰ ਹੈ । ਪੜ੍ਹੇ ਲਿਖੇ ਨੌਜਵਾਨ, ਆਪਣੇ ਮਾਪਿਆਂ ਦੇ ਪੈਸਿਆਂ ਨਾਲ ਪੜ੍ਹਨ ਦੀ ਥਾਂ ਵੇਖੋ
ਵੇਖੀ ਏਸ ਵਹਿਣ ਵਿੱਚ ਵਹਿ ਜਾਂਦੇ ਹਨ। ਕਈ ਵਾਰ ਬਦਕਿਸਮਤੀ ਉਸ ਤੋਂ ਵੀ ਅੱਗੇ ਲੈ ਤੁਰਦੀ ਹੈ
ਅਤੇ ਆਪਣਾ ਨਸ਼ਾ ਮੁਫ਼ਤ ਕਰਨ ਦੇ ਚੱਕਰ ਵਿੱਚ ਉਹ ਵੇਚਣ ਲੱਗ ਜਾਂਦੇ ਹਨ। ਨੌਕਰੀ ਨਾ ਮਿਲਣਾ ਤੇ
ਮਾਨਸਿਕ ਤੌਰ ਤੇ ਇਸਦਾ ਦਬਾਅ ਹੋਣਾ ਵੀ ਨਸ਼ੇ ਵੱਲ ਨੂੰ ਲੈ ਜਾਂਦਾ ਹੈ। ਡਿਗਰੀਆਂ ਹੱਥਾਂ ਵਿੱਚ
ਫੜੀ, ਨੌਕਰੀ ਦੀ ਪ੍ਰੇਸ਼ਾਨੀ ਤੇ ਮਾਪਿਆਂ ਦੀ ਉਮੀਦਾਂ ਤੇ ਖਰੇ ਨਾ ਉਤਰ ਸਕਣਾ, ਵੀ ਨਸ਼ੇ ਵੱਲ
ਜਾਣ ਦਾ ਕਾਰਨ ਹੈ। ਪਤਾ ਨਹੀਂ ਇੰਨੇ ਕਾਲਜ ਤੇ ਯੂਨੀਵਰਸਟੀਆਂ ਨੂੰ ਕਿਵੇਂ ਵਿਕਾਸ ਦਾ ਨਾ
ਦਿੱਤਾ ਜਾ ਰਿਹਾ ਹੈ , ਜੇਕਰ ਉਥੋਂ ਨਿਕਲਕੇ ਨੌਕਰੀ ਨਹੀਂ, ਰੁਜ਼ਗਾਰ ਨਹੀਂ ਤਾਂ ਇਹ ਸਭ ਬੇਕਾਰ
ਹਨ। ਸਰਕਾਰਾਂ ਨੂੰ ਰੁਜ਼ਗਾਰ ਵੱਲ ਵਧੇਰੇ ਧਿਆਨ ਦੇਣਾ ਚਾਹੀਦਾ ਹੈ। ਜਿੰਨਾ ਘਰਾਂ ਵਿੱਚ ਨਸ਼ਾ
ਵੜ ਗਿਆ ਹੈ ,ਉਹ ਘਰਾਂ ਨੂੰ ਤਬਾਹ ਕਰ ਰਿਹਾ ਹੈ। ਨਸ਼ੇ ਲਈ ਪੈਸੇ ਨਾ ਮਿਲਣ ਤੇ ਘਰ ਵਿੱਚ ਲੜਾਈ
ਝਗੜਾ ਹੁੰਦਾ ਹੈ, ਕੁੱਟ ਮਾਰ ਹੁੰਦੀ ਹੈ। ਨੌਜਵਾਨ ਪੁੱਤ ਮਾਪਿਆਂ ਤੇ ਹੱਥ ਚੁੱਕਦੇ ਨੇ ,ਪਤਨੀ
ਤੇ ਹੱਥ ਚੁੱਕਦੇ ਨੇ। ਉਨ੍ਹਾਂ ਦੇ ਬੱਚੇ ਪੜ੍ਹ ਰਹੇ ਨੇ ! ਮਾਪਿਆਂ ਨੂੰ ਦਵਾ ਦਾਰੂ ਮਿਲ ਰਿਹਾ
ਹੈ ਜਾਂ ਨਹੀਂ ? ਉਨ੍ਹਾਂ ਨੂੰ ਕੋਈ ਪ੍ਰਵਾਹ ਨਹੀਂ। ਕਈਆਂ ਨੇ ਤਾਂ ਨਸ਼ੇ ਪਿੱਛੇ ਮਾਂ ਨੂੰ ਬਾਪ
ਨੂੰ ਜਾ ਘਰਦੇ ਕਿਸੇ ਹੋਰ ਮੈਂਬਰ ਦਾ ਕਤਲ ਹੀ ਕਰ ਦਿੱਤਾ। ਏਹ ਇੱਕ ਅਜਿਹੀ ਹਾਲਤ ਹੈ ਕਿ ਮਾਪੇ
ਜਵਾਨ ਪੁੱਤਾਂ ਤੋਂ ਦੁੱਖੀ ਹੋਏ ਮੌਤ ਮੰਗਦੇ ਨੇ , ਜੇ ਮਰ ਜਾਵੇ ਤਾਂ ਅਰਥੀ ਨੂੰ ਕੰਧਾਂ ਦੇਣਾ
ਔਖਾ ਹੋ ਜਾਂਦਾ। ਕਦੇ ਉਨ੍ਹਾਂ ਘਰਾਂ ‘ ਚ ਜਾਕੇ ਘਰਾਂ ਦਾ ਦਰਦ ਵੇਖੋ ! ਅਗਰ ਜਰਾ ਜਿੰਨੀ ਵੀ
ਇਨਸਾਨੀਅਤ ਹੋਵੇਗੀ ਤਾਂ ਦਿਲ ਰੋ ਪਵੇਗਾ। ਘਰਾਂ ਵਿੱਚ ਵਿਛੇ ਸੱਥਰ ਤੇ ਬੈਠਿਆਂ ਦਾ ਦਰਦ ਸੁਣੋ
, ਕਈਆਂ ਨੇ ਆਪਣੇ ਉਜੜੇ ਘਰ ਦਾ ਦਰਦ ਸੁਣਾ ਦੇਣਾ ਹੈ। ਭਾਵੇਂ ਨਸ਼ਾ ਛੁਡਾਉ ਕੇਂਦਰ , ਸਰਕਾਰ
ਨੇ ਖੋਲੇ ਨੇ , ਨਾ ਡਾਕਟਰ ਪੂਰੇ ਤੇ ਨਾ ਦਵਾਈਆਂ । ਪ੍ਰਾਈਵੇਟ ਨਸ਼ਾ ਛੁਡਾਉ ਕੇਂਦਰ ਵਧੇਰੇ
ਕਰਕੇ ਲੁੱਟ ਦਾ ਕੇਂਦਰ ਬਣ ਕੇ ਰਹਿ ਗਏ। ਦੁੱਖੀਆਂ ਦੀ ਮਜ਼ਬੂਰੀ ਦਾ ਫਾਇਦਾ ਚੁੱਕਿਆ ਜਾ ਰਿਹਾ
ਹੈ ,ਅੱਠ ਦਸ ਹਜ਼ਾਰ ਤੋਂ ਲੈਕੇ ਪੱਚੀ ਹਜ਼ਾਰ ਮਹੀਨਾ ਤੱਕ ਲਿਆ ਜਾਂਦਾ ਹੈ। ਕੋਈ ਕੋਂਸਲਿੰਗ
ਨਹੀਂ, ਕੋਈ ਮਨੋਵਿਗਿਆਨੀ ਡਾਕਟਰ ਨਹੀਂ, ਬੱਸ ਪੈਸੇ ਬਟੋਰਨ ਦਾ ਸਾਧਨ ਬਣਕੇ ਰਹਿ ਗਏ ਨੇ। ਹੋਰ
ਵੀ ਬਦਕਿਸਮਤੀ ਦੀ ਗੱਲ ਕਿ ਲੜਕੀਆਂ ਵੀ ਨਸ਼ੇ ਦੀ ਦਲਦਲ ਵਿੱਚ ਫਸ ਗਈਆਂ। ਜਦੋਂ ਹਾਲਾਤ ਇਹੋ
ਜਿਹੇ ਬਣ ਜਾਣ ਤੇ ਵੀ ਕਿਸੇ ਦੀ ਨੀਂਦ ਨਾ ਖੁੱਲ੍ਹੇ ਤਾਂ ਤਬਾਹੀ ਤੋਂ ਕਿਵੇਂ ਬਚਿਆ ਜਾ ਸਕਦਾ
ਹੈ। ਲੜਕੀਆਂ ਦਾ ਨਸ਼ਾ ਛੁਡਾਉ ਕੇਂਦਰ ਖੋਲਣਾ, ਪਿੱਠ ਥੱਪ ਥਪਾਉਣ ਵਾਲੀ ਗੱਲ ਨਹੀਂ ਹੈ,ਏਹ ਸ਼ਰਮ
ਵਾਲੀ ਗੱਲ ਹੈ। ਫੇਰ ਵੀ ਟੀ ਵੀ ਚੈਨਲਾਂ ਤੇ ਬੈਠਕੇ ਏਹ ਝੱਜੂ ਪਾਉਣਾ ਨਸ਼ਾ ਹੈ ਜਾਂ ਨਹੀਂ ?
ਤਾਂ ਸਿੱਧੇ ਤੌਰ ਤੇ ਇਹ ਕਿਹਾ ਜਾ ਸਕਦਾ ਹੈ ਕਿ ਸਰਕਾਰ ਲੋਕਾਂ ਬਾਰੇ ਗੰਭੀਰ ਹੀ ਨਹੀਂ ਹੈ।
ਇਹ ਤਬਾਹੀ ਐਸੀ ਤਬਾਹੀ ਹੈ ਜਿਸ ਦਾ ਅੰਦਾਜ਼ਾ ਲਗਾਉਣਾ ਵੀ ਔਖਾ ਹੈ। ਇਹ ਖਤਰਨਾਕ ਤਬਾਹੀ ਹੈ।
ਮਿਲਟਨ ਨੇ ਲਿਖਿਆ ਹੈ,” ਸੰਸਾਰ ਦੀਆਂ ਸਾਰੀਆਂ ਸੈਨਾਵਾਂ ਮਿਲਕੇ ਇੰਨੇ ਮਨੁੱਖਾਂ ਤੇ ਐਨੀ
ਜਾਇਦਾਦ ਨੂੰ ਤਬਾਹ ਨਹੀਂ ਕਰ ਸਕਦੀਆਂ, ਜਿੰਨੀ ਕਿ ਨਸ਼ੇ ਕਰਨ ਦੀ ਆਦਤ।” ਹਰ ਸੰਬੰਧਿਤ ਵਿਭਾਗ,
ਪ੍ਰਸ਼ਾਸਨ ਤੇ ਸਰਕਾਰਾਂ ਨੂੰ ਗੰਭੀਰ ਹੋਣਾ ਚਾਹੀਦਾ ਹੈ,ਹਰ ਕੋਈ ਨਸ਼ੇ ਰੂਪੀ ਬਾਰੂਦ ਤੇ ਬੈਠਾ
ਹੈ। ਕਰ ਭਲਾ ਹੋ ਭਲਾ,ਲੋਕਾਂ ਦੇ ਘਰ ਉਜਾੜ ਕੇ ਕਦੇ ਤਾਂ ਉਸਦਾ ਹਿਸਾਬ ਦੇਣਾ ਹੀ ਪਵੇਗਾ।
ਸਰਕਾਰਾਂ ਨੂੰ ਇੱਕ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਨਸ਼ਾ ਸਮਾਜ ਤੇ ਦੇਸ਼ ਦੀ ਤਬਾਹੀ ਹੈ। ਜੇਕਰ
ਇਸ ਕੋਹੜ ਦਾ ਇਲਾਜ਼ ਨਾ ਕੀਤਾ ਗਿਆ ਤਾਂ ਭਵਿੱਖ ਬਹੁਤ ਬੁਰਾ ਹੋਵੇਗਾ।ਇਸ ਲਈ ਲੋੜ ਹੈ ਕਿ ਅਸੀਂ
ਆਮ ਲੋਕ ਇਕਮੁੱਠ ਹੋਕੇ ਹੰਭਲਾ ਮਾਰੀਏ ਤੇ ਸਾਰੀ ਕੌਮ ਨੂੰ ਇਸ ਜਿੱਲਣ ਵਿੱਚੋਂ ਕੱਢੀਏ
ਕਿਓਂਕਿ—
” ਖ਼ੁਦਾ ਨੇ ਆਜ ਤੱਕ ਉਸ ਕੌਮ ਕੀ
ਤਕਦੀਰ ਨਹੀਂ ਬਦਲੀ,
ਨਾ ਹੋ ਅਹਿਸਾਸ ਜਿਸ ਕੋ
ਅਪਨੇ ਹਾਲਾਤ ਬਦਲਨੇ ਕਾ ।

Leave a Reply

Your email address will not be published. Required fields are marked *

This site uses Akismet to reduce spam. Learn how your comment data is processed.