ਮਾਨਸਾ 09 ਜਨਵਰੀ ( ਤਰਸੇਮ ਸਿੰਘ ਫਰੰਡ ) ਮਾਨਸਾ ਜਿਲ੍ਹੇ ਦੀਆਂ ਚਾਰ ਮਹਿਲਾ
ਅਧਿਆਪਕਾਂ ਯੋਗਿਤਾ ਜੋਸ਼ੀ, ਗੁਰਪ੍ਰੀਤ ਕੌਰ, ਆਰਤੀ, ਈਸ਼ਾ ਵੱਲੋਂ ਸਿੱਖਿਆ ਵਿਕਾਸ ਮੰਚ ਮਾਨਸਾ
ਦੀ ਸਰਪ੍ਰਸਤੀ ਹੇਠ ਨਹਿਰੂ ਯੁਵਾ ਕੇਂਦਰ ਮਾਨਸਾ ਦੇ ਸਹਿਯੋਗ ਨਾਲ ਜਿਲ੍ਹੇ ਭਰ ਦੇ ਵੱਖ—ਵੱਖ
ਸਕੂਲਾ ਵਿੱਚ ਧੀਆਂ ਦੀ ਲੋਹੜੀ ਨੁੰ ਸਮਰਪਿਤ ਵੱਖ—ਵੱਖ ਤਰ੍ਹਾਂ ਦੇ ਪ੍ਰੋਗਰਾਮ ਕਰਨ ਦਾ ਅਹਿਮ
ਨਿਰਣਾ ਲਿਆ ਹੈ। ਇਸ ਮੌਕੇ ਲੋਹੜੀ ਬਾਲਦਿਆਂ ਸੱਭਿਆਚਾਰ ਦੀਆਂ ਵੱਖ—ਵੱਖ ਵੰਨਗੀਆਂ ਦੀ
ਪੇਸ਼ਕਾਰੀ ਅਤੇ ਹੋਣਹਾਰ ਨੰਨ੍ਹੀਆਂ ਬੱਚੀਆਂ ਦਾ ਸਨਮਾਨ ਵੀ ਕੀਤਾ ਜਾਵੇਗਾ।
ਇਹ ਚਾਰੇ ਮਹਿਲਾ ਅਧਿਆਪਕਾਵਾਂ ਜੋ ਸਿੱਖਿਆ ਵਿਕਾਸ ਮੰਚ ਦੀਆਂ ਸੀਨੀਅਰ ਮੀਤ ਪ੍ਰਧਾਨਾਂ
ਹਨ ਨੇ ਨੰਨ੍ਹੀਆਂ ਧੀਆਂ ਦੇ ਉਤਸ਼ਾਹ ਨੂੰ ਵਧਾਉਣ ਅਤੇ ਲਿੰਗ ਬਰਾਬਰੀ ਲਈ ਚੇਤਨਤਾ ਪੈਦਾ ਕਰਨ
ਲਈ ਵਿਸ਼ੇਸ਼ ਮੁਹਿੰਮ ਵਿੱਢਣ ਦਾ ਫੈਸਲਾ ਕੀਤਾ ਹੈ। ਉਨ੍ਹਾਂ ਦੱਸਿਆ ਕਿ ਇਹ ਸਮਾਗਮ ਲੋਹੜੀ ਵਾਲੇ
ਦਿਨ ਛੁੱਟੀ ਹੋਣ ਕਾਰਨ 12 ਜਨਵਰੀ ਨੂੰ ਵੱਖ—ਵੱਖ ਸਕੂਲਾਂ ਵਿੱਚ ਕੀਤੇ ਜਾਣਗੇ। ਮੰਚ ਦੇ
ਪ੍ਰਧਾਨ ਹਰਦੀਪ ਸਿੰਘ ਸਿੱਧੂ ਅਤੇ ਜਨਰਲ ਸਕੱਤਰ ਰਾਜੇਸ਼ ਕੁਮਾਰ ਬੁਢਲਾਡਾ ਨੇ ਦੱਸਿਆ ਕਿ ਮੰਚ
ਦੀਆਂ ਸੀਨੀਅਰ ਆਗੂਆਂ ਵੱਲੋਂ ਧੀਆਂ ਦੀ ਲੋਹੜੀ ਨੂੰ ਸਮਰਪਿਤ ਕਰਵਾਏ ਜਾ ਰਹੇ ਚੇਤਨਤਾ
ਪ੍ਰੋਗਰਾਮਾਂ ਲਈ ਮੰਚ ਵੱਲੋਂ ਹਰ ਤਰ੍ਹਾਂ ਦਾ ਸਹਿਯੋਗ ਕੀਤਾ ਜਾਵੇਗਾ।
ਨਹਿਰੂ ਯੁਵਾ ਕੇਂਦਰ ਦੇ ਬੁਲਾਰੇ ਸੰਦੀਪ ਘੰਡ ਅਤੇ ਮੰਚ ਦੇ ਸਲਾਹਕਾਰ ਡਾ. ਬੂਟਾ ਸਿੰਘ
ਬੋੜਾਵਾਲ ਸੀਨੀਅਰ ਆਗੂ ਸੁਦਰਸ਼ਨ ਰਾਜੂ, ਰਣਧੀਰ ਸਿੰਘ ਆਦਮਕੇ, ਬਲਵਿੰਦਰ ਸ਼ਰਮਾ, ਸ਼ਸ਼ੀ ਭੂਸ਼ਣ,
ਭੁਪਿੰਦਰ ਸਿੰਘ ਤੱਗੜ, ਅਕਬਰ ਸਿੰਘ ਬੱਪੀਆਣਾ ਅਤੇ ਗੁਰਮੀਤ ਸਿੰਘ ਨੇ ਕਿਹਾ ਕਿ ਵਰਤਮਾਨ ਸਮੇਂ
ਦੌਰਾਨ ਬੇਸ਼ੱਕ ਸਮਾਜਿਕ ਚੇਤਨਤਾ ਵਧਣ ਕਾਰਨ ਲਿੰਗ ਅਨੁਪਾਤ ਵਿੱਚ ਪਹਿਲਾਂ ਨਾਲੋਂ ਅੰਤਰ ਘਟਿਆ
ਹੈ ਪਰ ਇਸ ਦੇ ਬਾਵਜੂਦ ਲਿੰਗ ਬਰਾਬਰੀ ਲਈ ਸਮਾਜਿਕ ਚੇਤਨਤਾ ਦੀ ਵੱਡੀ ਲੋੜ ਹੈ। ਜਿਸ ਦੇ ਮੱਦੇ
ਨਜ਼ਰ ਮੰਚ ਦੀਆਂ ਮਹਿਲਾ ਅਧਿਆਪਕ ਆਗੂਆਂ ਵੱਲੋਂ ਸਿੱਖਿਆ ਸੰਸਥਾਵਾਂ ਵਿੱਚ ਧੀਆਂ ਦੀ ਲੋਹੜੀ
ਮਨਾ ਕੇ ਇਸ ਸਬੰਧੀ ਚੇਤਨਤਾ ਮੁਹਿੰਮ ਵਿੱਢਣ ਦਾ ਨਿਰਣਾ ਲਿਆ ਹੈ।