ਐਸ. ਡੀ. ਕਾਲਜ ਵਿਖੇ ‘ਬੇਟੀ ਬਚਾਓ, ਬੇਟੀ ਪੜ੍ਹਾਓ’ ਮੁਹਿੰਮ ਤਹਿਦ ਸੱਤ ਰੋਜ਼ਾ ਐਨ.ਐਸ.ਐਸ ਕੈਂਪ ਦਾ ਆਗ਼ਾਜ਼
ਵਿਦਿਆਰਥੀ ਵਿਗਿਆਨਕ ਸੋਚ ਅਪਣਾਉਣ – ਡਿਪਟੀ ਕਮਿਸ਼ਨਰ ਥੋਰੀ
ਬਰਨਾਲਾ, 9 ਜਨਵਰੀ – ਐਸ. ਡੀ. ਕਾਲਜ ਵਿਖੇ ਸੱਤ ਰੋਜ਼ਾ ਐਨ.ਐਸ.ਐਸ ਕੈਂਪ ਦਾ ਆਰੰਭ ਹੋ ਗਿਆ ਹੈ | ‘ਬੇਟੀ ਬਚਾਓ, ਬੇਟੀ ਪੜ੍ਹਾਓ’ ਮੁਹਿੰਮ ਤਹਿਤ 9 ਤੋਂ 15 ਜਨਵਰੀ ਤੱਕ ਲਗਾਏ ਜਾ ਰਹੇ ਇਸ ਕੈਂਪ ਦਾ ਰਸਮੀ ਆਰੰਭ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸ੍ਰੀ ਘਣਸ਼ਿਆਮ ਥੋਰੀ ਨੇ ਕੀਤਾ | ਉਹਨਾਂ ਆਪਣੇ ਸੰਬੋਧਨ ਵਿਚ ਕਾਲਜ ਵੱਲੋਂ ਇਸ ਸੰਵੇਦਨਸ਼ੀਲ ਮੁੱਦੇ ਨੂੰ ਜ਼ੋਰ ਸ਼ੋਰ ਨਾਲ ਉਠਾਉਣ ਦੀ ਖੁੱਲ੍ਹ ਕੇ ਤਾਰੀਫ਼ ਕੀਤੀ | ਉਹਨਾਂ ਕਿਹਾ ਪੰਜਾਬ ਅਤੇ ਹਰਿਆਣਾ ਵਰਗੇ ਆਧੁਨਿਕ ਸੂਬਿਆਂ ਵਿਚ ਲੜਕੀਆਂ ਦੀ ਔਸਤ ਦਰ ਘੱਟ ਹੋਣਾ ਸਾਡੇ ਸਾਰਿਆਂ ਲਈ ਸ਼ਰਮ ਦਾ ਮੁਕਾਮ ਹੈ | ਉਹਨਾਂ ਆਸ ਪ੍ਰਗਟਾਈ ਕਿ ਇਹਨਾਂ ਸੱਤ ਦਿਨਾਂ ਵਿਚ ਕਾਲਜ ਦੇ ਵਲੰਟੀਅਰ ਭਰੂਣ ਹੱਤਿਆ ਵਰਗੀਆਂ ਕਰੂਤੀਆਂ ਬਾਰੇ ਜਾਗਰੂਕ ਹੋ ਕੇ ਸਮਾਜ ਨੂੰ ਨਵੀਂ ਸੇਧ ਦੇਣ ਦਾ ਕੰਮ ਕਰਨਗੇ | ਇਸ ਤੋਂ ਪਹਿਲਾਂ ਐਸ. ਡੀ. ਕਾਲਜ ਵਿੱਦਿਅਕ ਸੰਸਥਾਵਾਂ ਦੇ ਜਨਰਲ ਸਕੱਤਰ ਸ੍ਰੀ ਜਤਿੰਦਰ ਨਾਥ ਸ਼ਰਮਾ ਰਸਮੀ ਸਵਾਗਤ ਕਰਦਿਆਂ ਕਿਹਾ ਕਿ ਵਿਦਿਆਰਥੀ ਐਨ.ਐਸ.ਐਸ ਮਾਟੋ ‘ਮੈਂ ਨਹੀਂ, ਤੂੰ’ ਤੋਂ ਪ੍ਰੇਰਣਾ ਲੈਂਦੇ ਹੋਏ ਆਪਣੇ ਹਊਮੈ ਨੂੰ ਪਿੱਛੇ ਰੱਖ ਕੇ ਸਮਾਜਿਕ ਕਾਰਜਾਂ ਵਿਚ ਵੱਧ ਤੋਂ ਵੱਧ ਯੋਗਦਾਨ ਪਾਉਣਗੇ | ਉਹਨਾਂ ਨੇ ਲੋਕ ਭਲਾਈ ਦੇ ਕਾਰਜਾਂ ਵਿਚ ਸੰਸਥਾ ਦੁਆਰਾ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਦਾ ਵੀ ਜ਼ਿਕਰ ਕੀਤਾ | ਐਨ.ਐਸ.ਐਸ ਕੋਆਰਡੀਨੇਟਰ ਪ੍ਰੋ. ਨਿਰਮਲ ਗੁਪਤਾ ਨੇ ਸੱਤ ਦਿਨਾਂ ਕੈਂਪ ਦੌਰਾਨ ਹੋਣ ਵਾਲੀਆਂ ਗਤੀਵਿਧੀਆਂ ਦੀ ਰਿਪੋਰਟ ਪੜ੍ਹੀ | ਇਸ ਮੌਕੇ ਐਸ. ਡੀ. ਕਾਲਜ ਵੱਲੋਂ ਅਨਾਜ ਮੰਡੀ ਵਿਚ ਸਥਿਤ ਝੁੱਗੀ ਝੌਾਪੜੀਆਂ ਵਿਚ ਰਹਿਣ ਵਾਲੀਆਂ 50 ਛੋਟੀਆਂ ਬੱਚੀਆਂ ਅਤੇ ਔਰਤਾਂ ਨੂੰ ਸਵੈਟਰ, ਜੁੱਤੀਆਂ, ਜੁਰਾਬਾਂ ਅਤੇ ਸ਼ਾਲ ਵੀ ਵੰਡੇ ਗਏ | ਕਾਲਜ ਪਿ੍ੰਸੀਪਲ ਡਾ. ਰਮਾ ਸ਼ਰਮਾ ਨੇ ਧੰਨਵਾਦੀ ਸ਼ਬਦ ਕਹਿੰਦਿਆਂ ਵਾਅਦਾ ਕੀਤਾ ਕਿ ਅਜਿਹੀਆਂ ਕਾਰਵਾਈਆਂ ਲਗਾਤਾਰ ਜਾਰੀ ਰਹਿਣਗੀਆਂ | ਸਟੇਜ ਸਕੱਤਰ ਪ੍ਰੋਗਰਾਮ ਅਫ਼ਸਰ ਪ੍ਰੋ. ਰੀਤੂ ਅਗਰਵਾਲ ਨੇ ਦੱਸਿਆ ਕਿ ਇਸ ਕੈਂਪ ਵਿਚ 160 ਵਿਦਿਆਰਥੀ ਸ਼ਿਰਕਤ ਕਰ ਰਹੇ ਹਨ | ਇਸ ਮੌਕੇ ਡਾ. ਹਿਮਾਂਸ਼ੂ ਗੁਪਤਾ ਪੀ.ਸੀ.ਐਸ, ਸ੍ਰੀ. ਪਵਿੱਤਰ ਸਿੰਘ ਪੀ.ਸੀ.ਐਸ, ਮੀਤ ਪ੍ਰਧਾਨ ਸ੍ਰੀ ਨਰੇਸ਼ ਸਿੰਗਲਾ, ਡਾਇਰੈਕਟਰ ਸ੍ਰੀ ਹਰਦਿਆਲ ਸਿੰਘ ਅੱਤਰੀ, ਪ੍ਰੋਗਰਾਮ ਅਫ਼ਸਰ ਡਾ. ਕੁਲਭੂਸ਼ਣ ਰਾਣਾ, ਮੈਡਮ ਅਨਾਮਿਕਾ ਭਾਰਦਵਾਜ, ਪ੍ਰੋ. ਜਸਬੀਰ ਸਿੰਘ, ਡਾ. ਬਲਤੇਜ ਸਿੰਘ, ਵੱਖ-ਵੱਖ ਸੰਸਥਾਵਾਂ ਦੇ ਪਿ੍ੰਸੀਪਲ ਅਤੇ ਅਧਿਆਪਕ ਮੌਜੂਦ ਸਨ |