ਭਿੱਖੀਵਿੰਡ 15 ਜਨਵਰੀ (ਭੁਪਿੰਦਰ ਸਿੰਘ)-ਮਾਣਯੋਗ ਸੁਪਰੀਮ ਕੋਰਟ ਵੱਲੋਂ ਆਪਣੇ ਹੁਕਮਾਂ ਨਾਲ ਜਿਉਂ ਦੀ ਤਿਉਂ ਬਹਾਲ ਕੀਤੀ ਨਗਰ ਪੰਚਾਇਤ ਭਿੱਖੀਵਿੰਡ ਦੀ ਕਮੇਟੀ ਵੱਲੋਂ ਪੁਰਾਣੇ ਤਿੰਨ ਮੁਲਾਜਮਾਂ ਨੰੂ ਰੱਖ ਲੈਣਾ ਤੇ ਬਾਕੀ ਮੁਲਾਜਮਾਂ ਨੰੂ ਅੰਗੂਠਾ ਵਿਖਾ ਦੇਣਾ ਮਾਣਯੋਗ ਸੁਪਰੀਮ ਕੋਰਟ ਦੇ ਹੁਕਮਾਂ ਦੀ ਤੌਹੀਨ ਤੇ ਲੋਕਤੰਤਰ ਦਾ ਕਤਲ ਕਰਨ ਬਰਾਬਰ ਹੈ| ਇਹਨਾਂ ਸ਼ਬਦਾਂ ਦਾ ਪ੍ਗਟਾਵਾ ਸਫਾਈ ਸੇਵਕ ਯੂਨੀਅਨ ਪੰਜਾਬ, ਪੰਜਾਬ ਸੁਬਾਰਡੀਨੇਟ ਸਰਵਿਸ ਫੈਡਰੇਸ਼ਨ, ਪੀ.ਐਸ.ਈ.ਬੀ ਇੰਪਲਾਈਜ ਫੈਡਰੇਸ਼ਨ (ਏਟਕ), ਪੀ.ਡਬਲਿਊ.ਡੀ ਫੀਲਡ ਐਂਡ ਵਰਕਸ਼ਾਪ ਵਰਕਰ ਯੂਨੀਅਨ, ਜਮਹੂਰੀ ਕਿਸਾਨ ਸਭਾ ਪੰਜਾਬ, ਸਿੰਚਾਈ ਵਿਭਾਗ ਯੂਨੀਅਨ ਪੰਜਾਬ, ਪੰਜਾਬ ਮਿਊਸਪਲ ਵਰਕਰ ਫੈਡਰੇਸ਼ਨ, ਪਟਵਾਰ ਯੂਨੀਅਨ ਪੰਜਾਬ, ਆਂਗਣਵਾੜੀ ਮੁਲਾਜਮ ਯੂਨੀਅਨ ਪੰਜਾਬ, ਲੋਅਰ ਗਰੇਡ ਮਿਊਸਪਲ ਇੰਪਲਾਈਜ ਯੂਨੀਅਨ, ਲੋਕ ਇਨਸਾਫ ਪਾਰਟੀ, ਆਮ ਆਦਮੀ ਪਾਰਟੀ ਆਦਿ ਵੱਖ-ਵੱਖ ਮੁਲਾਜਮ ਜਥੇਬੰਦੀਆਂ, ਯੂਨੀਅਨਾਂ ਤੇ ਸਿਆਸੀ ਪਾਰਟੀਆਂ ਦੇ ਸਹਿਯੋਗ ਨਾਲ ਨਗਰ ਪੰਚਾਇਤ ਭਿੱਖੀਵਿੰਡ ਦੇ ਦਫਤਰ ਅੱਗੇ ਰੋਜਾਨਾਂ ਦਿੱਤੇ ਜਾ ਰਹੇ ਧਰਨੇ ਨੰੂ ਸੰਬੋਧਨ ਕਰਦਿਆਂ ਸਫਾਈ ਸੇਵਕ ਯੂਨੀਅਨ ਭਿੱਖੀਵਿੰਡ ਪ੍ਧਾਨ ਲਾਟੀ ਸਿੰਘ, ਵਾਈਸ ਪ੍ਧਾਨ ਅਵਤਾਰ ਸਿੰਘ, ਜਨਰਲ ਸਕੱਤਰ ਸਤਨਾਮ ਕੌਰ ਨੇ ਕੀਤਾ ਤੇ ਆਖਿਆ ਕਿ ਭਾਰਤ ਦੀ ਸਰਵ ਉੱਚ ਅਦਾਲਤ ਵੱਲੋਂ ਸੁਣਾਏ ਹੋਏ ਫੈਸਲੇ ਨੰੂ ਮੰਨਦੇ ਹੋਏ ਸਥਾਨਕ ਸਰਕਾਰ ਵਿਭਾਗ ਪੰਜਾਬ ਵੱਲੋਂ ਪੁਰਾਣੇ ਤਿੰਨ ਮੁਲਾਜਮਾਂ ਨੰੂ ਸਿਆਸੀ ਸ਼ਹਿ ‘ਤੇ ਰੈਗੂਲਰ ਰੱਖ ਲਿਆ, ਪਰ ਬਾਕੀਆਂ ਮੁਲਾਜਮਾਂ ਨੰੂ ਡਿਊਟੀ ‘ਤੇ ਰੱਖਣ ਦੀ ਬਜਾਏ ਨਵੇਂ ਮੁਲਾਜਮਾਂ ਨੰੂ ਰੱਖ ਕੇ ਕਾਨੰੂਨ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ| ਇਸ ਮੌਕੇ ਦਵਿੰਦਰ ਸਿੰਘ, ਕੋਮਲ ਰਾਣੀ, ਜਸਬੀਰ ਕੌਰ, ਅਨੀਤਾ ਰਾਣੀ, ਦੀਪਕ ਕੁਮਾਰ, ਜੀਤੋ, ਬਲਵਿੰਦਰ ਸਿੰਘ, ਰਮੇਸ਼ ਬੰਗੜ, ਗੁਰਵੇਲ ਸਿੰਘ, ਉਧਮ ਸਿੰਘ, ਕੁਲਦੀਪ ਸਿੰਘ, ਗੁਰਦੀਪ ਸਿੰਘ, ਕੁਲਵੰਤ ਕੌਰ, ਦਲਜੀਤ ਕੁਮਾਰ ਸਾਥੀ ਖਾਲੜਾ, ਬਿੰਦਰ ਸਿੰਘ, ਗੱਬਰ ਸਿੰਘ, ਪੱਪੂ, ਮੁਖਤਿਆਰ ਸਿੰਘ ਮੁੱਖੀ, ਅਵਤਾਰ ਸਿੰਘ ਬੂੜਚੰਦ ਆਦਿ ਪੁਰਾਣੇ ਮੁਲਾਜਮ ਹਾਜਰ ਸਨ|
ਡਾਇਰੈਕਟਰ ਸਥਾਨਕ ਸਰਕਾਰ ਪੰਜਾਬ ਨੇ ਝਾੜਿਆ ਪੱਲਾ
ਆਪਣੀ ਨੌਕਰੀ ਦੀ ਬਹਾਲੀ ਲਈ ਸ਼ੰਘਰਸ਼ ਕਰ ਰਹੇ ਨਗਰ ਪੰਚਾਇਤ ਭਿੱਖੀਵਿੰਡ ਦੇ ਪੁਰਾਣੇ ਮੁਲਾਜਮਾਂ ਸੰਬੰਧੀ ਸਥਾਨਕ ਸਰਕਾਰ ਵਿਭਾਗ ਪੰਜਾਬ ਦੇ ਡਾਇਰੈਕਟਰ ਕਰਨੇਸ਼ ਸ਼ਰਮਾ ਨਾਲ ਟੈਲੀਫੋਨ ‘ਤੇ ਗੱਲ ਕੀਤੀ ਤਾਂ ਉਹਨਾਂ ਨੇ ਠੋਸ ਉਤਰ ਦੇਣ ਦੀ ਬਜਾਏ ਇਹ ਕਹਿ ਕੇ ਪੱਲਾ ਝਾੜ ਦਿੱਤਾ ਕਿ ਡਿਪਟੀ ਡਾਇਰੈਕਟਰ ਅੰਮਿ੍ਤਸਰ ਨੰੂ ਪੁੱਛਿਆ ਜਾਵੇ| ਦੱਸਣਯੋਗ ਹੈ ਕਿ ਡਿਪਟੀ ਡਾਇਰੈਕਟਰ ਅੰਮਿ੍ਤਸਰ ਸੋਰਵ ਅਰੋੜਾ ਨੰੂ ਬੀਤੇ ਮਹੀਨੇ ਵਿਚ ਮੁਲਾਜਮਾਂ ਵੱਲੋਂ ਮੰਗ ਪੱਤਰ ਦੇ ਕੇ ਆਪਣੀ ਨੌਕਰੀ ਨੰੂ ਬਹਾਲ ਕਰਨ ਦੀ ਮੰਗ ਕੀਤੀ ਸੀ, ਪਰ ਡਿਪਟੀ ਡਾਇਰੈਕਟਰ ਨੇ ਕਾਰਵਾਈ ਕਰਨ ਦੀ ਬਜਾਏ ਹੱਥ ਖੜ੍ਹੇ ਕਰਦਿਆਂ ਇਹ ਮਾਮਲਾ ਮਹਿਕਮਾ ਸਥਾਨਕ ਸਰਕਾਰ ਵਿਭਾਗ ਦੇ ਪਾਲੇ ਵਿਚ ਸੁੱਟ ਦਿੱਤਾ ਸੀ|
ਇਨਸਾਫ ਨਾ ਦਿੱਤਾ ਤਾਂ ਪੰਜਾਬ ਪੱਧਰ ‘ਤੇ ਹੋਵੇਗਾ ਸ਼ੰਘਰਸ਼ – ਸੂਬਾ ਪ੍ਧਾਨ ਕੁਲਦੀਪ ਕੁਮਾਰ
ਸਫਾਈ ਸੇਵਕ ਯੂਨੀਅਨ ਪੰਜਾਬ ਦੇ ਸੂਬਾ ਪ੍ਧਾਨ ਕੁਲਦੀਪ ਕੁਮਾਰ ਨੇ ਦੱਸਿਆ ਇਹ ਭਿੱਖੀਵਿੰਡ ਦੇ ਮੁਲਾਜਮਾਂ ਦਾ ਮਾਮਲਾ ਯੂਨੀਅਨਾਂ ਦੀਆਂ ਮੁੱਖ ਮੰਗਾਂ ਵਿਚ ਇਕ ਹੈ, ਜਿਸ ਨੰੂ ਮਹਿਕਮਾ ਸਥਾਨਕ ਸਰਕਾਰ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਵਿਚ ਰੱਖ ਕੇ ਇਨਸਾਫ ਦਿਵਾਇਆ ਜਾਵੇਗਾ| ਜੇਕਰ ਮਹਿਕਮੇ ਨੇ ਪੁਰਾਣੇ ਮੁਲਾਜਮਾਂ ਨਾਲ ਇਨਸਾਫ ਨਾ ਕੀਤਾ ਤਾਂ ਪੰਜਾਬ ਪੱਧਰ ‘ਤੇ ਸ਼ੰਘਰਸ਼ ਆਰੰਭ ਕਰਕੇ ਮਹਿਕਮੇ ਦੇ ਨੱਕ ਵਿਚ ਦਮ ਕਰ ਦਿੱਤਾ ਜਾਵੇਗਾ|