ਨਿੰਦਾ ਚੁਗਲੀ,ਇੱਕੋ ਸਿੱਕੇ ਦੇ ਦੋ ਪਾਸੇ ਹਨ।ਤਕਰੀਬਨ ਦੂਸਰੇ ਦੀ ਪਿੱਠ ਪਿੱਛੇ ਕੀਤੀ ਦੂਸਰੇ
ਦੀ ਗੱਲ ਨੂੰ ਚੁਗਲੀ ਵਿੱਚ ਮੰਨਿਆ ਜਾਂਦਾ ਹੈ ਤੇ ਉਸਦੀ ਹੈਸੀਅਤ ਤੇ ਉਸਦੀ ਅਸਲੀਅਤ ਨੂੰ
ਘਟਾਕੇ ਕਹਿਣਾ ਨਿੰਦਾ ਹੁੰਦੀ ਹੈ।ਏਹ ਉਹ ਆਦਤ ਹੈ ਜਿਸ ਨਾਲ ਬੰਦਾ ਆਪਣਾ ਸੁੱਖ ਚੈਨ ਵੀ ਗੁਆ
ਬੈਠਦਾ ਹੈ।ਨਰਿੰਦਰ ਸਿੰਘ ਕਪੂਰ ਨੇ ਲਿਖਿਆ ਹੈ,”ਕਿਸੇ ਨੂੰ ਉਸਦੀ ਅਸਲੀਅਤ ਨਾਲੋਂ ਘਟਾਕੇ ਜਾਂ
ਵਿਗਾੜਕੇ ਪੇਸ਼ ਕਰਨ ਨੂੰ ਨਿੰਦਾ ਕਹਿੰਦੇ ਹਨ।”ਜਿਹੜਾ ਬੰਦਾ ਦੂਸਰਿਆਂ ਬਾਰੇ ਬੁਰਾ ਬੋਲਦਾ ਹੈ
ਉਹ ਮਾਨਸਿਕ ਤੌਰ ਤੇ ਬੀਮਾਰ ਕਿਹਾ ਜਾ ਸਕਦਾ ਹੈ ਤੇ ਹੀਣ ਭਾਵਨਾ ਦਾ ਸ਼ਿਕਾਰ।ਜਦੋਂ ਉਹ ਦੂਸਰੇ
ਨੂੰ ਨੀਵਾਂ ਵਿਖਾ ਰਿਹਾ ਹੁੰਦਾ ਹੈ ਤਾਂ ਉਸਦਾ ਪੂਰਾ ਜ਼ੋਰ ਏਸ ਗੱਲ ਤੇ ਲੱਗਿਆ ਹੁੰਦਾ ਹੈ ਕਿ
ਬਹੁਤ ਬਹਿਤਰ ਹਾਂ।ਕਾਂ,ਹੰਸ ਦੀ ਚਾਲ ਚੱਲਣ ਦੀ ਕੋਸ਼ਿਸ਼ ਕਰੇਗਾ ਤਾਂ ਆਪਣੀ ਵੀ ਭੁੱਲ ਜਾਏਗਾ।ਉਹ
ਨਾ ਕਾਂ ਰਹੇਗਾ ਤੇ ਨਾ ਹੰਸ ਬਣ ਸਕੇਗਾ।ਇਸ ਨਾਲ ਉਸਦੀ ਹੋਂਦ ਮਰ ਜਾਂਦੀ ਹੈ।ਚੁਗਲੀ ਅਤੇ
ਨਿੰਦਾ ਕਰਨ ਨਾਲ ਤੁਹਾਡਾ ਆਪਣਾ ਸੁੱਖ ਚੈਨ ਖਤਮ ਹੋ ਜਾਂਦਾ ਹੈ।ਝੂਠ ਦੇ ਪੈਰ ਨਹੀਂ
ਹੁੰਦੇ।ਪਿਛੋਂ ਗੱਲ ਕਰਨਾ ਤੇ ਨੁਕਸਾਨ ਪਹੁੰਚਾਣ ਵਾਲਾ ਗ਼ਦਾਰ ਹੁੰਦਾ ਹੈ।ਯਾਦ ਰੱਖੋ ਅੱਜ
ਤੁਸੀਂ ਉਸਦਾ ਸਾਥ ਦੇ ਰਹੇ ਹੋ,ਤੁਹਾਡੀ ਅਗਰ ਏਹ ਆਦਤ ਨਹੀਂ ਤਾਂ ਤੁਸੀਂ ਵੀ ਕੁਝ ਵਕਤ ਬਾਦ
ਉਵੇਂ ਦੇ ਹੋ ਜਾਉਗੇ।ਟੂਨੀਸ਼ੀਆ ਕਹਾਵਤ ਹੈ,”ਮੁਰਗੇ ਨਾਲ ਰਾਤ ਕੱਟਣ ਵਾਲਾ ਸਵੇਰੇ ਆਪ ਵੀ ਕੁੜ
ਕੁੜ ਕਰਨ ਲਗਦਾ ਹੈ।”ਇਸ ਕਰਕੇ ਕੋਸ਼ਿਸ਼ ਕਰੋ ਕਿ ਨਾਂਹ ਪੱਖੀ ਸੋਚ ਵਾਲੇ ਬੰਦੇ,ਦੂਸਰੇ ਨੂੰ
ਨੀਵਾਂ ਵਿਖਾਉਣ ਵਾਲੇ ਤੇ ਝੂਠ ਬੋਲਣ ਵਾਲੇ ਦੀ ਸੰਗਤ ਤੋਂ ਬਚੋ।ਦੁਨੀਆ ਬੜੀ ਸਿਆਣੀ ਹੈ
ਤੁਹਾਡੇ ਪੈਰ ਰੱਖਣ,ਤੁਰਨ,ਕਪੜੇ ਪਾਉਣ ਤੇ ਤੁਹਾਡੇ ਬੋਲ ਚਾਲ ਤੋਂ ਤੁਹਾਨੂੰ ਪਹਿਚਾਣ ਲੈਂਦੀ
ਹੈ।ਚੁਗਲੀ ਨਿੰਦਾ ਕਰਕੇ ਆਪਣੀ ਸੋਚ ਤੇ ਆਪਣੇ ਕਿਰਦਾਰ ਨੂੰ ਖੁਦ ਬ ਖੁਦ ਲੋਕਾਂ ਅੱਗੇ ਰੱਖ
ਰਹੇ ਹੋ।ਹਾਂ, ਚੁਗਲਖੋਰ ਕੋਲੋਂ ਕਦੇ ਵੀ ਏਹ ਨਾ ਪੁੱਛੋ ਕਿ ਉਸਨੇ ਏਹ ਗੱਲ ਕਹੀ ਹੈ ਜਾਂ
ਨਹੀਂ।ਉਹ ਕਦੇ ਵੀ ਨਹੀਂ ਮੰਨੇਗਾ।ਮੂਰਖ ਨਾਲ ਕਦੇ ਬਹਿਸ ਨਾ ਕਰੋ, ਏਹ ਚੁਗਲਖੋਰ ਮੂਰਖਾਂ ਦੀ
ਸ਼੍ਰੇਣੀ ਵਿੱਚ ਗਿਣੇ ਜਾ ਸਕਦੇ ਹਨ।ਹਾਂ, ਇੰਨਾ ਨੂੰ,ਇੰਨਾ ਦੇ ਸਾਹਮਣੇ, ਏਹ ਅਹਿਸਾਸ ਜ਼ਰੂਰ
ਕਰਵਾ ਦਿਉ ਕਿ ਤੇਰੀ ਕਹੀ ਹੋਈ ਗੱਲ ਮੈਨੂੰ ਪਤਾ ਹੈ।ਚੁਗਲੀ ਤੇ ਨਿੰਦਾ ਲੜਾਈ ਦੀ ਜੜ੍ਹ ਹੈ।ਏਹ
ਈਰਖਾ ਵਿੱਚੋਂ ਪੈਦਾ ਹੁੰਦੀ ਹੈ।ਏਹ ਬੰਦੇ ਦੀ ਸੋਚ ਦਾ ਪੱਧਰ ਦੱਸ ਦੇਂਦੀ ਹੈਸ਼ੈਕਸਪੀਅਰ ਨੇ
ਕਿਹਾ ਹੈ,”ਨਾ ਕੁਝ ਚੰਗਾ ਹੁੰਦਾ ਹੈ ਤੇ ਨਾ ਕੁਝ ਮਾੜਾ।ਏਹ ਤਾਂ ਸਾਡੀ ਸੋਚ ਹੈ ਜੋ ਹਰ ਕਾਸੇ
ਨੂੰ ਚੰਗਾ ਜਾਂ ਮਾੜਾ ਬਣਾ ਦਿੰਦੀ ਹੈ।”ਏਹ ਆਦਤ ਸੋਚ ਦੱਸਦੀ ਵੀ ਹੈ ਤੇ ਅਜਿਹੇ ਬੰਦੇ ਨਾਲ
ਰਹਿਣ ਨਾਲ ਬਦਲ ਵੀ ਦਿੰਦੀ ਹੈ,ਇਸ ਕਰਕੇ ਨਿੰਦਾ ਤੇ ਚੁਗਲੀ ਤੋਂ ਪ੍ਰਹੇਜ਼ ਕਰਨਾ ਜ਼ਰੂਰੀ ਹੈ।।