ਸ੍ਰੀ ਮਾਛੀਵਾੜਾ ਸਾਹਿਬ– (ਸੁਸ਼ੀਲ ਸ਼ਰਮਾ)— ਬਲਾਕ ਮਾਛੀਵਾੜਾ ਤੋਂ ਕਰੀਬ 7 ਕਿਲੋਮੀਟਿਰ ਦੀ ਦੂਰੀ ‘ਤੇ ਪੈਂਦੇ ਪਿੰਡ ਜੋਧਵਾਲ ਦੇ ਇੱਕ ਪ੍ਰਾਈਵੇਟ ਸਕੂਲ ‘ਤੇ ਆਪਣੇ ਸਕੂਲ ਦਾ ਕੂੜਾ ਕਰਕਟ ਨਾ ਸਾਂਭਣ ਤੇ ਉਸ ਨੂੰ ਲਾਗਲੇ ਖੇਤਾ ਤੇ ਟੋਭੇ ਵਿੱਚ ਸੁੱਟ ਕੇ ਗੰਦਗੀ ਫੈਲਾਉਣ ਦੇ ਦੋਸ਼ ਲਾਏ ਹਨ | ਸਿੱਖਿਆ ਮੰਤਰੀ ਪੰਜਾਬ ਤੇ ਡਿਪਟੀ ਕਮਿਸ਼ਨਰ ਲੁਧਿਆਣਾ ਨੂੰ ਦਿੱਤੀ ਦਰਖਾਸਤ ਵਿੱਚ ਪਰਮਜੀਤ ਸਿੰਘ ਪੁੱਤਰ ਦਲੀਪ ਸਿੰਘ ਵਾਸੀ ਪਿੰਡ ਰੂੜੇਵਾਲ ਨੇ ਕਿਹਾ ਹੈ ਕਿ ਉਨ੍ਹਾਂ ਦੇ ਖੇਤਾਂ ਦੇ ਨੇੜੇ ਮੋਡਰਨ ਪਬਲਿਕ ਸਕੂਲ ਬਣਿਆ ਹੋਇਆ ਹੈ ਇਸ ਦੇ ਪਿ੍ੰਸੀਪਲ ਅੰਜੇ ਕੁਮਾਰ ਵੱਲੋਂ ਸਕੂਲ ਦਾ ਸਾਰਾ ਕੂੜਾ ਕਰਕਟ, ਲਿਫਾਫੇ, ਪਲਾਸਟਿਕ ਨਾਲ ਲੱਗਦੇ ਪਿੰਡ ਦੇ ਟੋਭੇ ਵਿੱਚ ਸੁੱਟਿਆ ਜਾ ਰਿਹਾ ਹੈ ਜਿਸ ਕਾਰਨ ਬਹੁਤ ਗੰਦਗੀ ਹੋ ਗਈ ਹੈ ਤੇ ਇਸ ਟੋਭੇ ਦੇ ਨਾਲ ਹੀ ਮੇਰੇ ਖੇਤ ਲੱਗਦੇ ਹਨ ਜਿਸ ਵਿੱਚ ਮੈਂ ਖੇਤੀਬਾੜੀ ਕਰਦਾ ਹਾਂ ਤੇ ਇਨ੍ਹਾਂ ਖੇਤਾਂ ਵਿੱਚ ਮੈਂ ਫਸਲ ਬੀਜੀ ਹੋਈ ਹੈ ਇਹ ਕੂੜਾ ਕਰਕਟ ਲਿਫਾਫੇ ਹਵਾ ਨਾਲ ਉੱਡ ਕੇ ਮੇਰੇ ਖੇਤਾਂ ਵਿੱਚ ਆ ਜਾਂਦੇ ਹਨ ਜਿਸ ਕਾਰਨ ਮੇਰੀ ਫਸਲ ਦਾ ਨੁਕਸਾਨ ਹੁੰਦਾ ਹੈ ਅਤੇ ਮੈਂ ਇਨ੍ਹਾਂ ਖੇਤਾਂ ਵਿੱਚ ਪਲਾਸਟਿਕ ਦੇ ਲਿਫਾਫੇ ਹੋਣ ਕਾਰਨ ਪਸ਼ੂਆਂ ਲਈ ਚਾਰਾ ਵੀ ਨਹੀਂ ਬੀਜ ਸਕਦਾ | ਉਨ੍ਹਾਂ ਕਿਹਾ ਕਿ ਇੱਕ ਪਾਸੇ ਤਾਂ ਭਾਰਤ ਸਰਕਾਰ ਦੇਸ਼ ਨੂੰ ਗੰਦਗੀ ਮੁਕਤ ਕਰਨ ਦੀਆਂ ਸਕੀਮਾਂ ਚਲਾ ਰਹੀ ਹੈ ਪਰ ਦੂਜੇ ਪਾਸੇ ਇਹੋ ਜਿਹੇ ਸਕੂਲ ਗੰਦਗੀ ਨੂੰ ਵਧਾਵਾ ਦੇ ਕੇ ਸਰਕਾਰ ਦੀਆਂ ਹਿਦਾਇਤਾਂ ਨੂੰ ਛਿੱਕੇ ਟੰਗ ਰਹੇ ਹਨ | ਇਹ ਉਕਤ ਸਕੂਲ ਸਿੱਖਿਆ ਵਿਭਾਗ ਪੰਜਾਬ ਦੀਆਂ ਸਕੂਲਾਂ ਸਬੰਧੀ ਸ਼ਰਤਾਂ ਨੂੰ ਵੀ ਪੂਰੀਆਂ ਨਾ ਕਰਨ ਦਾ ਦੋਸ਼ ਲਗਾਇਆ | ਇਸ ਸਬੰਧੀ ਗੱਲ ਕਰਨ ਤੇ ਸਕੂਲ ਦੇ ਸੰਚਾਲਕ ਤੇ ਪਿ੍ੰਸੀਪਲ ਅੰਜੇ ਕੁਮਾਰ ਨੇ ਸਾਰੇ ਦੋਸ਼ਾਂ ਤੋਂ ਕਿਨਾਰਾ ਕੀਤਾ |