ਸ਼ੇਰਪੁਰ ( ਹਰਜੀਤ ਕਾਤਿਲ ) ਦਿਨੋ ਦਿਨ ਕੌੜੀ ਵੇਲ ਵਾਂਗ ਵੱਧ ਰਹੀ ਮਹਿੰਗਾਈ ਕਾਰਨ ਗਰੀਬ
ਆਦਮੀ ਦਾ ਜਿਉਣਾ ਦੁੱਬਰ ਹੋ ਗਿਆ ਹੈ। ਜਿਸ ਕਰ ਕੇ ਮਹਿੰਗਾਈ ਦੇ ਸਤਾਏ ਲੋਕ ਆਏ ਦਿਨ ਮੌਤ ਨੂੰ
ਗਲੇ ਲਗਾ ਰਹੇ ਹਨ । ਇਸੇ ਤਰ੍ਹਾਂ ਹੀ ਅੱਜ ਸਥਾਨਿਕ ਕਸਬੇ ਅੰਦਰ ਗਰੀਬ ਮਜ਼ਦੂਰ ਭਜਨ ਸਿੰਘ
ਪੁੱਤਰ ਬਾਰੂ ਸਿੰਘ (48 ਸਾਲ) ਨੇ ਗਰੀਬੀ ਤੋਂ ਤੰਗ ਆ ਕੇ ਆਪਣੇ ਘਰ ਅੰਦਰ ਫਾਹਾ ਲੈ ਕੇ
ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਮਿਤ੍ਰਕ ਦੇ ਭਰਾ ਲਾਲ ਸਿੰਘ ਨੇ ਦੱਸਿਆ ਉਸ ਦਾ ਵੱਡਾ ਭਰਾ
ਲੇਬਰ ਦਾ ਕੰਮ ਕਰਦਾ ਸੀ , ਜੋ ਗੱਡੀਆਂ ਵਿਚੋਂ ਸਮਾਨ ਉਤਾਰ ਕੇ ਆਪਣੇ ਪਰਿਵਾਰ ਦਾ ਪੇਟ ਪਾਲਦਾ
ਸੀ। ਜੋ ਕੰਮ ਨਾ ਮਿਲਣ ਕਰ ਕੇ ਅਤੇ ਮਹਿੰਗਾਈ ਕਾਰਨ ਅਕਸਰ ਪਰੇਸ਼ਾਨ ਰਹਿੰਦਾ ਸੀ । ਜਿਸ ਨੇ
ਗਰੀਬੀ ਤੋਂ ਤੰਗ ਆ ਕੇ ਅੱਜ ਆਪਣੇ ਘਰ ਅੰਦਰ ਫਾਹਾ ਲੈ ਕੇ ਖੁਦਕਸ਼ੀ ਕਰ ਲਈ। ਜਿਸ ਕਾਰਨ ਇਲਾਕੇ
ਵਿੱਚ ਸੋਗ ਦੀ ਲਹਿਰ ਦੌੜ ਗਈ। ਇਸ ਮੌਕੇ ਗੁਰਦੁਆਰਾ ਰਵਿਦਾਸ ਭਗਤ ਦੇ ਸਾਬਕਾ ਪ੍ਰਧਾਨ ਜਸਪਾਲ
ਸਿੰਘ ਬੰਗਾ , ਹਰਵਿੰਦਰ ਸਿੰਘ , ਬਹਾਦਰ ਸਿੰਘ ,ਪੰਚ ਚਮਕੌਰ ਸਿੰਘ , ਗੁਰਮੇਲ ਸਿੰਘ , ਸਮਾਜ
ਸੇਵੀ ਸਤਿੰਦਰਪਾਲ ਸੋਨੀ ਆਦਿ ਪਿੰਡ ਵਾਸੀਆਂ ਨੇ ਸਰਕਾਰ ਤੋਂ ਮੰਗ ਕੀਤੀ ਮਿਤ੍ਰਕ ਦੇ ਪਰਿਵਾਰ
ਨੂੰ ਬਣਦਾ ਮੁਆਵਜਾ ਦਿੱਤਾ ਜਾਵੇ ਤਾਂ ਕਿ ਮਜ਼ਦੂਰ ਦੇ ਪਰਿਵਾਰ ਦਾ ਪਾਲਣ ਪੋਸ਼ਣ ਹੋ ਸਕੇ।
