ਸ਼ੇਰਪੁਰ (ਹਰਜੀਤ ਕਾਤਿਲ) ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸਕੱਤਰ ਸ਼੍ਰੀ ਕ੍ਰਿਸ਼ਨ ਕੁਮਾਰ
ਵੱਲੋਂ ਨਕਲ ਨੂੰ ਰੋਕਣ ਦੇ ਮੰਤਵ ਲਈ 28 ਫਰਵਰੀ ਨੂੰ ਹੋਣ ਜਾ ਰਹੀ ਪ੍ਰੀਖਿਆ ਦੇ ਸਬੰਧ ਵਿੱਚ
ਭਾਵੇਂ ਪੰਜਾਬ ਦੇ ਸਾਰੇ ਪ੍ਰੀਖਿਆ ਕੇਂਦਰਾਂ ਨੂੰ ਇੱਕ ਦੂਜੇ ਸਕੂਲਾਂ ਨਾਲ ਬਦਲਿਆ ਗਿਆ ਹੈ ਪਰ
ਇਸ ਅਦਲਾ- ਬਦਲੀ ਨਾਲ ਵਿਦਿਆਰਥੀਆਂ ਨੂੰ ਕਈ ਤਰ੍ਹਾਂ ਦੀਆਂ ਦਿੱਕਤਾਂ ਦਾ ਸਾਹਮਣਾ ਕਰਨਾ
ਪਵੇਗਾ।
ਅੱਜ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਸ਼ੇਰਪੁਰ ਦੇ ਵਿਦਿਆਰਥੀ ਗੁਰਦੀਪ ਸਿੰਘ ਬਾਜਵਾ, ਸਤਨਾਮ
ਸਿੰਘ ਸ਼ੇਰਪੁਰ, ਬੇਅੰਤ ਸਿੰਘ, ਸੰਦੀਪ ਸਿੰਘ ਖੇੜੀ ਅਤੇ ਸੁਖਦੀਪ ਸਿੰਘ ਕਾਲਾਬੂਲਾ ਆਦਿ
ਵਿਦਿਆਰਥੀਆਂ ਨੇ ਇਸ ਨੀਤੀ ਦਾ ਵਿਰੋਧ ਕਰਦਿਆਂ ਦੱਸਿਆ, ਕਿ ਸ਼ੇਰਪੁਰ ਸਕੂਲ ਦੇ ਪ੍ਰੀਖਿਆ
ਕੇਂਦਰ ਨੂੰ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਘਨੌਰੀ ਕਲਾਂ ਵਿੱਚ ਤਬਦੀਲ ਕੀਤਾ ਗਿਆ ਹੈ। ਜਿਸ
ਨਾਲ ਜਿੱਥੇ- ਬਾਰ੍ਹਵੀਂ ਕਲਾਸ ਦੀਆਂ ਲੜਕੀਆਂ ਅਤੇ ਲੜਕਿਆਂ ਨੂੰ ਆਉਣ ਜਾਣ ਵਿੱਚ ਭਾਰੀ
ਸਮੱਸਿਆਵਾਂ ਦਾ ਸਾਹਮਣਾ ਕਰਨਾ ਪਵੇਗਾ ਉੱਥੇ ਬੱਚਿਆਂ ਦੇ ਮਾਪਿਆਂ ਨੂੰ ਵੀ ਭਾਰੀ ਖੱਜਲ –
ਖੁਆਰੀ ਝੱਲਣੀ ਪਵੇਗੀ। ਉਨ੍ਹਾਂ ਦੱਸਿਆ ਕਿ ਆਲੇ- ਦੁਆਲੇ ਦੇ ਕਈ ਪਿੰਡਾਂ ਵਿੱਚ ਬੱਸ ਸਰਵਿਸ
ਨਾ ਹੋਣ ਕਾਰਨ ਵਿਦਿਆਰਥੀਆਂ ਨੂੰ ਅਪਣੀ ਪ੍ਰੀਖਿਆ ਦੇਣ ਵਿੱਚ ਵੱਡੀ ਮੁਸ਼ਕਿਲ ਆਵੇਗੀ।
ਵਿਦਿਆਰਥੀਆਂ ਨੇ ਸਿੱਖਿਆ ਵਿਭਾਗ ਅਤੇ ਸਰਕਾਰ ਤੋਂ ਮੰਗ ਕੀਤੀ ਕਿ ਜਾਂ ਤਾਂ ਵਿਦਿਆਰਥੀਆਂ ਦੇ
ਆਉਣ ਜਾਣ ਦਾ ਪ੍ਰਬੰਧ ਕੀਤਾ ਜਾਵੇ ਜਾਂ ਫਿਰ ਸ਼ੇਰਪੁਰ ਦੇ ਬਦਲੇ ਗਏ ਪ੍ਰੀਖਿਆ ਕੇਂਦਰ ਨੂੰ ਰੱਦ
ਕਰਕੇ ਸ਼ੇਰਪੁਰ ਦੇ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਵਿੱਚ ਹੀ ਪ੍ਰੀਖਿਆ ਕੇਂਦਰ ਬਣਾਇਆ
ਜਾਵੇ।ਜੇਕਰ ਬੋਰਡ ਨੇ ਵਿਦਿਆਰਥੀਆਂ ਦੀ ਇਸ ਸਮੱਸਿਆ ਵੱਲ ਧਿਆਨ ਨਾ ਦਿੱਤਾ ਤਾਂ ਵਿਦਿਆਰਥੀ
ਕਾਤਰੋਂ ਚੌਕ ਸ਼ੇਰਪੁਰ ਵਿਖੇ ਧਰਨਾ ਲਾਉਣ ਲਈ ਮਜ਼ਬੂਰ ਹੋਣਗੇ।