ਸ਼ੇਰਪੁਰ (ਹਰਜੀਤ ਕਾਤਿਲ) ‘ਪੁੱਤ ਵੰਡਾਉਣ ਜ਼ਮੀਨਾਂ ਤੇ ਧੀਆਂ ਦੁੱਖ ਵੰਡਾਉਂਦੀਆਂ ਨੇ’ ਇਸ
ਲੋਕ ਅਖਾਣ ਦੀ ਸਚਾਈ ਪ੍ਰਤੱਖ ਹੋਣ ਦੇ ਬਾਵਜੂਦ ਮਾਪਿਆਂ ਲਈ ਸੁੱਖ ਦੇ ਨਾਲ-ਨਾਲ ਮਨੁੱਖ ਦਾ
ਵੰਸ਼ ਸਿਰਜਣ ਵਾਲੀ ਕੁੜੀ ਦਾ ਨਾਂਅ ਅੱਜ ਵੀ ਪਿਤਾ ਅਤੇ ਪਤੀ ਨੇ ਨਾਂਅ ਨਾਲ ਹੀ ਜਾਣਿਆ ਜਾਂਦਾ
ਹੈ, ਜੋ ਮਰਦ ਪ੍ਰਧਾਨ ਸਮਾਜ਼ ਦੀ ਨਵੇਂ ਯੁੱਗ ‘ਚ ਰੂੜੀਵਾਦੀ ਸੋਚ ਦਾ ਪ੍ਰਤੱਖ ਪ੍ਰਮਾਣ ਹੈ ।
ਭਾਵੇਂ ਸਮੇਂ ਨਾਲ ਆਈ ਤਬਦੀਲੀ ਨੇ ਔਰਤ ਦੇ ਉਥਾਨ ਲਈ ਕੁਝ ਸਾਰਥਿਕ ਸਿੱਟੇ ਦੇਣੇ ਸ਼ੁਰੂ ਕਰ
ਦਿੱਤੇ ਹਨ ਪਰ ਹਾਲੇ ਉਦਮ ਤੇ ਨਤੀਜ਼ੇ ਦੋਵੇਂ ਹੀ ਅਧੂਰੇ ਹਨ । ਇਹਨਾਂ ਵਿਚਾਰਾਂ ਦਾ
ਪ੍ਰਗਟਾਵਾ ਸਮਾਜ ਭਾਲਾਈ ਮੰਚ, ਸ਼ੇਰਪੁਰ ਦੇ ਡਾਇਰੈਕਟਰ ਰਾਜਿੰਦਰਜੀਤ ਕਾਲਾਬੂਲਾ ਨੇ
ਸਰਟੀਫਿਕੇਟ ਵੰਡ ਸਮਾਗਮ ਦੇ ਆਪਣੇ ਸ਼ੁਰੂਆਤੀ ਭਾਸ਼ਣ ਚ ਕੀਤਾ। ਉਹਨਾਂ ਕਿਹਾ ਭਾਰਤ ‘ਚ 2008
ਤੋਂ 24 ਜਨਵਰੀ ਨਿਰੰਤਰ ਹਰ ਸਾਲ ਕੌਮੀ ਬਾਲੜੀ ਦਿਵਸ ਵਜੋਂ ਮਨਾਇਆ ਜਾਂਦਾ ਹੈ, ਜਿਸਦਾ ਮਨੋਰਥ
ਲਿੰਗ ਅਨੁਪਾਤ ਦੇ ਫਰਕ ਨੂੰ ਸੁਧਾਰਨ ਲਈ ਲੋਕ ਜਾਗਰਿਤੀ ਪੈਦਾ ਕਰਨਾ ਹੈ । ਇਸ ਮੌਕੇ ਮੁੱਖ
ਮਹਿਮਾਨ ਵਜੋਂ ਪਹੁੰਚੇ ਡਾ. ਜਗਜੀਵਨ ਸਿੰਘ ਜ਼ਿਲਾ ਸਿਹਤ ਅਫਸਰ (ਰਿਟਾਇਰਡ) ਨੇ ਕਿਹਾ, ਔਰਤ
ਸਸ਼ਕਤੀਕਰਨ ਬਾਰੇ ਕੌਮੀ ਕਮਿਸ਼ਨ ਨੇ ਛੋਟੀਆਂ ਬੱਚੀਆਂ ਦੀ ਕਦਰ ਸਥਾਪਤ ਕਰਨ ਲਈ ਉਨ੍ਹਾਂ ਨੂੰ
ਵਧੇਰੇ ਮੌਕੇ ਪ੍ਰਦਾਨ ਕਰਨਾ, ਸਮਾਜ ਚੋਂ ਧੀ ਦੇ ਬੋਝ ਹੋਣ ਦੀ ਧਾਰਨਾ ਖਤਮ ਕਰਨਾ, ਧੀਆਂ ਨੂੰ
ਕੁੱਖ ‘ਚ ਕਤਲ ਕਰਨ ਦਾ ਵਿਰੋਧ , ਬੱਚੀਆਂ ‘ਚ ਆਪਣੇ ਹੱਕਾਂ ਅਤੇ ਸਿਹਤ ਪ੍ਰਤੀ ਜਾਗਰੂਕਤਾ ਆਦਿ
ਉਦੇਸ਼ ਮਿਥੇ ਹਨ । ਧੀਆਂ ਲਈ 14 ਸਾਲ ਤੱਕ ਮੁਫਤ ਅਤੇ ਲਾਜ਼ਮੀ ਸਿੱਖਿਆ ਨਿਰਧਾਰਿਤ ਕੀਤੀ ਗਈ
ਹੈ। ਸਥਾਨਕ ਸਰਕਾਰਾਂ ‘ਚ ਤੀਸਰਾ ਹਿੱਸਾ ਔਰਤਾਂ ਲਈ ਰਾਖਵਾਂ ਕੀਤਾ ਗਿਆ । ਬੱਚੀ ਦੇ ਭਵਿੱਖ
ਨਾਲ ਜੁੜੀਆਂ ਬਾਲੜੀ ਬਚਾਉ, ਧਨਲਕਸ਼ਮੀ, ਆਦਿ ਯੋਜਨਾਵਾਂ ਲਾਗੂ ਕੀਤੀਆਂ ਗਈਆਂ । ਇਨ੍ਹਾਂ
ਯਤਨਾਂ ਨੂੰ ਬੂਰ ਵੀ ਪਿਆ ਅਤੇ ਲੋਕਾਂ ‘ਚ ਆਈ ਜਾਗਰੂਕਤਾ ਨੇ ਧੀਆਂ ਦੀ ਲੋਹੜੀ ਮਨਾਉਣ ਜਿਹੇ
ਨਤੀਜ਼ੇ ਦੇਣੇ ਸ਼ੁਰੂ ਵੀ ਕਰ ਦਿੱਤੇ ਹਨ ਇਸ ਮੌਕੇ ਉਹਨਾਂ ਸਰਟੀਫਿਕੇਟ ਲੈਣ ਵਾਲੀਆਂ ਬੱਚੀਆਂ
ਨੂੰ ਮੁਬਾਰਕਬਾਦ ਦਿੱਤੀ। ਇਸ ਮੌਕੇ ਸਮਾਜ ਸੇਵਕ ਵੈਲਫ਼ੇਅਰ ਕਲੱਬ , ਘਨੌਰੀ ਕਲਾਂ ਦੇ ਪ੍ਰਧਾਨ
ਅਮਰੀਕ ਸਿੰਘ ਨੇ ਕਿਹਾ, ਅੱਜ ਸਮਾਜ ‘ਚ ਭਾਵੇਂ ਭਾਵਨਾਤਮਕ ਤੌਰ ‘ਤੇ ਵੀ ਲੜਕੀਆਂ ਦੀ ਕਦਰ ਦਾ
ਪੱਧਰ ਵਧਿਆ ਹੈ, ਜਿਸਦੀ ਪ੍ਰੋੜਤਾ ਰੂੜੀਵਾਦੀ ਖੇਤਰਾਂ ਦੀਆਂ ਬੱਚੀਆਂ ਵੱਲੋਂ ਵੀ ਖੇਡਾਂ,
ਵਿਦਿਅਕ ਅਤੇ ਸਮਾਜਿਕ ਕੰਮਾਂ ‘ਚ ਅੱਗੇ ਆਉਣ ਨਾਲ ਹੁੰਦੀ ਹੈ । ਪਰ ਇਹ ਯਤਨ ਵੀ ਅਜੇ ਧੀ ਮਾਰ
ਲਾਹਨਤ ਨੂੰ ਪ੍ਰਭਾਵੀ ਰੂਪ ‘ਚ ਖਤਮ ਕਰਨ ‘ਚ ਪੂਰੀ ਤਰ੍ਹਾਂ ਸਫਲ ਨਹੀਂ ਹੋਏ | 2011 ਦੀ
ਮਰਦਮਸ਼ੁਮਾਰੀ ਮੌਕੇ ਦੇਸ਼ ਦੀ ਔਸਤਨ ਦਰ 1000 ਲੜਕਿਆਂ ਪਿਛੇ 932 ਕੁੜੀਆਂ ਸੀ ਜੋ ਮੌਜੂਦਾ
ਅੰਕੜਿਆਂ ਤਹਿਤ ਸੁਧਰਨ ਦੀ ਬਜਾਏ 915 : 1000 ਰਹਿ ਗਈ ਹੈ | ਅਤੇ ‘ਪੜ੍ਹੇ ਲਿਖੇ’ ਚੰਡੀਗੜ੍ਹ
‘ਚ ਇਹ ਦਰ ਮਾਤਰ 818 : 1000 ਹੈ | ਅੱਜ ਵੀ ਧੀ ਨੂੰ ‘ਸਿਰ ਦਾ ਬੋਝ’ ਸਮਝਣ ਵਾਲੇ ਮਾਪਿਆਂ
ਵਲੋਂ ਯਤੀਮ ਘਰਾਂ ‘ਚ ਛੱਡੇ ਗਏ ਬੱਚਿਆਂ ‘ਚ 90 ਫੀਸਦੀ ਲੜਕੀਆਂ ਹੀ ਹਨ। ਇੱਥੇ ਬੋਲਦਿਆਂ
ਮੈਡਮ ਚਰਨਜੀਤ ਕੌਰ ਸੁਪਰਵਾਈਜ਼ਰ, ਸਮਾਜ ਭਲਾਈ ਮੰਚ ਨੇ ਕਿਹਾ , ਬਾਲੜੀਆਂ ਨਾਲ ਹੁੰਦੇ ਜ਼ਬਰ
ਜਿਨਾਹ ਜਿਹੇ ਘਿ੍ਣਤ ਕਾਰਿਆਂ ਦੀ ਮਹਿਜ਼ 25 ਫੀਸਦੀ ਜਾਣਕਾਰੀ ਹੀ ਜਨਤਕ ਹੁੰਦੀ ਹੈ ਅਤੇ
ਬਹੁਤੇ ਮਾਮਲੇ ਮਾਪੇ ਆਪਣੀ ਬੇਇਜ਼ਤੀ ਦੇ ਡਰੋਂ ਲੁਕਾ ਲੈਂਦੇੇ ਹਨ । ਸਮਾਜ ਦੇ ਕਲੰਕਿਤ
ਅਨਸਰਾਂ ਵੱਲੋਂ ਅੱਜ ਵੀ ਆਪਣੇ ਵਹਿਸ਼ੀ ਮਨਸੂਬੇ ਪੂਰੇ ਨਾ ਹੋਣ ‘ਤੇ ਕੁੜੀਆਂ ‘ਤੇ ਤੇਜ਼ਾਬੀ
ਹਮਲੇ ਕਰਨ ਦੀ ਪ੍ਰਵਿਰਤੀ ਜਾਰੀ ਹੈ ਅਤੇ ਦੇਸ਼ ਦੇ ਕਾਨੂੰਨ ‘ਚ ਕਥਿਤ ਢਿੱਲ ਦੇ ਚਲਦਿਆਂ ਜ਼ਬਰ
ਜਿਨਾਹ ਅਤੇ ਤੇਜ਼ਾਬੀ ਹਮਲਿਆਂ ਦੇ ਦੋਸ਼ੀ ਬਹੁਤੀ ਵਾਰ ਬਚ ਜਾਂਦੇ ਹਨ | ਉਨ੍ਹਾਂ ਸਵੇ-
ਰੋਜ਼ਗਾਰ ਸਿੱਖਿਆ ਸਰਟੀਫਿਕੇਟ ਲੈਣ ਵਾਲੀਆਂ ਬੱਚੀਆਂ ਨੂੰ ਮੁਬਾਰਕਬਾਦ ਦਿੱਤੀ ਅਤੇ ਅਪਣੀ
ਸੁਰੱਖਿਆ ਆਪ ਕਰਨ ਲਈ , ਮਾਪਿਆਂ ਦਾ ਨਾਂਅ ਹਮੇਸ਼ਾ ਉੱਚਾ ਰੱਖਣ ਲਈ ਵਾਅਦਾ ਵੀ ਲਿਆ। ਉਨ੍ਹਾਂ
ਕਿਹਾ ਵਿਸ਼ਵ ਦਾ ਬੇਹਤਰੀਨ ਸਨਮਾਨ ਨੋਬਲ ਪੁਰਸਕਾਰ ਮਲਾਲਾ ਯੂਸਫਜ਼ਈ ਨੂੰ ਮਿਲਣ ਨਾਲ ਨਾ ਕੇਵਲ
ਦੱਖਣੀ ਏਸ਼ੀਆਈ ਖਿੱਤੇ ਦੀਆਂ ਧੀਆਂ ਦਾ ਮਾਣ ਕੌਮਾਂਤਰੀ ਪੱਧਰ ‘ਤੇ ਵਧਿਆ ਹੈ ਸਗੋਂ ਇਸ ਖੇਤਰ
ਦੀਆਂ ਕੁੜੀਆਂ ਲਈ ਇਕ ਪ੍ਰੇਰਨਾ ਸਰੋਤ ਵੀ ਹੈ । ਇਸ ਮੌਕੇ ਪ੍ਰਗਟ ਸਿੰਘ ਜਨਰਲ ਸਕੱਤਰ,
ਸ਼ਿੰਦਰਪਾਲ ਕੌਰ ਚੋਂਦਾ, ਸਿਮਰਨ ਕੌਰ ਧੀਰੋਮਾਜ਼ਰਾ, ਮਨਜੀਤ ਕੌਰ ਕੈਲੋਂ, ਕਿਰਨਜੀਤ ਕੌਰ ਈਸੀ
ਆਦਿ ਪਤਵੰਤੇ ਹਾਜਰ ਸਨ।