ਬਾਬਾ ਦੀਪ ਸਿੰਘ ਜੀ ਦਾ ਜਨਮ, ਪਿੰਡ ਪਹੂ ਵਿੰਡ ਦੇ ਵਾਸੀ ਭਾਈ ਭਗਤਾ ਸੰਧੂ ਅਤੇ ਮਾਤਾ ਜੀਊਣੀ ਦੇ ਘਰ ਹੋਇਆ| ਬਾਬਾ ਦੀਪ ਸਿੰਘ ਜੀ ਅਜੇ ਬਾਲ ਅਵਸਥਾ ਵਿੱਚ ਹੀ ਸਨ ਕਿ ਆਪਣੇ ਮਾਤਾ-ਪਿਤਾ ਨਾਲ ਅਨੰਦਪੁਰ ਸਾਹਿਬ ਵਿਖੇ ਸੀ੍ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨਾਂ ਲਈ ਗਏ| ਉਥੋਂ ਦੇ ਵਾਤਾਵਰਣ ਤੋਂ ਆਪਦਾ ਬਾਲ-ਮਨ ਇਤਨਾ ਪ੍ਭਾਵਤ ਹੋਇਆ ਕਿ ਉਹ ਉਥੋਂ ਦੇ ਹੀ ਹੋ ਕੇ ਰਹਿ ਗਏ| ਕੁਝ ਸਿੱਖ ਇਤਿਹਾਸਕਾਰਾਂ ਦਾ ਕਹਿਣਾ ਹੈ ਕਿ ਸੀ੍ ਗੁਰੂ ਗੋਬਿੰਦ ਸਿੰਘ ਜੀ ਬਾਬਾ ਦੀਪ ਸਿੰਘ ਦੇ ਭੋਲੇ ਬਾਲਪਨ ਤੋਂ ਇਤਨੇ ਪ੍ਭਾਵਤ ਹੋਏ ਕਿ ਉਨ੍ਹਾਂ ਨੇ ਉਸਨੰੂ ਆਪਣੇ ਪਾਸ ਹੀ ਰਖ ਲਿਆ| ਗੁਰੂ ਸਾਹਿਬ ਦੀ ਨਿਗਰਾਨੀ ਵਿੱਚ ਹੀ ਉਨ੍ਹਾਂ ਅਖਰੀ ਅਤੇ ਸ਼ਸਤ੍ ਵਿਦਿਆ ਹਾਸਲ ਕੀਤੀ ਅਤੇ ਇਸਦੇ ਨਾਲ ਹੀ ਉਨ੍ਹਾਂ ਗੁਰਬਾਣੀ ਦਾ ਵੀ ਡੂੰਘਾ ਅਧਿਅਨ ਕੀਤਾ| ਜਦੋਂ ਸੀ੍ ਗੁਰੂ ਗੋਬਿੰਦ ਸਿੰਘ ਜੀ ਨੰੂ ਅਨੰਦਪੁਰ ਸਾਹਿਬ ਛਡਣਾ ਪਿਆ ਤਾਂ ਉਹ ਆਪਣੇ ਪਿੰਡ, ਪਹੂ ਵਿੰਡ ਚਲੇ ਗਏ|
ਫਿਰ ਜਦੋਂ ਉਨ੍ਹਾਂ (ਬਾਬਾ ਦੀਪ ਸਿੰਘ) ਨੇ ਸੀ੍ ਗੁਰੂ ਗੋਬਿੰਦ ਸਿੰਘ ਜੀ ਦਾ ਦਮਦਮਾ ਸਾਹਿਬ ਆਉਣਾ ਸੁਣਿਆ ਤਾਂ ਆਪ ਆਪਣੇ ਸਾਥੀ ਬਾਬਾ ਬੁਢਾ ਸਿੰਘ ਦੇ ਨਾਲ ਦਮਦਮਾ ਸਾਹਿਬ ਵਿਖੇ ਗੁਰੂ ਸਾਹਿਬ ਦੀ ਸ਼ਰਨ ਆ ਗਏ| ਜਦੋਂ ਸੀ੍ ਗੁਰੂ ਗੋਬਿੰਦ ਸਿੰਘ ਜੀ ਦੇਸ਼ ਰਟਨ ਲਈ ਦਮਦਮਾ ਸਾਹਿਬ ਤੋਂ ਰਵਾਨਾ ਹੋਏ ਤਾਂ ਆਪ ਗੁਰੂ ਸਾਹਿਬ ਦੇ ਆਦੇਸ਼ ਅਨੁਸਾਰ ਦਮਦਮਾ ਸਾਹਿਬ ਵਿਖੇ ਹੀ ਠਹਿਰ ਗਏ| ਬਾਬਾ ਦੀਪ ਸਿੰਘ ਗੁਰਬਾਣੀ ਦੇ ਵੀ ਗਿਆਤਾ ਅਤੇ ਵਿਦਵਾਨ ਸਨ| ਉਨ੍ਹਾਂ ਨੇ ਆਪਣੇ ਜੀਵਨ ਕਾਲ ਵਿੱਚ ਆਪਣੇ ਹਥੀਂ ਸੀ੍ ਗੁਰੂ ਗ੍ੰਥ ਸਾਹਿਬ ਦੇ ਚਾਰ ਉਤਾਰੇ ਕੀਤੇ|
ਜਿਸ ਸਮੇਂ ਦੌਰਾਨ ਪੰਜਾਬ ਅਤੇ ਦਿੱਲੀ ਵਿੱਚ ਅਰਾਜਕਤਾ ਦਾ ਮਾਹੌਲ ਬਣਿਆ ਹੋਇਆ ਸੀ, ਬਾਬਾ ਦੀਪ ਸਿੰਘ ਨੇ ਆਪਣੇ ਜੱਥੇ ਨਾਲ ਸਿਆਲਕੋਟ ਤਕ ਮਾਰ ਮਾਰੀ ਤੇ ਕਈ ਇਲਾਕੇ ਆਪਣੇ ਅਧੀਨ ਲੈ ਆਂਦੇ|
ਚੌਥੇ ਹਮਲੇ ਤੋਂ ਬਾਅਦ ਅਹਿਮਦ ਸ਼ਾਹ ਦੀ ਵਾਪਸੀ : ਅਹਿਮਦ ਸ਼ਾਹ ਅਬਦਾਲੀ ਹਿੰਦੁਸਤਾਨ ਪੁਰ ਕੀਤੇ ਆਪਣੇ ਚੌਥੇ ਹਮਲੇ ਦੌਰਾਨ ਲੁਟ ਮਾਰ ਕਰਦਾ ਬਿਨਾ ਕਿਸੇ ਰੋਕ-ਟੋਕ ਦੇ ਦਿੱਲੀ ਤਕ ਜਾ ਪੁਜਾ| ਜਦੋਂ ਲੁਟ-ਮਾਰ ਦਾ ਮਾਲ ਲੈ ਉਹ ਦਿੱਲੀ ਤੋਂ ਵਾਪਸ ਕਾਬਲ ਮੁੜਿਆ ਤਾਂ ਸਿੱਖਾਂ ਨੇ ਲਗਾਤਾਰ ਉਸ ਸਮੇਂ ਤਕ ਉਸਦਾ ਪਿਛਾ ਕੀਤਾ, ਜਦੋਂ ਤਕ ਕਿ ਉਸ ਸਿੰਧ ਪਾਰ ਨਾ ਕਰ ਲਿਆ| ਅਹਿਮਦ ਸ਼ਾਹ ਦੀ ਇਸ ਵਾਪਸੀ ਦੌਰਾਨ ਸਿੱਖ ਰਹਿ-ਰਹਿ ਉਸਦੇ ਕਾਫਲੇ ਪੁਰ ਹਮਲਾ ਕਰਦੇ ਤੇ ਉਸਦੇ ਲੁਟੇ ਮਾਲ ਵਿਚੋਂ ਹਿਸਾ ਵੰਡਾ ਹਰਨ ਹੋ ਜਾਂਦੇ| ਸਿੱਖਾਂ ਦੇ ਇਹ ਹਮਲੇ ਉਸ ਅਹਿਮਦ ਸ਼ਾਹ ਲਈ ਚੁਨੌਤੀ ਸਨ, ਜਿਸਨੂੰ ਹਿੰਦਸਤਾਨ ਵਿੱਚ ਦਾਖਲ ਹੋਣ ਤੋਂ ਦਿੱਲੀ ਪੁਜਣ ਤਕ ਕਿਸੇ ਨੇ ਰੋਕਣ ਦਾ ਹੀਆ ਨਹੀਂ ਸੀ ਕੀਤਾ| ਇਸ ਚੁਨੌਤੀ ਤੋਂ ਅਹਿਮਦ ਸ਼ਾਹ ਇਤਨਾ ਗੁੱਸੇ ਵਿੱਚ ਆਇਆ ਕਿ ਹਿੰਦੁਸਤਾਨ ਤੋਂ ਵਾਪਸ ਮੁੜਦਿਆਂ ਉਸਨੇ ਪੰਜਾਬ ਦੀ ਹਕੂਮਤ ਤੈਮੂਰ ਅਤੇ ਜਹਾਨ ਖਾਨ ਨੰੂ ਸੌਂਪਦਿਆਂ ਉਨ੍ਹਾਂ ਨੰੂ ਹਿਦਾਇਤ ਕੀਤੀ ਕਿ ਉਹ ਉਸ (ਅਹਿਮਦ ਸ਼ਾਹ) ਪੁਰ ਹਮਲੇ ਕੀਤੇ ਜਾਣ ਦਾ ਸਬਕ ਸਿਖਾਣ ਲਈ ਉਨ੍ਹਾਂ ਦਾ ਸਿਰ ਇਸਤਰ੍ਹਾਂ ਕੁਚਲ ਦੇਣ ਕਿ ਉਹ ਮੁੜ ਕਿਸੇ ਨੰੂ ਨਾ ਤਾਂ ਚੁਨੌਤੀ ਦੇਣ ਅਤੇ ਨਾ ਹੀ ਸਿਰ ਉਚਾ ਕਰ ਟੁਰਨ ਦੇ ਕਾਬਲ ਰਹਿ ਸਕਣ|
ਅਬਦਾਲੀ ਦੀ ਇਸ ਹਿਦਾਇਤ ਅਨੁਸਾਰ ਤੈਮੂਰ ਅਤੇ ਜਹਾਨ ਖਾਨ ਨੇ ਸਿੱਖਾਂ ਵਿਰੁਧ ਸਿੱਧੀ ਕਾਰਵਾਈ ਕਰ, ਉਨ੍ਹਾਂ ਨੰੂ ਕੁਚਲਣ ਦੀ ਕਾਰਗਰ ਨੀਤੀ ਬਣਾਣੀ ਸ਼ੁਰੂ ਕਰ ਦਿੱਤੀ| ਅਜੇ ਉਹ ਇਸ ਬਾਰੇ ਵਿਚਾਰ ਕਰ ਹੀ ਰਹੇ ਸਨ ਕਿ ਸੂਹੀਆਂ ਨੇ ਉਨ੍ਹਾਂ ਨੰੂ ਖਬਰ ਦਿੱਤੀ ਕਿ ਸਿੱਖ ਆਪਣੀ ਭਵਿਖ ਦੀ ਰਣਨੀਤੀ ਬਣਾਉਣ ਲਈ ਸੀ੍ ਅੰਮਿ੍ਤਸਰ ਇਕਠੇ ਹੋ ਰਹੇ ਹਨ| ਤੈਮੂਰ ਅਤੇ ਜਹਾਨ ਖਾਨ ਨੰੂ ਇਉਂ ਜਾਪਿਆ ਜਿਵੇਂ ਖੁਦਾ ਨੇ ਆਪ ਸਿੱਖਾਂ ਨੰੂ ਮਾਰ-ਮੁਕਾਣ ਦਾ ਉਨ੍ਹਾਂ ਲਈ ਮੌਕਾ-ਮਾਹੌਲ ਤਿਆਰ ਕਰ ਦਿੱਤਾ ਹੈ| ਉਨ੍ਹਾਂ ਇਸ ਮੌਕੇ ਦਾ ਲਾਭ ਉਠਾਣ ਅਤੇ ਮੁਸਲਮਾਣਾਂ ਨੰੂ ਸਮੁਚੇ ਰੂਪ ਵਿੱਚ ਆਪਣੇ ਨਾਲ ਜੋੜਨ ਲਈ, ਸਿੱਖਾਂ ਪੁਰ ਕੀਤੇ ਜਾਣ ਵਾਲੇ ਹਮਲੇ ਨੰੂ ‘ਜਹਾਦ’ ਦਾ ਨਾਂ ਦੇ ਦਿੱਤਾ ਅਤੇ ਇਸ ‘ਜਹਾਦ’ ਦੀ ਅਗਵਾਈ ਜਹਾਦੀ ਹਾਜੀ ਅਤਾ ਖਾਨ ਨੰੂ ਸੌਂਪ ਦਿੱਤੀ| ਜਿਸਦਾ ਨਤੀਜਾ ਇਹ ਹੋਇਆ ਕਿ ਕਟੜ ਮੁਸਲਮਾਣ ਵਡੀ ਗਿਣਤੀ ਵਿੱਚ ਜਹਾਦੀ ਝੰਡੇ ਹੇਠ ਇਕਠੇ ਹੋਣ ਲਗੇ| ਜਹਾਨ ਖਾਨ ਨੇ ਜਲੰਧਰ ਦੇ ਨਵਾਬ ਕੁਤਬ-ਉਦ-ਦੀਨ, ਜੋ ਫੌਜ ਲੈ ਕੇ ਕਰਤਾਰਪੁਰ ਸਾਹਿਬ ਪੁਰ ਹਮਲਾ ਕਰਨ ਗਿਆ ਹੋਇਆ ਸੀ, ਨੰੂ ਹਿਦਾਇਤ ਭੇਜੀ ਕਿ ਉਹ ਕਰਤਾਰਪੁਰ ਤੇ ਕਬਜ਼ਾ ਕਰਨ ਤੋਂ ਬਾਅਦ ਅੰਮਿ੍ਤਸਰ ਪੁਰ ਹਮਲਾ ਕਰ ਦੇਵੇ, ਜਿਥੇ ਕਿ ਸਿੱਖ ਇਕਠੇ ਹੋ ਰਹੇ ਹਨ| ਕੁਤਬ-ਉਦ-ਦੀਨ ਨੇ ਕਰਤਾਰ ਪੁਰ ਤੇ ਕਬਜ਼ਾ ਕਰ ਗੁਰਦੁਆਰਾ ਥੰਮ ਸਾਹਿਬ ਨੰੂ ਅੱਗ ਲਾ ਕੇ ਸਾੜ ਦਿੱਤਾ ਅਤੇ ਕਰਤਾਰ ਪੁਰ ਲੁਟਣ ਤੋਂ ਬਾਅਦ ਅੰਮਿ੍ਤਸਰ ਵਲ ਰਵਾਨਾ ਹੋ ਗਿਆ| ਉਧਰ ਜਹਾਦੀ ਅਤਾ ਖਾਨ ਵੀ ਉਸ ਨਾਲ ਆ ਜੁੜਨ ਲਈ ਲਾਹੌਰੋਂ ਰਵਾਨਾ ਹੋ ਗਿਆ| ਕੁਤੁਬ-ਉਦ-ਦੀਨ ਦੀ ਫੌਜ ਨੇ ਅਤਾ ਖਾਨ ਦੇ ਜਹਾਦੀਆਂ ਦਾ ਇੰਤਜ਼ਾਰ ਕੀਤੇ ਬਿਨਾ ਹੀ ਸੀ੍ ਅੰਮਿ੍ਤਸਰ ਤੇ ਹਮਲਾ ਕਰ ਸੀ੍ ਦਰਬਾਰ ਸਾਹਿਬ ਢਾਹ ਢੇਰੀ ਕਰ ਦਿੱਤਾ ਤੇ ਅੰਮਿ੍ਤ ਸਰੋਵਰ ਨੰੂ ਪੂਰ ਦਿੱਤਾ|
ਜਦੋਂ ਸੀ੍ ਦਰਬਾਰ ਸਾਹਿਬ ਢਾਹੇ ਜਾਣ ਅਤੇ ਅੰਮਿ੍ਤ ਸਰੋਵਰ ਨੰੂ ਪੂਰ ਦਿੱਤੇ ਜਾਣ ਦੀ ਖਬਰ ਬਾਬਾ ਦੀਪ ਸਿੰਘ ਨੰੂ ਮਿਲੀ ਤਾਂ ਉਨ੍ਹਾਂ ਰੋਹ ਵਿੱਚ ਆ ਗਏ ਤੇ ਉਨ੍ਹਾਂ ਖੰਡਾ ਹੱਥ ਵਿੱਚ ਫੜ ਅਰਦਾਸ ਕਰ ਪ੍ਣ ਕੀਤਾ ਤੇ ਫਤਹਿ ਗਜਾ, ‘ਸੀਸ ਸੁਧਾਸਰ ਹੇਤ ਕਰ ਦੇਵੇਗੇ ਹਮ ਜਾਇ, ਕਰ ਅਰਦਾਸਾ ਟੁਰ ਪਏ ਸਿੰਘ ਜੀ ਫਤਹਿ ਗਜਾਇ’, ਸੀ੍ ਅੰਮਿ੍ਤਸਰ ਵਲ ਚਾਲੇ ਪਾ ਦਿਤੇ| ਸਿੱਖ ਇਤਿਹਾਸ ਅਨੁਸਾਰ ਦਮਦਮਾ ਸਾਹਿਬ ਤੋਂ ਤੁਰਨ ਵੇਲੇ ਆਪਜੀ ਨਾਲ ਕੇਵਲ 8 ਸਿੰਘ ਸਨ| ਜਦੋਂ ਅਨੰਦਪੁਰ ਸਾਹਿਬ ਵਿਖੇ ਰਹਿ ਰਹੇ ਬਾਬਾ ਗੁਰਬਖਸ਼ ਸਿੰਘ ਨੇ ਬਾਬਾ ਦੀਪ ਸਿੰਘ ਦੇ ਸੀ੍ ਅੰਮਿ੍ਤਸਰ ਵਲ ਕੂਚ ਕਰਨ ਬਾਰੇ ਸੁਣਿਆ ਤਾਂ ਉਹ ਵੀ ਆਪਣਾ ਜੱਥਾ ਲੈ ਉਨ੍ਹਾਂ ਨਾਲ ਜਾ ਮਿਲੇ| ਜਿਉਂ-ਜਿਉਂ ਬਾਬਾ ਦੀਪ ਸਿੰਘ ਸੀ੍ ਅੰਮਿ੍ਤਸਰ ਵਲ ਵਧਦੇ ਜਾ ਰਹੇ ਸਨ, ਤਿਉਂ-ਤਿਉਂ ਮਰਜੀਵੜੇ ਸਿੱਖ ਵਾਹੋਦਾਹੀ ਆ ਉਨ੍ਹਾਂ ਨਾਲ ਮਿਲਦੇ ਜਾ ਰਹੇ ਸਨ|
ਜਦੋਂ ਉਹ ਤਰਨਤਾਰਨ ਪੁਜੇ ਤਾਂ ਉਨ੍ਹਾਂ ਸਿਰ ਤੇ ਸ਼ਹੀਦੀ ਗਾਨਾ ਬੰਨ੍ਹ ਲਿਆ ਤੇ ਅਰਦਾਸ ਕਰ ਖੰਡੇ ਨਾਲ ਜ਼ਮੀਨ ਤੇ ਇੱਕ ਲਕੀਰ ਖਿੱਚ ਦਿੱਤੀ ਤੇ ਕਿਹਾ ਕਿ ਜਿਸਨੇ ਸਤਿਗੁਰਾਂ ਦੇ ਦੁਆਰ ਤੇ ਸ਼ਹੀਦੀ ਪਾ੍ਪਤ ਕਰਨੀ ਹੈ ਉਹ ਹੀ ਇਹ ਲਕੀਰ ਟੱਪ ਕੇ ਉਨ੍ਹਾਂ ਨਾਲ ਆਏ| ਜਿਸਦੇ ਦਿਲ ਵਿੱਚ ਰੰਚਕ ਮਾਤਰ ਵੀ ਕਮਜ਼ੋਰੀ ਹੈ ਉਹ ਆਪਣੇ ਘਰਾਂ ਨੰੂ ਮੁੜ ਜਾਏ| ਬਾਬਾ ਦੀਪ ਸਿੰਘ ਦੇ ਸ਼ਬਦਾਂ ਵਿੱਚ ਇਤਨਾ ਜੋਸ਼ ਸੀ ਕਿ ਸਾਰੇ ਹੀ ਸਿੱਖ ਲਕੀਰ ਟੱਪ ਉਨ੍ਹਾਂ ਨਾਲ ਆ ਖੜੇ ਹੋਏ ਅਤੇ ਬਾਬਾ ਦੀਪ ਸਿੰਘ ਦੀ ਅਗਵਾਈ ਵਿੱਚ ਜੈਕਾਰੇ ਗਜਾਂਦੇ ਅੰਮਿ੍ਤਸਰ ਵਲ ਹੋ ਤੁਰੇ|
ਜਹਾਦੀ ਹਾਜੀ ਅੱਤਾ ਖਾਨ ਆਪਣੀ ਜਹਾਦੀ ਸੈਨਾ ਲੈ ਅੰਮਿ੍ਤਸਰ ਪੁਜਾ ਹੀ ਨਹੀਂ ਸੀ ਕਿ ਅੰਮਿ੍ਤਸਰ ਨੰੂ ਘੇਰਾ ਪਾਈ ਬੈਠਾ ਯਾਕੂਬ ਖਾਨ ਸਿੱਖਾਂ ਦਾ ਰਾਹ ਰੋਕਣ ਲਈ ਅੱਗੇ ਆ ਖੜਾ ਹੋਇਆ| ਜਿਉਂ ਹੀ ਬਾਬਾ ਦੀਪ ਸਿੰਘ ਦੀ ਅਗਵਾਈ ਵਿੱਚ ਮਰਜੀਵੜੇ ਸਿੰਘ ਅੰਮਿ੍ਤਸਰ ਨੇੜੇ ਪੁਜੇ, ਅੰਮਿ੍ਤਸਰ ਨੰੂ ਘੇਰਾ ਪਾਈ ਬੈਠੇ ਯਾਕੂਬ ਖਾਨ ਦੀ ਅਗਵਾਈ ਵਿੱਚਲੀ ਫੌਜ ਨਾਲ ਉਨ੍ਹਾਂ ਦਾ ਸਾਹਮਣਾ ਹੋ ਗਿਆ| ਹਥੋ-ਹਥੀ ਲੜਾਈ ਸ਼ੁਰੂ ਹੋ ਗਈ| ਬਾਬਾ ਦੀਪ ਸਿੰਘ ਤੇ ਯਾਕੂਬ ਖਾਨ ਵੀ ਆਮ੍ਹੋ-ਸਾਹਮਣੇ ਹੋ ਗਏ ਅਤੇ ਬਾਬਾ ਦੀਪ ਸਿੰਘ ਦੇ ਖੰਡੇ ਨਾਲ ਯਾਕੂਬ ਖਾਨ ਦੀ ਤਲਵਾਰ ਟਕਰਾ ਗਈ| ਘੋੜਿਆਂ ਦੇ ਜ਼ਖਮੀ ਹੋ ਜਾਣ ਤੇ ਦੋਵੇਂ ਪੈਦਲ ਹੋ ਗੁਥਮ-ਗੁਥਾ ਹੋ ਗਏ| ਬਾਬਾ ਦੀਪ ਸਿੰਘ ਨੇ ਆਪਣੇ ਖੰਡੇ ਦੀ ਮੁਠ ਇਤਨੇ ਜ਼ੋਰ ਵਿੱਚ ਯਾਕੂਬ ਖਾਂਨ ਦੇ ਸਿਰ ਵਿੱਚ ਮਾਰੀ ਕਿ ਉਹ ਉਥੇ ਹੀ ਦੰਮ ਤੋੜ ਗਿਆ| ਯਾਕੂਬ ਖਾਨ ਦੇ ਡਿਗਣ ਦੀ ਦੇਰ ਸੀ ਕਿ ਪਠਾਨ ਅਮਾਨ ਖਾਨ ਉਨ੍ਹਾਂ ਦੇ ਸਾਹਮਣੇ ਆ ਖੜਾ ਹੋਇਆ| ਇਸਤਰ੍ਹਾਂ ਇਕ ਪਾਸੇ ਉਹ ਇੱਕ ਦੂਸਰੇ ਦਾ ਸਾਹਮਣੇ ਸਨ ਤੇ ਦੂਸਰੇ ਪਾਸੇ ਬਾਬਾ ਸੁਰ ਸਿੰਘ ਦਾ ਸਾਹਮਣਾ ਅਫਗਾਨ ਸਰਦਾਰ ਮੀਰ ਜਹਾਨ ਨਾਲ ਹੋ ਰਿਹਾ ਸੀ| ਪਰ ਮੀਰ ਜਹਾਨ ਬਾਬਾ ਸੁਰ ਸਿੰਘ ਦੇ ਪੈਂਤੜਿਆਂ ਸਾਹਮਣੇ ਬਹੁਤੀ ਦੇਰ ਨਾ ਠਹਿਰ ਸਕਿਆ| ਇਧਰ ਮੀਰ ਜਹਾਨ ਧਰਤੀ ਤੇ ਡਿਗਾ ਤੇ ਉਧਰ ਬਾਬਾ ਦੀਪ ਸਿੰਘ ਤੇ ਪਠਾਨ ਅਮਾਨ ਖਾਨ ਦੀ ਹੋਈ ਗਹਿਗਚ ਲੜਾਈ ਵਿੱਚ ਦੋਹਾਂ ਦੇ ਸਿਰ ਧੜ ਨਾਲੋਂ ਵਖ ਹੋ ਧਰਤੀ ਤੇ ਡਿਗ ਪਏ| ਸਿੱਖ ਇਤਿਹਾਸ ਵਿੱਚ ਆਉਂਦਾ ਹੈ ਕਿ ਬਾਬਾ ਦੀਪ ਸਿੰਘ ਦਾ ਸਿਰ ਡਿਗਦਿਆਂ ਹੀ ਕੋਲ ਖੜੇ ਇਕ ਸਿਖ ਨੇ ਉਨ੍ਹਾਂ ਨੰੂ ਆਪਣਾ ਪ੍ਣ ਚੇਤੇ ਕਰਵਾਇਆ| ਪੰਥ ਪ੍ਕਾਸ਼ ਦੇ ਕਰਤਾ ਗਿਆਨੀ ਗਿਆਨ ਸਿੰਘ ਨੇ ਇਸ ਸਮੇਂ ਦਾ ਜ਼ਿਕਰ ਇਨ੍ਹਾਂ ਸ਼ਬਦਾਂ ਵਿੱਚ ਕੀਤਾ ਹੈ : ‘ਚਲੀ ਤੇਗ ਇਸ ਬੇਗ (ਵੇਗ) ਸੈਂ ਦੋਹੰੂ ਕੇਰ ਬਲ ਧਾਰ | ਉਤਰ ਗਏ ਸਿਰ ਦੋਹਾਂ ਕੇ ਪਰਸ ਪਰੇ ਇਕ ਸਾਰ’ | ਬਾਬਾ ਜੀ ਦਾ ਸਿਰ ਡਿਗਦਿਆਂ ਵੇਖ ਇਕ ਸਿੱਖ ਨੇ ਕਿਹਾ : ‘… ਢਿਗ ਤੈ ਇਕ ਸਿੱਖ ਪਿਖਿ ਕਹਯੋ | ਪ੍ਣ ਤੁਮ੍ਹਾਰਾ ਦੀਪ ਸਿੰਘ ਰਹਯੋ | ਗੁਰਪੁਰ ਜਾਏ ਸੀਸ ਮੈ ਦੈ ਹਉ | ਸੋ ਤੇ ਦੋਇ ਕੋਸ ਇਸ ਠੈ ਹਉ | ਸੁਣ ਸਿੰਘ ਜੀ ਨਿਜ ਪ੍ਣ ਸੰਭਾਰਾ | ਨਿਜ ਸਿਰ ਬਾਮ-ਹਾਥ ਨਿਜ ਧਾਰਾ’|
ਇਹ ਵੰਗਾਰ ਸੁਣ ਬਾਬਾ ਦੀਪ ਸਿੰਘ ਨੇ ਆਪਣਾ ਪ੍ਣ ਪੂਰਾ ਕਰਨ ਲਈ ਸਿਰ ਆਪਣੇ ਖਬੇ ਹੱਥ ਤੇ ਰਖਿਆ ਅਤੇ ਸੱਜੇ ਹਥ ਵਿੱਚ ਖੰਡਾ ਫੜ ਵਾਹਣਾ ਸ਼ੁਰੂ ਕਰ ਦਿੱਤਾ : ‘ਦਾਹਿਨੇ ਹਾਥ ਤੇਗ ਖਰ ਧਾਰਾ | ਵਜ਼ਨ ਜਾਹਿ ਸੇਰ ਅਠਾਰਾ’ | ਇਹ ਵੇਖ ਦੁਸ਼ਮਣ ਹੈਰਾਨ ਹੋ ਗਿਆ ਤੇ ਮੈਦਾਨ ਛੱਡ ਭਜ ਖੜਾ ਹੋਇਆ ਕਿ ਸਿੱਖਾਂ ਦੀਆਂ ਤਾਂ ਲਾਸ਼ਾਂ ਵੀ ਲੜਦੀਆਂ ਹਨ| ‘ਹੋ ਹੈਰਾਨ ਤੁਰਾਨੀ ਰਹੇ | ਹਵੈ ਭੈਭੀਤ ਚਲੇ ਭਗ ਵਹੇ |
ਬਾਬਾ ਦੀਪ ਸਿੰਘ ਦਾ ਸਿਰ ਤਾਂ ਧੜ ਤੋਂ ਉਤਰ ਚੁਕਾ ਸੀ, ਜਿਸਨੰੂ ਉਹ ਖਬੇ ਹਥ ਪੁਰ ਰਖੀ, ਸਜੇ ਹਥ ਨਾਲ ਖੰਡਾ ਚਲਾਂਦੇ ਵਧਦੇ ਹੀ ਜਾ ਰਹੇ ਸਨ| ਇਸਤਰ੍ਹਾਂ ਜੂਝਦੇ ਉਹ ਦਰਬਾਰ ਸਾਹਿਬ ਦੀਆਂ ਪ੍ਕਰਮਾਂ ਤਕ ਜਾ ਪੁਜੇ ਤੇ ਉਥੇ ਉਨ੍ਹਾਂ ਆਪਣੇ ਪਾ੍ਣ ਤਿਆਗ ਦਿੱਤੇ| ਸੰਗਰਾਣਾ ਸਾਹਿਬ ਜਿਥੇ ਬਾਬਾ ਦੀਪ ਸਿੰਘ ਦਾ ਸਿਰ ਧੜ ਤੋਂ ਜੁਦਾ ਹੋਇਆ ਸੀ, ਉਥੇ ਉਨ੍ਹਾਂ ਦੀ ਸਮਾਧ ਹੈ ਅਤੇ ਸ਼ਹੀਦੀ ਅਸਥਾਂਨ ਰਾਮਸਰ ਦੇ ਨੇੜੇ ਸਥਾਪਤ ਕੀਤਾ ਗਿਆ ਹੋਇਆ ਹੈ|