ਮਾਨਸਾ, 26 ਜਨਵਰੀ (ਤਰਸੇਮ ਸਿੰਘ ਫਰੰਡ ): ਮਾਨਸਾ ਵਿਖੇ ਦੇਸ਼ ਦੇ 69ਵੇਂ ਗਣਤੰਤਰ ਦਿਵਸ
ਮੌਕੇ ਜ਼ਿਲ੍ਹਾ ਪੱਧਰੀ ਸਮਾਰੋਹ ਸਥਾਨਕ ਨਹਿਰੂ ਮੈਮੋਰੀਅਲ ਕਾਲਜ ਦੇ ਬਹੁਮੰਤਵੀਂ ਖੇਡ ਸਟੇਡੀਅਮ
ਵਿਖੇ ਬੜੀ ਧੂਮ-ਧਾਮ ਨਾਲ ਮਨਾਇਆ ਗਿਆ। ਇਸ ਕੌਮੀ ਮਹੱਤਵ ਵਾਲੇ ਦਿਹਾੜੇ ਮੌਕੇ ਕੌਮੀ ਝੰਡਾ
ਲਹਿਰਾਉਣ ਦੀ ਰਸਮ ਡਿਪਟੀ ਕਮਿਸ਼ਨਰ ਮਾਨਸਾ ਸ਼੍ਰੀ ਧਰਮ ਪਾਲ ਗੁਪਤਾ (ਆਈ.ਏ.ਐਸ.) ਨੇ ਅਦਾ
ਕੀਤੀ। ਇਸ ਮੌਕੇ ਉਨ੍ਹਾਂ ਆਪਣੇ ਸੰਦੇਸ਼ ‘ਚ ਕਿਹਾ ਕਿ ਪੰਜਾਬੀਆਂ ਨੂੰ ਗੁਰੂਆਂ-ਪੀਰਾਂ,
ਪੈਗੰਬਰਾਂ ਅਤੇ ਸੰਤਾ ਮਹਾਂਪੁਰਸ਼ਾਂ ਤੋਂ ਸੰਘਰਸ਼ ਅਤੇ ਕੁਰਬਾਨੀਆਂ ਕਰਨ ਦਾ ਜ਼ਜਬਾ ਵਿਰਾਸਤ ‘ਚ
ਮਿਲਣ ਕਾਰਨ ਹੀ ਪੰਜਾਬ ਵਾਸੀਆਂ ਨੇ ਦੇਸ਼ ਦੇ ਆਜ਼ਾਦੀ ਸੰਘਰਸ਼ ‘ਚ ਇੱਕ ਮਹੱਤਵਪੂਰਣ ਭੂਮਿਕਾ
ਨਿਭਾਈ, ਇਸੇ ਲਈ ਦੇਸ਼ ਦੇ ਆਜ਼ਾਦੀ ਸੰਗਰਾਮ ਵਿੱਚ 80 ਫੀਸਦੀ ਤੋਂ ਵੱਧ ਕੁਰਬਾਨੀਆਂ ਪੰਜਾਬੀਆਂ
ਦੀਆਂ ਹਨ। ਉਨ੍ਹਾਂ ਕਿਹਾ ਕਿ ਭਾਰਤ ਨੂੰ ਅਜ਼ਾਦੀ ਅਨੇਕਾਂ ਦੇਸ਼ ਭਗਤਾਂ ਅਤੇ ਸੂਰਬੀਰਾਂ ਦੀਆਂ
ਬਹੁਮੁੱਲੀਆਂ ਕੁਰਬਾਨੀਆਂ ਸਦਕਾ ਮਿਲੀ ਹੈ, ਜਿਸ ਲਈ ਸਾਨੂੰ ਦੇਸ਼ ਦੇ ਸ਼ਹੀਦਾਂ ਦੇ ਜੀਵਨ ਤੋਂ
ਸੇਧ ਲੈਣੀ ਚਾਹੀਦੀ ਹੈ।
ਇਸ ਤੋਂ ਪਹਿਲਾਂ ਮੁੱਖ ਮਹਿਮਾਨ ਸ਼੍ਰੀ ਧਰਮ ਪਾਲ ਗੁਪਤਾ ਨੇ ਐਸ.ਐਸ.ਪੀ. ਸ਼੍ਰੀ ਪਰਮਬੀਰ
ਸਿੰਘ ਪਰਮਾਰ ਨਾਲ ਪਰੇਡ ਕਮਾਂਡਰ ਡੀ.ਐਸ.ਪੀ. ਸ਼੍ਰੀ ਕਰਨਵੀਰ ਸਿੰਘ ਦੀ ਅਗਵਾਈ ਹੇਠ ਪਰੇਡ
ਵਿੱਚ ਹਿਸਾ ਲੈ ਰਹੀਆਂ ਪੰਜਾਬ ਪੁਲਿਸ, ਹੋਮ ਗਾਰਡਜ਼, ਐਨ.ਸੀ.ਸੀ., ਸਕਾਊਟਸ ਤੇ ਗਾਈਡਜ਼ ਦੀਆਂ
ਟੁਕੜੀਆਂ ਅਤੇ ਆਰਮੀ ਬੈਂਡ ਦਾ ਨਿਰੀਖਣ ਕੀਤਾ। ਇਸ ਤੋਂ ਬਾਅਦ ਸ਼ਾਨਦਾਰ ਮਾਰਚ ਪਾਸਟ ਹੋਇਆ ਅਤੇ
ਕੌਮੀ ਝੰਡੇ ਨੂੰ ਸਲਾਮੀ ਦਿੱਤੀ ਗਈ। ਇਸ ਉਪਰੰਤ ਜ਼ਿਲ੍ਹੇ ਦੇ ਸਕੂਲੀ ਬੱਚਿਆਂ ਵੱਲੋਂ ਪੀ.ਟੀ.
(ਫਿਜ਼ੀਕਲ ਟਰੇਨਿੰਗ), ਡੰਬਲ-ਲੇਜ਼ੀਅਮ ਸ਼ੋਅ ਅਤੇ ਸਭਿਆਚਾਰਕ ਪ੍ਰੋਗਰਾਮ ਦੀ ਸ਼ਾਨਦਾਰ ਪੇਸ਼ਕਾਰੀ
ਕੀਤੀ ਗਈ, ਜਿਸ ਨਾਲ ਸਮਾਗਮ ਦਾ ਪੂਰਾ ਮਾਹੌਲ ਦੇਸ਼ ਭਗਤੀ ਦੇ ਰੰਗ ਵਿੱਚ ਰੰਗਿਆ ਗਿਆ।
ਅੱਜ ਦੇ ਇਸ ਸ਼ੁੱਭ ਦਿਹਾੜੇ ਮੌਕੇ ਪੰਜਾਬ ਸਰਕਾਰ ਵੱਲੋਂ 5 ਮਹੱਤਵਪੂਰਨ ਲਾਭਕਾਰੀ ਸਕੀਮਾਂ
ਨੂੰ ਡਿਪਟੀ ਕਮਿਸ਼ਨਰ ਮਾਨਸਾ ਸ਼੍ਰੀ ਧਰਮ ਪਾਲ ਗੁਪਤਾ ਵੱਲੋਂ ਸ਼ੁਰੂ ਕੀਤਾ ਗਿਆ। ਇਨ੍ਹਾਂ
ਸਕੀਮਾਂ ਤਹਿਤ ਪਹਿਲੀ ਸਕੀਮ ਬੱਚਿਆਂ ਵੱਲੋਂ ‘ਭੀਖ ਮੰਗਣ ਦੀ ਪ੍ਰਥਾ ਨੂੰ ਖਤਮ ‘ ਕਰਨਾ ਜਿਸ
ਤਹਿਤ ਮਾਨਸਾ ਜ਼ਿਲੇ ਵਿੱਚ ਉਹਨਾਂ ਸਾਰੀਆਂ ਥਾਵਾਂ ਦੀ ਸ਼ਨਾਖਤ ਕੀਤੀ ਜਾਵੇਗੀ ਜਿੱਥੇ ਕਿ
ਇਨਾ੍ਹਂ ਲੋਕਾਂ ਨੇ ਭੀਖ ਮੰਗਣ ਨੂੰ ਇੱਕ ਕਿੱਤੇ ਵਜੋ ਅਪਣਾਇਆ ਹੋਇਆ ਹੈ। ਇਸੇ ਤਰ੍ਹਾਂ ਰਾਸ਼ਨ
ਵੰਡਣ ਦੀ ਪ੍ਰਕਿਰਿਆ ਵਿੱਚ ਹੋਰ ਵਧੇਰੇ ਪਾਰਦਰਸ਼ਿਤਾ ਲਿਆਉਣ ਦੇ ਮੰਤਵ ਨਾਲ ‘ਸਮਾਰਟ ਰਾਸ਼ਨ
ਕਾਰਡ ਸਕੀਮ’ ਸ਼ੁਰੂ ਕੀਤੀ ਗਈ ਹੈ ਹੈ, ਜਿਸ ਤਹਿਤ ਬਾਇਓਮੀਟਰਿਕ ਮਸ਼ੀਨਾਂ ਰਾਹੀਂ ਅਨਾਜ ਦੀ ਵੰਡ
ਕੀਤੀ ਜਾਵੇਗੀ, ਅੱਜ ਦੇ ਦਿਹਾੜੇ 5 ਲਾਭਪਤਾਰੀਆਂ ਨੂੰ ਰਾਸ਼ਨ ਦੀ ਵੰਡ ਕੀਤੀ ਗਈ। ਇਸ ਤੋਂ
ਇਲਾਵਾ ‘ਮੇਰੀ ਬੇਟੀ ਮੇਰੀ ਸ਼ਾਨ ਸਕੀਮ’ ਤਹਿਤ 5 ਲਾਭਪਾਤਰੀਆਂ ਨੂੰ ਕਾਰਡ ਵਿਤਰਿਤ ਕੀਤੇ ਗਏ।
‘ਮਹਾਤਮਾ ਗਾਂਧੀ ਸਰਬਤ ਵਿਕਾਸ ਯੋਜਨਾ ਸਕੀਮ’ ਤਹਿਤ 37 ਲਾਭਪਾਤਰੀਆਂ ਨੂੰ ਮਨਜੂਰੀ ਪੱਤਰ
ਦਿੱਤੇ ਗਏ। ਇਸ ਤੋਂ ਇਲਾਵਾ ‘ਨਸ਼ਿਆਂ ਦੇ ਮੁਕੰਮਲ ਖਾਤਮੇ’ ਲਈ ਇੱਕ ਵਾਰ ਫਿਰ ਤੋਂ ਵੱਡੇ ਪੱਧਰ
‘ਤੇ ਰੁਪ-ਰੇਖਾ ਤਿਆਰ ਕੀਤੀ ਗਈ ਹੈ, ਜਿਸ ਤਹਿਤ ਰਿਟਾਇਰਡ ਅਧਿਆਪਕ ਅਤੇ ਸਾਬਕਾ ਫੌਜੀ ਨਸ਼ੇ ਦਾ
ਸੇਵਨ ਕਰ ਰਹੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਰਹਿਤ ਜੀਵਨ ਜੀਉਣ ਲਈ ਪ੍ਰੇਰਿਤ ਕਰਣਗੇ।
ਇਸ ਉਪਰੰਤ ਮੁੱਖ ਮਹਿਮਾਨ ਸ਼੍ਰੀ ਧਰਮ ਪਾਲ ਗੁਪਤਾ ਵੱਲੋਂ ਆਜ਼ਾਦੀ ਘੁਲਾਟੀਏ, ਵੀਰ ਨਾਰੀਆਂ
ਸੱਭਿਆਚਾਰਕ ਪ੍ਰੋਗਰਾਮ ਵਿੱਚ ਭਾਗ ਲੈਣ ਵਾਲੇ ਬੱਚਿਆਂ, ਪਰੇਡ ਕਮਾਂਡਰ ਡੀ.ਐਸ.ਪੀ. ਸ਼੍ਰੀ
ਕਰਨਵੀਰ ਸਿੰਘ, ਪਰੇਡ ਵਿੱਚ ਹਿੱਸਾ ਲੈਣ ਵਾਲੀਆਂ ਟੁਕੜੀਆਂ ਦੇ ਪਲਾਟੂਨ ਕਮਾਂਡਰਾਂ ਦਾ ਸਨਮਾਨ
ਕੀਤਾ ਗਿਆ। ਇਸ ਮੌਕੇ ਖੇਡਾਂ, ਸਿੱਖਿਆ ਅਤੇ ਹੋਰ ਖੇਤਰਾਂ ‘ਚ ਮੱਲਾਂ ਮਾਰਨ ਵਾਲਿਆਂ ਨੂੰ ਵੀ
ਪ੍ਰਸ਼ੰਸਾ ਪੱਤਰਾਂ ਦੀ ਵੰਡ ਕੀਤੀ ਗਈ।
ਸਮਾਰੋਹ ਦੇ ਅਖ਼ੀਰ ਵਿੱਚ ਐਸ.ਡੀ.ਗਰਲਜ਼ ਕਾਲਜ ਦੀਆਂ ਵਿਦਿਆਰਥਣਾਂ ਵੱਲੋਂ ਰਾਸ਼ਟਰੀ ਗੀਤ ਦਾ
ਗਾਇਨ ਕੀਤਾ ਗਿਆ। ਇਸ ਮੌਕੇ ਡਿਪਟੀ ਕਮਿਸ਼ਨਰ ਸ਼੍ਰੀ ਧਰਮ ਪਾਲ ਗੁਪਤਾ ਵੱਲੋਂ ਗਣਤੰਤਰ ਦਿਵਸ ਦੀ
ਖੁਸ਼ੀ ਵਿੱਚ, ਜਿਨ੍ਹਾਂ ਸਕੂਲਾਂ ਨੇ ਇਸ ਸਮਾਰੋਹ ਵਿੱਚ ਭਾਗ ਲਿਆ ਸੀ, ਉਨ੍ਹਾਂ ਸਕੂਲਾਂ ਵਿੱਚ
27 ਜਨਵਰੀ ਨੂੰ ਛੁੱਟੀ ਕਰਨ ਦਾ ਐਲਾਨ ਕੀਤਾ।
ਅੱਜ ਦੇ ਇਸ ਸਮਾਰੋਹ ਵਿੱਚ ਜ਼ਿਲ੍ਹਾ ਤੇ ਸੈਸ਼ਨ ਜੱਜ ਸ਼੍ਰੀਮਤੀ ਸੁਖਵਿੰਦਰ ਕੌਰ, ਵਧੀਕ ਡਿਪਟੀ
ਕਮਿਸ਼ਨਰ (ਜ) ਸ਼੍ਰੀ ਗੁਰਿੰਦਰ ਪਾਲ ਸਿੰਘ ਸਹੋਤਾ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ਼੍ਰੀ
ਗੁਰਵਿੰਦਰ ਸਿੰਘ ਸਰਾਓ, ਐਸ.ਡੀ.ਐਮ. ਮਾਨਸਾ ਸ਼੍ਰੀ ਅਭਿਜੀਤ ਕਪਲਿਸ਼, ਸਹਾਇਕ ਕਮਿਸ਼ਨਰ (ਜ)
ਸ਼੍ਰੀ ਓਮ ਪ੍ਰਕਾਸ਼, ਸਹਾਇਕ ਕਮਿਸ਼ਨਰ (ਸ਼ਿਕਾਇਤਾਂ) ਸ਼੍ਰੀ ਦੀਪਕ ਰੁਹੇਲਾ ਸਮੇਤ ਸਮੂਹ ਜੁਡੀਸ਼ੀਅਲ
ਅਧਿਕਾਰੀ, ਵੱਖ-ਵੱਖ ਵਿਭਾਗਾਂ ਦੇ ਹੋਰ ਸੀਨੀਅਰ ਅਧਿਕਾਰੀ, ਸਕੂਲਾਂ ਤੇ ਕਾਲਜਾਂ ਦੇ
ਪ੍ਰਿੰਸੀਪਲ, ਅਧਿਆਪਕ, ਸਕੂਲੀ ਬੱਚੇ ਅਤੇ ਇਲਾਕਾ ਨਿਵਾਸੀ ਹਾਜ਼ਰ ਸਨ।
ਇਸ ਤੋਂ ਇਲਾਵਾ ਅੱਜ ਦੇ ਸਮਾਗਮ ਵਿੱਚ ਹਲਕਾ ਵਿਧਾਇਕ ਮਾਨਸਾ ਸ਼੍ਰੀ ਨਾਜਰ ਸਿੰਘ ਮਾਨਸਾਹੀਆ,
ਸਾਬਕਾ ਹਲਕਾ ਵਿਧਾਇਕ ਸਰਦੂਲਗੜ੍ਹ ਸ਼੍ਰੀ ਅਜੀਤ ਇੰਦਰ ਸਿੰਘ ਮੋਫਰ, ਸੀਨੀਅਰ ਕਾਂਗਰਸੀ ਆਗੂ
ਡਾ. ਮੰਜੂ ਬਾਂਸਲ ਅਤੇ ਸ਼੍ਰੀਮਤੀ ਗੁਰਪ੍ਰੀਤ ਕੌਰ ਗਾਗੋਵਾਲ ਵੱਲੋਂ ਵੀ ਸ਼ਿਰਕਤ ਕੀਤੀ ਗਈ।