ਮਾਨਸਾ, 29 ਜਨਵਰੀ (ਤਰਸੇਮ ਸਿੰਘ ਫਰੰਡ ) : ਡਿਪਟੀ ਕਮਿਸ਼ਨਰ-ਕਮ-ਚੇਅਰਮੈਨ ਜ਼ਿਲ੍ਹਾ ਰੈਡ
ਕਰਾਸ ਸੋਸਾਇਟੀ ਮਾਨਸਾ ਸ਼੍ਰੀ ਧਰਮ ਪਾਲ ਗੁਪਤਾ ਨੇ ਦੱਸਿਆ ਕਿ ਰੈਡ ਕਰਾਸ ਸੁਸਾਇਟੀ ਵਲੋਂ
ਲੋੜਵੰਦ ਵਿਅਕਤੀਆਂ ਦੀ ਭਲਾਈ ਅਤੇ ਵਿਕਾਸ ਲਈ ਸਮੇਂ-ਸਮੇਂ ‘ਤੇ ਵਿਸ਼ੇਸ਼ ਯੋਗਦਾਨ ਦਿੱਤਾ ਜਾ
ਰਿਹਾ ਹੈ। ਉਨ੍ਹਾਂ ਦੱਸਿਆ ਕਿ ਰੈਡ ਕਰਾਸ ਮਾਨਵਤਾ, ਨਿਰਪੱਖਤਾ, ਆਜ਼ਾਦੀ, ਸਵੈ-ਇੱਛਕ ਸੇਵਾ,
ਏਕਤਾ ਅਤੇ ਵਿਆਪਕਤਾ ਜਿਹੇ ਸਿਧਾਂਤਾ ‘ਤੇ ਆਧਾਰਿਤ ਹੈ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਸੈਕਟਰੀ ਰੈਡ ਕਰਾਸ ਮਾਨਸਾ ਸ਼੍ਰੀ ਜਗਦੇਵ ਸਿੰਘ ਨੇ
ਦੱਸਿਆ ਕਿ ਜ਼ਿਲ੍ਹਾ ਰੈਡ ਕਰਾਸ ਮਾਨਸਾ ਅਧੀਨ ਸੇਂਟ ਜਾਹਨ ਐਂਬੂਲੈਂਸ ਸ਼ਾਖਾ ਵੱਲੋਂ
ਵਿਦਿਆਰਥੀਆਂ, ਕੰਡਕਟਰਾਂ ਅਤੇ ਡਰਾਇਵਰਾਂ ਨੂੰ ਮੁੱਢਲੀ ਸਹਾਇਤਾ ਟ੍ਰੇਨਿੰਗ (ਫਸਟ ਏਡ
ਟਰੇਨਿੰਗ) ਦਿੱਤੀ ਜਾਂਦੀ ਹੈ, ਤਾਂ ਜੋ ਉਹ ਲੋੜ ਪੈਣ ‘ਤੇ ਲੋਕਾਂ ਦੀ ਜਾਨ ਬਚਾਉਣ ਵਿੱਚ ਮਦਦ
ਕਰ ਸਕਣ। ਉਨ੍ਹਾਂ ਦੱਸਿਆ ਕਿ ਟ੍ਰੇਨਿੰਗ ਦੌਰਾਨ ਉਨ੍ਹਾਂ ਨੂੰ ਸੱਪ ਡੱਸਣ, ਐਕਸੀਡੈਂਟ ਜਾਂ
ਕਿਸੇ ਦੁਰਘਟਨਾ ਸਮੇਂ ਮਦਦ ਲਈ ਸਿੱਖਿਅਤ ਕੀਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਅਪ੍ਰੈਲ 2017
ਤੋਂ ਹੁਣ ਤੱਕ ਰੈਡ ਕਰਾਸ ਵੱਲੋਂ 37 ਬੈਚ ਲਗਾ ਕੇ 1110 ਵਿਅਕਤੀਆਂ ਨੂੰ ਫਸਟ ਏਡ ਦੀ
ਟ੍ਰੇਨਿੰਗ ਦਿੱਤੀ ਜਾ ਚੁੱਕੀ ਹੈ।
ਸੈਕਟਰੀ ਰੈਡ ਕਰਾਸ ਨੇ ਦੱਸਿਆ ਕਿ ਇਸ ਤੋਂ ਇਲਾਵਾ ਗਰੀਬ ਵਿਧਵਾ ਔਰਤਾਂ ਨੂੰ
ਸਵੈ-ਰੁਜ਼ਗਾਰ ਲਈ ਸਮੇਂ-ਸਮੇਂ ‘ਤੇ ਸਿਲਾਈ ਮਸ਼ੀਨਾਂ ਦੀ ਵੰਡ ਕੀਤੀ ਜਾਂਦੀ ਹੈ, ਤਾਂ ਜੋ ਉਹ
ਆਪਣੇ ਪੈਰਾਂ ‘ਤੇ ਖੜ੍ਹੇ ਹੋ ਸਕਣ। ਉਨ੍ਹਾਂ ਦੱਸਿਆ ਕਿ ਇਸ ਮੰਤਵ ਅਧੀਨ ਅਪ੍ਰੈਲ ਤੋਂ ਹੁਣ
ਤੱਕ 30 ਲੋੜਵੰਦਾਂ ਨੂੰ ਸਿਲਾਈ ਮਸ਼ੀਨਾਂ ਦੀ ਵੰਡ ਕੀਤੀ ਗਈ ਹੈ। ਇਸੇ ਤਰ੍ਹਾਂ ਜੋ ਲੋੜਵੰਦ
ਆਤਮ-ਨਿਰਭਰ ਨਹੀਂ ਹਨ, ਭਾਵ ਚੱਲ ਫਿਰ ਨਹੀਂ ਸਕਦੇ, ਉਨ੍ਹਾਂ ਦੀ ਸਹੂਲਤ ਲਈ ਰੈਡ ਕਰਾਸ ਵੱਲੋਂ
20 ਟਰਾਈ ਸਾਈਕਲਾਂ ਅਤੇ 10 ਵੀਲ੍ਹ ਚੇਅਰਾਂ ਦੀ ਵੰਡ ਕੀਤੀ ਗਈ। ਇਸ ਤੋਂ ਇਲਾਵਾ ਜਿਨ੍ਹਾਂ
ਵਿਅਕਤੀਆਂ ਨੂੰ ਕੰਨ੍ਹਾਂ ਤੋਂ ਸੁਣਨ ਵਿੱਚ ਦਿੱਕਤ ਆਉਂਦੀ ਹੈ, ਉਨ੍ਹਾਂ ਵਿਅਕਤੀਆਂ ਨੂੰ
ਕੰਨਾਂ ਦੀਆਂ ਮਸ਼ੀਨਾਂ ਮੁਹੱਈਆ ਕਰਵਾਈਆਂ ਜਾਂਦੀਆਂ ਹਨ। ਇਸ ਸਕੀਮ ਅਧੀਨ ਅਪ੍ਰੈਲ ਤੋਂ ਹੁਣ
ਤੱਕ 10 ਲੋੜਵੰਦਾਂ ਨੂੰ ਕੰਨਾਂ ਦੀਆਂ ਮਸ਼ੀਨਾਂ ਮੁਹੱਈਆ ਕਰਵਾਈਆਂ ਗਈਆਂ।
ਨਸ਼ੇ ਦਾ ਖਾਤਮਾ ਕਰਨ ਦੇ ਮੰਤਵ ਅਤੇ ਨਸ਼ਾ ਕਰਨ ਵਾਲੇ ਵਿਅਕਤੀਆਂ ਦਾ ਇਲਾਜ ਕਰਨ ਲਈ ਮਾਨਸਾ
ਦੇ ਜੱਚਾ-ਬੱਚਾ ਹਸਪਤਾਲ ਦੇ ਸਾਹਮਣੇ ਰੈਡ ਕਰਾਸ ਨਸ਼ਾ ਮੁਕਤੀ ਅਤੇ ਪੁਨਰਵਾਸ ਕੇਂਦਰ ਖੋਲ੍ਹਿਆ
ਗਿਆ ਹੈ, ਜਿੱਥੇ ਨਸ਼ੇ ਦਾ ਸੇਵਨ ਕਰਨ ਵਾਲੇ ਵਿਅਕਤੀਆਂ ਦਾ ਮਾਹਿਰ ਡਾਕਟਰਾਂ ਦੀ ਦੇਖ-ਰੇਖ
ਵਿੱਚ ਇਲਾਜ਼ ਕਰ ਕੇ ਉਨ੍ਹਾਂ ਨੂੰ ਨਸ਼ੇ ਦੀ ਆਦਤ ਤੋਂ ਨਿਜ਼ਾਤ ਦਿਵਾਈ ਜਾਂਦੀ ਹੈ। ਇਸ ਤਹਿਤ
ਅਪ੍ਰੈਲ ਤੋਂ ਹੁਣ ਤੱਕ 143 ਮਰੀਜ਼ਾਂ ਦਾ ਇਲਾਜ ਕੀਤਾ ਗਿਆ ਹੈ, ਜੋ ਕਿ ਨਸ਼ੇ ਨੂੰ ਤਿਆਗ ਚੁੱਕੇ
ਹਨ।
ਸੈਕਟਰੀ ਸ਼੍ਰੀ ਜਗਦੇਵ ਸਿੰਘ ਨੇ ਦੱਸਿਆ ਕਿ ਲੋਕਾਂ ਨੂੰ ਸਸਤਾ ਤੇ ਸਾਫ਼-ਸੁਥਰਾ ਖਾਣਾ ਦੇਣ
ਦੇ ਮੰਤਵ ਨਾਲ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਮਾਨਸਾ ਵਿਖੇ ਜੱਚਾ ਬੱਚਾ ਕੇਂਦਰ ਦੇ
ਸਾਹਮਣੇ ਸਾਂਝੀ ਰਸੋਈ ਦੀ ਸਥਾਪਨਾ ਕੀਤੀ ਗਈ ਹੈ, ਜਿੱਥੇ 10 ਰੁਪਏ ਵਿਚ ਲੋਕਾਂ ਨੂੰ ਸਸਤਾ ਤੇ
ਸਾਫ਼-ਸੁਥਰਾ ਖਾਣਾ ਪ੍ਰਦਾਨ ਕੀਤਾ ਜਾਂਦਾ ਹੈ। ਹੁਣ ਤੱਕ ਇਸ ਸਾਂਝੀ ਰਸੋਈ ਤੋਂ 60 ਹਜ਼ਾਰ ਤੋਂ
ਵੀ ਵੱਧ ਵਿਅਕਤੀ ਖਾਣਾ ਖਾ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਜ਼ਿਲ੍ਹਾ ਰੈਡ
ਕਰਾਸ ਸੋਸਾਇਟੀ ਵੱਲੋਂ ਸਮੇਂ-ਸਮੇਂ ‘ਤੇ ਵੱਖ-ਵੱਖ ਲੋਕ ਭਲਾਈ ਦੇ ਪ੍ਰੋਗਰਾਮ ਅਤੇ ਖੂਨ ਦਾਨ
ਕੈਂਪ ਵੀ ਲਗਾਏ ਜਾਂਦੇ ਹਨ।