ਮਾਨਸਾ, 29 ਜਨਵਰੀ (ਤਰਸੇਮ ਫਰੰਡ) : ਪੋਲੀਓ ਦੀ ਬਿਮਾਰੀ ਦੇ ਮੁਕੰਮਲ ਖਾਤਮੇ ਲਈ ਪਲਸ ਪੋਲੀਓ
ਮੁਹਿੰਮ ਦੇ 28, 29 ਅਤੇ 30 ਜਨਵਰੀ 2018 ਰਾਊਂਡ ਦੇ ਤਹਿਤ ਅੱਜ ਸਿਹਤ ਵਿਭਾਗ ਮਾਨਸਾ ਵੱਲੋਂ
ਘਰ-ਘਰ ਜਾ ਕੇ 0 ਤੋਂ 5 ਸਾਲ ਤੱਕ ਦੇ 26820 ਬੱਚਿਆਂ ਨੂੰ ਪੋਲਿਓ ਬੂੰਦਾਂ ਪਿਲਾਈਆਂ ਗਈਆਂ।
ਇਸ ਤਰ੍ਹਾਂ ਤਿੰਨ ਦਿਨਾਂ ਮੁਹਿੰਮ ਦੇ ਦੂਜੇ ਦਿਨ 80 ਫੀਸਦੀ ਬੱਚਿਆਂ ਨੂੰ ਪੋਲਿਓ ਬੂੰਦਾਂ
ਪਿਲਾਈਆਂ ਜਾ ਚੁੱਕੀਆਂ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਮਾਨਸਾ ਡਾ. ਸੁਨੀਲ ਪਾਠਕ ਨੇ ਦੱਸਿਆ ਕਿ 0-5
ਸਾਲ ਦੇ ਬੱਚਿਆਂ ਨੂੰ ਪੋਲਿਓ ਬੂੰਦਾਂ ਪਿਲਾਈਆਂ ਜਾ ਰਹੀਆਂ ਹਨ ਅਤੇ ਮਾਨਸਾ ਜ਼ਿਲੇ ਵਿੱਚ
88923 ਬੱਚਿਆਂ ਨੂੰ ਪੋਲਿਓ ਬੂੰਦਾਂ ਪਿਲਾਉਣ ਲਈ ਰੈਗੂਲਰ ਬੂਥ 383 ਟੀਮਾਂ ਅਤੇ ਬੱਸ ਸਟੈਂਡ,
ਰੇਲਵੇ ਸਟੇਸ਼ਨਾਂ ਤੇ ਪੋਲੀਓ ਬੂੰਦਾਂ ਪਿਲਾਉਣ ਲਈ 11 ਟਰਾਂਜਿਟ ਟੀਮਾਂ ਲਗਾਈਆਂ ਗਈਆਂ ਹਨ, ਜੋ
ਕਿ ਹਰ ਸਮੇ ਬੱਚਿਆਂ ਨੂੰ ਪੋਲੀਓ ਬੂੰਦਾਂ ਪਿਲਾਉਣ ਲਈ ਕੰਮ ਕਰ ਰਹੀਆਂ ਹਨ।
ਸਿਵਲ ਸਰਜਨ ਨੇ ਦੱਸਿਆ ਕਿ ਭੱਠਿਆਂ, ਫੈਕਟਰੀਆਂ, ਉਸਾਰੀ ਵਾਲੀਆਂ ਥਾਵਾਂ ਅਤੇ ਝੂਗੀਆਂ
ਝੋਪੜੀਆਂ ਆਦਿ ਨੂੰ ਕਵਰ ਕਰਨ ਲਈ 16 ਮੋਬਾਇਲ ਟੀਮਾਂ ਦਾ ਗਠਨ ਕੀਤਾ ਗਿਆ ਹੈ। ਉਨ੍ਹਾਂ ਦੱਸਿਆ
ਕਿ ਇਸ ਸਾਰੇ ਕੰਮ ਨੂੰ ਨੇਪਰੇ ਚਾੜਨ ਲਈ 81 ਸੁਪਰਵਾਈਜਰ ਲਗਾਏ ਗਏ ਹਨ ਅਤੇ ਇਸ ਸਾਰੇ ਕੰਮ ਦੀ
ਦੇਖ-ਰੇਖ ਲਈ ਜ਼ਿਲਾ ਪੱਧਰ ‘ਤੇ ਸੁਪਰਵਾਈਜਰਾਂ ਦੀਆਂ ਟੀਮਾਂ ਵੱਖ-ਵੱਖ ਇਲਾਕਿਆਂ ਵਿੱਚ ਕੰਮ ਦਾ
ਜਾਇਜਾ ਲੈ ਰਹੀਆਂ ਹਨ।
ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ ਇਸ ਮੁਹਿੰਮ ਦੇ ਪਹਿਲੇ ਦਿਨ 28 ਜਨਵਰੀ 2018 ਨੂੰ
43694 ਬੱਚਿਆਂ ਨੂੰ ਪੋਲਿਓ ਬੂਥਾਂ ‘ਤੇ ਪੋਲਿਓ ਬੂੰਦਾਂ ਪਿਲਾਈਆਂ ਗਈਆਂ। ਇਸ ਤੋਂ ਇਲਾਵਾ
ਮੁਹਿੰਮ ਦੇ ਦੂਸਰੇ ਦਿਨ 29 ਜਨਵਰੀ ਨੂੰ 26820 ਬੱਚਿਆਂ ਨੂੰ ਕਵਰ ਕੀਤਾ ਗਿਆ। ਉਨ੍ਹਾਂ
ਦੱਸਿਆ ਕਿ ਬਾਕੀ ਰਹਿੰਦੇ ਬੱਚਿਆਂ ਨੂੰ 30 ਜਨਵਰੀ ਨੂੰ ਘਰ-ਘਰ ਜਾ ਕੇ ਪੋਲਿਓ ਬੂੰਦਾਂ
ਪਿਲਾਈਆਂ ਜਾਣਗੀਆਂ, ਤਾਂ ਜੋ ਕੋਈ ਵੀ ਬੱਚਾ ਪੋਲੀਓ ਬੂੰਦਾਂ ਪੀਣ ਤੋ ਵਾਂਝਾ ਨਾ ਰਹਿ ਜਾਵੇ।