ਮੁੰਬਈ / ਅੰਮ੍ਰਿਤਸਰ 30 ਜਨਵਰੀ ( ) ਦਮਦਮੀ ਟਕਸਾਲ ਨੇ ਪੰਜਾਬ ਤੋਂ ਬਾਹਰ ਵੀ ਗੁਰਮਤਿ
ਪ੍ਰਚਾਰ ਪ੍ਰਸਾਰ ਲਹਿਰ ‘ਚ ਤੇਜੀ ਲਿਆਉਣ ਦਾ ਫੈਸਲਾ ਕੀਤਾ ਹੈ।ਦਮਦਮੀ ਟਕਸਾਲ ਦੇ ਮੁਖੀ ਸੰਤ
ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਉਕਤ ਐਲਾਨ ਕਰਦਿਆਂ ਸੰਗਤ ਨੂੰ ਸਹਿਯੋਗ ਦੇਣ ਦੀ ਅਪੀਲ ਕੀਤੀ
ਹੈ। ਉਹ ਮੁੰਬਈ ਦੇ ਜੰਬੂਰ ‘ਚ ਦਮਦਮੀ ਟਕਸਾਲ ਦੀ ਅਗਵਾਈ ‘ਚ ਗੁਰਦਵਾਰਾ ਸ੍ਰੀ ਗੁਰੂ ਨਾਨਕ
ਦਰਬਾਰ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਅਵਸਰ ਅਤੇ ਬਾਬਾ ਦੀਪ
ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਮਹਾਨ ਕੀਰਤਨ ਅਤੇ ਗੁਰਮਤਿ ਸਮਾਗਮ ਨੂੰ ਸੰਬੋਧਨ ਕਰ
ਰਹੇ ਸਨ। ਉਹਨਾਂ ਸੰਗਤ ਨੂੰ ਸਮਾਗਮਾਂ ਦੀ ਸਫਲਤਾ ਲਈ ਵਧਾਈ ਦਿੰਦਿਆਂ ਅੰਮ੍ਰਿਤਧਾਰੀ ਹੋਕੇ
ਗੁਰੂ ਘਰ ਨਾਲ ਜੁੜੇ ਰਹਿਣ ਦਾ ਪਾਠ ਪੜਾਇਆ। ਉਹਨਾਂ ਦੱਸਿਆ ਕਿ ਇਹ ਗੁਰੂ ਨਾਨਕ ਦੇਵ ਜੀ ਦੇ
550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੰਜਾਬ ਤੋਂ ਬਾਹਰ ਪਹਿਲਾ ਸਮਾਗਮ ਹੈ ਜਿਸ ਵਿੱਚ
ਹਜ਼ਾਰਾਂ ਸੰਗਤਾਂ ਨੇ ਹਿੱਸਾ ਲੈ ਕੇ ਗੁਰੂ ਸਾਹਿਬ ਨੂੰ ਸਿਜਦਾ ਕੀਤਾ।
ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਉਚੇਚੇ
ਪਹੁੰਚ ਕੇ ਸਮਾਗਮ ‘ਚ ਹਾਜ਼ਰੀ ਲਵਾਈ। ਉਹਨਾਂ ਕਿਹਾ ਕਿ ਦਮਦਮੀ ਟਕਸਾਲ ਨੂੰ ਪੰਜਾਬ ਤੋ ਬਾਹਰ
ਸਿੱਖੀ ਪ੍ਰਚਾਰ ਲਈ ਸ਼੍ਰੋਮਣੀ ਕਮੇਟੀ ਵੱਲੋਂ ਸੰਭਵ ਸਹਿਯੋਗ ਦੇਵੇਗੀ।ਸ਼੍ਰੋਮਣੀ ਕਮੇਟੀ ਪ੍ਰਧਾਨ
ਨੇ ਦੇਸ਼ ਵਿਦੇਸ਼ ਵਿੱਚ ਵਸ ਰਹੀਆਂ ਸਿੱਖ ਸੰਗਤਾਂ ਨੂੰ 2019 ‘ਚ ਸੁਲਤਾਨਪੁਰ ਲੋਧੀ ਵਿਖੇ ਗੁਰੂ
ਨਾਨਕ ਸਾਹਿਬ ਦੇ ਮਨਾਏ ਜਾ ਰਹੇ 550 ਸਾਲਾ ਪ੍ਰਕਾਸ਼ ਪੁਰਬ ਸ਼ਤਾਬਦੀ ਸਮਾਗਮ ‘ਚ ਵੱਡੀ ਗਿਣਤੀ
ਵਿੱਚ ਹਿੱਸਾ ਲੈਣ ਲਈ ਹੁੰਮ੍ਹ ਹੰਮ੍ਹਾ ਕੇ ਪਹੁੰਚਣ ਦੀ ਅਪੀਲ ਕੀਤੀ। ਇਸ ਮੌਕੇ ਸਥਾਨਿਕ
ਆਗੂਆਂ ਦੀ ਮੰਗ ‘ਤੇ ਉਹਨਾਂ ਖ਼ਾਲਸਾ ਕਾਲਜ ਮੁੰਬਈ ‘ਚ ਸਿੱਖਿਆ ਦਾ ਮਿਆਰ ਉੱਚਾ ਚੁੱਕਣ ਅਤੇ
ਬੁਨਿਆਦੀ ਸਹੂਲਤਾਂ ਵਿੱਚ ਸੁਧਾਰ ਲਿਆਉਣ ਦਾ ਭਰੋਸਾ ਦਿੱਤਾ। ਇਸ ਮੌਕੇ ਬਾਬਾ ਹਰਨਾਮ ਸਿੰਘ
ਖ਼ਾਲਸਾ ਅਤੇ ਸ਼ਹਿਰ ਦੇ ਪਤਵੰਤਿਆਂ ਉੱਘੇ ਨੇਤਾਵਾਂ ਵੱਲੋਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ
ਗੋਬਿੰਦ ਸਿੰਘ ਲੌਂਗੋਵਾਲ ਨੂੰ ਸਨਮਾਨਿਤ ਕੀਤਾ ਗਿਆ।ਇਸ ਤੋਂ ਪਹਿਲਾਂ ਭਾਈ ਲੌਂਗੋਵਾਲ ਦਾ
ਮੁੰਬਈ ਵਿਖੇ ਪਹਿਲੀ ਵਾਰ ਪਹੁੰਚਣ ‘ਤੇ ਹਵਾਈ ਅੱਡੇ ਵਿਖੇ ਸੰਗਤਾਂ ਵੱਲੋਂ ਭਾਈ ਜਸਪਾਲ ਸਿੰਘ
ਸਿੱਧੂ ਦੀ ਅਗਵਾਈ ‘ਚ ਸ਼ਾਨਦਾਰ ਸਵਾਗਤ ਕੀਤਾ ਗਿਆ। ਗੁਰਪੁਰਬ ਸੰਬੰਧੀ ਸ਼ਹਿਰ ਵਿੱਚ ਗੁਰੂ
ਗ੍ਰੰਥ ਸਾਹਿਬ ਦੀ ਛਤਰ-ਛਾਇਆ ਹੇਠ ਪੰਜ ਪਿਆਰਿਆਂ ਦੀ ਅਗਵਾਈ ‘ਚ ਵਿਸ਼ਾਲ ਨਗਰ ਕੀਰਤਨ ਵੀ
ਕੱਢਿਆ ਗਿਆ। ਇਸ ਮੌਕੇ ਸੰਗਤਾਂ ਦਾ ਉਤਸ਼ਾਹ ਦੇਖਿਆਂ ਹੀ ਬਣਦਾ ਸੀ। ਗੁਰੂ ਦਾ ਲੰਗਰ ਅਟੁੱਟ
ਵਰਤਿਆ।
ਇਸ ਮੌਕੇ ਸ਼੍ਰੋਮਣੀ ਕਮੇਟੀ ਜਨਰਲ ਸਕੱਤਰ ਸ: ਗੁਰਬਚਨ ਸਿੰਘ ਕਰਮੂਵਾਲਾ, ਬਾਬਾ ਬੰਤਾ ਸਿੰਘ ,
ਸੁਖਦੇਵ ਸਿੰਘ ਭੂਰਾ ਕੋਨਾ, ਭਾਈ ਜਸਪਾਲ ਸਿੰਘ ਸਿੱਧੂ ਪ੍ਰਧਾਨ ਸਿੱਖ ਕੌਂਸਲ, ਪੂਰਨ ਸਿੰਘ
ਪ੍ਰਧਾਨ, ਜਸਮੀਤ ਸਿੰਘ, ਦਲਜੀਤ ਸਿੰਘ ਬਲ, ਅਮਰੀਕ ਸਿੰਘ ਪ੍ਰਧਾਨ, ਅਮਰੀਕ ਸਿੰਘ ਜਮੂਰ,
ਸਤਨਾਮ ਸਿੰਘ ਮਾਨ, ਹਰਭਜਨ ਸਿੰਘ, ਅਵਤਾਰ ਸਿੰਘ, ਰਾਗੀ ਬਲਵਿੰਦਰ ਸਿੰਘ ਰੰਗੀਲਾ, ਬਾਬਾ
ਨਰਿੰਦਰ ਸਿੰਘ ਨੰਦੇੜ, ਬੀਬੀ ਭਾਨੀ ਸਤਸੰਗ ਜਥਾ, ਭਾਈ ਬਲਬੀਰ ਸਿੰਘ ਊਨਾ ਵਾਲੇ, ਭਾਈ ਰਵਿੰਦਰ
ਸਿੰਘ ਅੰਮ੍ਰਿਤਸਰ, ਸੰਤ ਬਾਬਾ ਕਸ਼ਮੀਰਾ ਸਿੰਘ ਭੂਰੀ ਵਾਲੇ, ਚਰਨਜੀਤ ਸਿੰਘ ਅਬਰੋਲ, ਮਨਜੀਤ
ਸਿੰਘ ਅਬਰੋਲ, ਰਾਜਾ ਸਿੰਘ ਜੌਹਰ, ਗੁਰਪ੍ਰੀਤ ਸਿੰਘ, ਜਗਮੋਹਨ ਸਿੰਘ ਓਬਰਾਏ ਆਦਿ ਮੌਜੂਦ ਸਨ।