ਧਾਰੀਵਾਲ, 30 ਜਨਵਰੀ (ਗੁਰਵਿੰਦਰ ਨਾਗੀ)-ਗੁੱਜਰ ਮੁਹੰਮਦ ਰਫੀ ਉਰਫ ਸਿਪਾਹੀਆ ਦੇ ਧਾਰੀਵਾਲ ਸਥਿਤ ਨਹਿਰ ਕਿਨਾਰੇ ਬਣੇ ਚਰਚਿਤ ਪੱਕੇ ਕੁੱਲ (ਮਕਾਨ) ਨੂੰ ਤਾਂ ਪ੍ਰਸ਼ਾਸ਼ਨ ਨੇ ਕੁਝ ਸਮਾਂ ਪਹਿਲਾਂ ਐਸ.ਡੀ.ਐਮ. ਗੁਰਦਾਸਪੁਰ ਦੇ ਹੁਕਮਾਂ ਅਨੁਸਾਰ ਭਾਰੀ ਪੁਲਿਸ ਫੋਰਸ ਅਤੇ ਨਹਿਰੀ ਵਿਭਾਗ ਦੇ ਕਰਮਚਾਰੀਆਂ ਵਲੋਂ ਢਹਿ ਢੇਰੀ ਕਰ ਦਿੱਤਾ ਗਿਆ ਸੀ ਪਰ ਢਹਿ ਢੇਰੀ ਕੀਤੇ ਮਕਾਨ ਦਾ ਮਲਬਾ ਉਸ ਜਗ੍ਹਾ ਤੇ ਜਿਉਂ ਦਾ ਤਿਉਂ ਹੀ ਪਿਆ ਹੋਇਆ ਸੀ ਜਿਸ ਨੂੰ ਗੁੱਜਰ ਸਿਪਾਹੀਆ ਵਲੋਂ ਚੱੁਕਿਆ ਨਹੀਂ ਜਾ ਰਿਹਾ ਸੀ | ਪਰ ਅੱਜ ਨਹਿਰੀ ਵਿਭਾਗ ਦੇ ਕਰਮਚਾਰੀਆਂ ਵਲੋਂ ਪੁਲਿਸ ਅਧਿਕਾਰੀਆਂ ਦੀ ਹਾਜਰੀ ਵਿਚ ਜੇ.ਸੀ.ਬੀ. ਮਸ਼ੀਨ ਨਾਲ ਢਹਿ ਢੇਰੀ ਹੋਏ ਮਲਬੇ ਨੂੰ ਚੁਕਵਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ | ਦੱਸਣਯੋਗ ਹੈ ਕਿ ਪਿਛਲੇ ਕਈ ਸਾਲਾਂ ਤੋਂ ਗੁੱਜਰ ਮੁਹੰਮਦ ਰਫੀ ਉਰਫ ਸਿਪਾਹੀਆ ਨਹਿਰ ਕਿਨਾਰੇ ਇੱਕ ਕੱਚਾ ਕੁੱਲ ਬਣਾ ਕੇ ਰਹਿੰਦਾ ਸੀ ਪਰ ਸਿਆਸੀ ਪਹੁੰਚ ਕਰਕੇ ਉਸਨੇ ਕੱਚੇ ਕੁੱਲ ਨੂੰ ਸਰਕਾਰੀ ਜਮੀਨ ਵਿਚ ਇੱਕ ਪੱਕੀ ਬਿਲਡਿੰਗ ਦੇ ਰੂਪ ਵਿਚ ਤਬਦੀਲ ਕਰ ਦਿੱਤਾ ਸੀ | ਇਸੇ ਦੌਰਾਨ ਧਾਰੀਵਾਲ ਸਥਿਤ ਛੋਟਾ ਮਾਸੂਮ ਬੱਚਾ ਮੁਨੀਸ਼ ਪੁੱਤਰ ਵਿਜੈ ਕੁਮਾਰ ਦੇ ਕੁਝ ਸਾਲ ਪਹਿਲਾਂ ਹੋਏ ਕਤਲ ਦੇ ਸਬੰਧ ਵਿਚ ਵੀ ਉਕਤ ਤਾਂਤਰਿਕ ਮੁਹੰਮਦ ਰਫੀ ਦਾ ਨਾਮ ਉੱਛਲ ਕੇ ਬਾਹਰ ਆਇਆ ਸੀ ਅਤੇ ਇਸ ਬੱਚੇ ਦੇ ਹੋਏ ਕਤਲ ਦੇ ਸਬੰਧ ਵਿਚ ਥਾਣਾ ਧਾਰੀਵਾਲ ਦੀ ਪੁਲਿਸ ਨੇ ਭਾਵੇਂ ਧਾਰਾ 302 ਤਹਿਤ ਅਣਪਛਾਤਿਆਂ ਦੇ ਵਿਰੁੱਧ ਕੇਸ ਦਰਜ ਕਰ ਲਿਆ ਸੀ ਪਰ ਇਸਦੀ ਤਫਤੀਸ ਵੀ ਸਿਆਸੀ ਪ੍ਰਭਾਵ ਕਰਕੇ ਅੱਗੇ ਨਹੀਂ ਚੱਲ ਸਕੀ ਪਰ ਹੁਣ ਬਦਲਵੇ ਮਾਹੋਲ ਦੇ ਚਲਦਿਆਂ ਪੀੜਤ ਵਿਜੈ ਕੁਮਾਰ ਨੇ ਮਾਨਯੋਗ ਅਦਾਲਤ ਗੁਰਦਾਸਪੁਰ ਦਾ ਦਰਵਾਜਾ ਖੜਕਾ ਕੇ ਆਪਣੇ ਨਾਲ ਹੋਈ ਬੇਇਨਸਾਫੀ ਦੀ ਜਾਂਚ ਕਰਕੇ ਇਨਸਾਫ ਦਵਾਉਣ ਦੀ ਮੰਗ ਕੀਤੀ ਸੀ ਅਤੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਨੂੰ ਇੱਕ ਹੋਰ ਦਰਖਾਸਤ ਦੇ ਕੇ ਮੰਗ ਕੀਤੀ ਸੀ ਕਿ ਮੁਹੰਮਦ ਰਫੀ ਸਰਕਾਰੀ ਜਮੀਨ ਤੇ ਨਜਾਇਜ ਕਬਜਾ ਕਰਕੇ ਪੱਕਾ ਮਕਾਨ ਬਣਾ ਕੇ ਆਪਣੇ ਪਰਿਵਾਰ ਸਮੇਤ ਰਹਿ ਰਿਹਾ ਹੈ | ਇਸ ਲਈ ਉਕਤ ਗੁੱਜਰ ਕੋਲੋਂ ਇਹ ਸਰਕਾਰੀ ਜਮੀਨ ਦਾ ਕਬਜਾ ਛੁੱਡਵਾਇਆ ਜਾਵੇ | ਇਸ ਨਜਾਇਜ ਕਬਜੇ ਨੂੰ ਛੁਡਵਾਉਣ ਲਈ ਵਿਜੈ ਕੁਮਾਰ ਨੇ ਕੁਝ ਸਿਆਸੀ ਪਾਰਟੀਆਂ ਦੇ ਆਗੂਆਂ ਦਾ ਸਹਿਯੋਗ ਵੀ ਲਿਆ ਸੀ | ਜਿਸਦੇ ਚਲਦਿਆਂ ਐਸ.ਡੀ.ਐਮ. ਗੁਰਦਾਸਪੁਰ ਵਲੋਂ ਉਕਤ ਮਕਾਨ ਨੂੰ ਢਾਹੁਣ ਦੇ ਨਹਿਰੀ ਵਿਭਾਗ ਦੇ ਅਧਿਕਾਰੀਆਂ ਨੂੰ ਹੁਕਮ ਜਾਰੀ ਕੀਤੇ ਸੀ | ਜਿਸ ਕਾਰਨ ਨਹਿਰ ਵਿਭਾਗ ਦੇ ਅਧਿਕਾਰੀਆਂ ਵਲੋਂ ਕੁੱਲ ਖਾਲੀ ਕਰਨ ਕਈ ਵਾਰ ਮੁਹੰਮਦ ਰਫੀ ਦੇ ਪਰਿਵਾਰਕ ਮੈਂਬਰਾਂ ਨੂੰ ਨੋਟਿਸ ਦਿੱਤੇ ਸਨ | ਪਰ ਉਹ ਕੁੱਲ ਨੂੰ ਖਾਲੀ ਨਹੀਂ ਸੀ ਕਰ ਰਹੇ | ਜਿਸ ਤੋਂ ਨਹਿਰੀ ਵਿਭਾਗ ਦੇ ਅਧਿਕਾਰੀਆਂ ਨੇ ਭਾਰੀ ਪੁਲਿਸ ਫੋਰਸ ਸਮੇਤ ਉਕਤ ਪੱਕੇ ਕੁੱਲ ਨੂੰ ਜੇ.ਸੀ.ਬੀ. ਮਸ਼ੀਨ ਨਾਲ ਢਹਿ ਢੇਰੀ ਕਰ ਦਿੱਤਾ ਸੀ ਪਰ ਉਸ ਦਿਨ ਤੋਂ ਢਹਿ ਢੇਰੀ ਹੋਏ ਮਲਬੇ ਨੂੰ ਗੁੱਜਰ ਸਿਪਾਹੀਆਂ ਵਲੋਂ ਨਹੀਂ ਸੀ ਚੁੱਕਿਆ ਜਾ ਰਿਹਾ | ਪਰ ਅੱਜ ਐਸ.ਡੀ.ਓ. ਅਤਿੰਦਰਪਾਲ ਸਿੰਘ, ਡੀ.ਐਸ.ਪੀ. ਧਾਰੀਵਾਲ ਮਨਜੀਤ ਸਿੰਘ, ਐਸ.ਐਚ.ਓ. ਅਮਨਦੀਪ ਸਿੰਘ ਅਤੇ ਹੋਰ ਅਧਿਕਾਰੀਆਂ ਦੀ ਅਗਵਾਈ ਹੇਠ ਮਲਬੇ ਨੂੰ ਚੁਕਵਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ |
ਤਸਵੀਰਾਂ-
ਜੇ.ਸੀ.ਬੀ. ਮਸ਼ੀਨ ਨਾਲ ਢਹਿ ਢੇਰੀ ਹੋਏ ਮਕਾਨ ਦੇ ਮਲਬੇ ਨੂੰ ਚੁਕਵਾਉਂਦੇ ਹੋਏ |