ਮਹਿਲ ਕਲਾਂ 30 ਜਨਵਰੀ (ਗੁਰਸੇਵਕ ਸਿੰਘ ਸਹੋਤਾ) ਬਲਾਕ ਮਹਿਲ ਕਲਾਂ ਅਧੀਨ ਪੈਂਦੇ ਪਿੰਡ ਸਹੌਰ ਦੇ ਇੱਕ ਗਰੀਬ ਪਰਿਵਾਰ ‘ਤੇ ਉਸ ਸਮੇਂ ਦੁੱਖਾਂ ਦਾ ਪਹਾੜ ਟੁੱਟਿਆ ਜਦੋਂ ਰੋਜੀ ਰੋਟੀ ਦੇ ਸਾਧਨ ਲਈ ਰੱਖੀਆਂ ਭੇਡਾ ਨੇ ਚਰਨ ਸਮੇਂ ਕੋਈ ਜ਼ਹਿਰੀਲੀ ਚੀਜ ਨਿਗਲ਼ ਲਈ | ਜਿਸ ਨਾਲ 6 ਭੇਡਾ ਦੀ ਮੌਕੇ ਤੇ ਹੀ ਮੌਤ ਹੋ ਗਈ ਜਦਕਿ ਬਾਕੀ ਬਿਮਾਰ ਭੇਡਾ ਨੂੰ ਬਚਾਉਣ ਲਈ ਗਰੀਬ ਪਰਿਵਾਰ ਵੱਲੋਂ ਮਹਿੰਗਾ ਇਲਾਜ ਕਰਵਾ ਕੇ ਜਦੋਂ ਜਹਿਦ ਕੀਤੀ ਜਾ ਰਹੀ ਹੈ | ਇਸ ਘਟਨਾ ਸਬੰਧੀ ਪੱਤਰਕਾਰਾਂ ਨੂੰ ਭਰੇ ਮਨ ਨਾਲ ਪੀੜਤ ਮਜ਼ਦੂਰ ਚਮਕੌਰ ਸਿੰਘ ਪੁੱਤਰ ਸਵ: ਗੁਰਮੇਲ ਸਿੰਘ ਵਾਸੀ ਸਹੌਰ ਨੇ ਦੱਸਿਆ ਕਿ ਉਸ ਕੋਲ ਪਰਿਵਾਰ ਦੇ ਪਾਲਨ ਪੋਸ਼ਣ ਲਈ 45 ਦੇ ਕਰੀਬ ਭੇਡਾ ਰੱਖੀਆਂ ਹੋਈਆ ਹਨ ਜਿੰਨਾ ਨੂੰ ਉਹ ਰੋਜ਼ਾਨਾ ਹੀ ਚਾਰਨ ਲਈ ਜਾਦਾ ਹੈ,ਪਰ ਸੋਮਵਾਰ ਸਾਮ ਨੂੰ ਉਹ ਜਦੋਂ ਭੇਡਾ ਨੂੰ ਚਾਰ ਕੇ ਵਾਪਸ ਘਰ ਲਿਆ ਰਿਹਾ ਸੀ ਤਾਂ ਪਿੰਡ ਦੀ ਫਿਰਨੀ ‘ਤੋਂ ਭੇਡਾ ਨੇ ਕੋਈ ਜ਼ਹਿਰੀਲੀ ਚੀਜ ਨਿਗਲ਼ ਲਈ ਜਿਸ ਨਾਲ ਸਾਰੀਆਂ ਭੇਡਾ ਇੱਕ ਇੱਕ ਕਰਕੇ ਉਥੇ ਡਿੱਗ ਕੇ ਬੇਹੋਸ਼ ਹੋਣ ਲੱਗੀਆਂ | ਪਿੰਡ ਵਾਸੀਆਂ ਦੀ ਮਦਦ ਨਾਲ ਉਸ ਨੇ ਸਾਰੀਆਂ ਭੇਡਾ ਨੂੰ ਚੁੱਕ ਘਰ ਤੱਕ ਲਿਆਂਦਾ | ਪੀੜਤ ਮਜ਼ਦੂਰ ਨੇ ਦੱਸਿਆ ਕਿ ਮਰੀਆਂ ਭੇਡਾ ‘ਚੋ 1 ਭੇਡ ਬੱਚਿਆ ਵਾਲੀ ਸੀ ਜਦਕਿ 5 ਦੇ ਕਰੀਬ ਭੇਡਾ ਸੂਣ ਵਾਲੀਆ ਸਨ , ਜਿੰਨਾ ਦੀ ਕੀਮਤ 75 ਤੋਂ 80 ਹਜਾਰ ਦੇ ਕਰੀਬ ਬਣਦੀ ਹੈ | ਜਦਕਿ ਬਾਕੀ ਭੇਡਾ ਦੇ ਇਲਾਜ ਲਈ ਹੁਣ ਤੱਕ ਹਜ਼ਾਰਾਂ ਦਾ ਖਰਚ ਆ ਚੁੱਕਾ ਹੈ | ਪੀੜਤ ਦੁਖੜਾ ਰੋਂਦਿਆਂ ਦੱਸਿਆ ਕਿ ਉਸ ਦੇ ਪਿਤਾ ਦੀ ਵੀ ਕੁਝ ਦਿਨ ਪਹਿਲਾ ਕਿਸੇ ਬਿਮਾਰੀ ਕਾਰਨ ਮੌਤ ਹੋ ਚੁੱਕੀ ਹੈ ਜਿਸ ਦੇ ਇਲਾਜ ਲਈ ਵੀ ਉਹ ਲੱਖਾਂ ਰੂਪੈ ਖਰਚ ਚੁੱਕੇ ਹਨ ਪਰ ਹੁਣ ਭੇਡਾ ਦੇ ਮਰਨ ਦਾ ਘਾਟਾ ਕਿਸੇ ਵੀ ਤਰਾਂ ਪੂਰਾ ਨਹੀ ਹੋਵੇਗਾ | ਇਸ ਮੌਕੇ ਭਾਈ ਸੁਰਿੰਦਰ ਸਿੰਘ ਸਹੌਰ,ਜੀਤ ਸਿੰਘ ਸਹੌਰ,ਭਾਈ ਮਨਜੀਤ ਸਿੰਘ ਸਹਿਜੜਾ ਆਦਿ ਨੇ ਪੀੜਤ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਦਿਆਂ ਪੰਜਾਬ ਸਰਕਾਰ ਪਾਸੋਂ ਗਰੀਬ ਪਰਿਵਾਰ ਲਈ ਮੁਆਵਜ਼ੇ ਦੀ ਮੰਗ ਕੀਤੀ |