ਮਾਨਸਾ (ਤਰਸੇਮ ਸਿੰਘ ਫਰੰਡ ) ਪੰਜਾਬ ਸਰਕਾਰ ਵੱਲੋਂ ਟਿਊਬਵੈਲਾਂ ਦੀਆਂ ਬਿਜਲੀ ਦੀਆਂ
ਮੋਟਰਾਂ ਤੇ ਮੀਟਰ ਲਾਉਣ ਦੇ ਫੈਸਲੇ ਦਾ ਵਿਰੋਧ ਕਰਦੇ ਹੋਏ ਭਾਰਤੀ ਕਿਸਾਨ ਯੂਨੀਅਨ ਰਜਿ:
(ਕਾਦੀਆਂ) ਦੀ ਜਿਲ੍ਹਾ ਕਮੇਟੀ ਦੀਇੱਕ ਹੰਗਾਮੀ ਮੀਟਿੰਗ ਜਿਲ੍ਹਾ ਪ੍ਰਧਾਨ ਜਰਨੈਲ ਸਿੰਘ ਸਤੀਕੇ
ਦੀ ਪ੍ਰਧਾਨਗੀ ਹੇਠ ਜਿਲ੍ਹਾ ਕਚਿਹਰੀਆਂ ਬਾਲ ਭਵਨ, ਮਾਨਸਾ ਵਿਖੇ ਬੁਲਾਈ ਗਈ। ਜਿਸ ਵਿੱਚ
ਸਰਬਸੰਮਤੀ ਨਾਲ ਮੋਟਰਾਂ ਤੇ ਮੀਟਰ ਲਾਉਣ ਦੇ ਫੈਸਲੇ ਨੂੰ ਵਾਪਸ ਲੈਣ ਲਈ ਇੱਕ ਮੰਗ ਪੱਤਰ
ਡਿਪਟੀ ਕਮਿਸ਼ਨਰ ਮਾਨਸਾ ਰਾਹੀਂ ਪੰਜਾਬ ਸਰਕਾਰ ਨੂੰ ਦਿੱਤਾ ਗਿਆ। ਜਿਸ ਵਿੱਚ ਮੰਗ ਕੀਤੀ ਗਈ ਕਿ
ਪੰਜਾਬ ਸਰਕਾਰ ਵੱਲੋਂ ਆਪਣੇ ਚੋਣ ਵਾਅਦਿਆਂ ਦੇ ਉਲਟ ਜੋ ਹੁਣ ਟਿਊਬਵੈਲਾਂ ਦੀਆਂ ਬਿਜਲੀ ਦੀਆ
ਮੋਟਰਾਂ ਤੇ ਮੀਟਰ ਲਾਉਣ ਦਾ ਫੈਸਲਾ ਲਿਆ ਗਿਆ ਹੈ। ਇਸ ਨੂੰ ਤੁਰੰਤ ਵਾਪਸ ਲਿਆ ਜਾਵੇ। ਕਿਉਂਕਿ
ਕਿਸਾਨ ਪਹਿਲਾਂ ਹੀ ਮੰਦਹਾਲੀ ਦਾ ਸ਼ਿਕਾਰ ਹੋ ਕੇ ਕਰਜੇ ਦੀਆਂ ਪੰਡਾਂ ਦੇ ਬੋਝ ਹੇਠ ਦੱਬੇ ਹੋਏ
ਖੁਦਕੁਸ਼ੀਆਂ ਦੇ ਰਾਹ ਪਏ ਹੋਏ ਹਨ। ਜੇਕਰ ਸਰਕਾਰ ਵੱਲੋਂ ਮੀਟਰਾਂ ਵਾਲੇ ਫੈਸਲੇ ਨੂੰ ਵਾਪਸ ਨਾ
ਲਿਆ ਗਿਆ ਤਾਂ ਜਥੇਬੰਦੀ ਇਸ ਦਾ ਡਟਵਾ ਵਿਰੋਧ ਕਰੇਗੀ ਅਤੇ ਕਿਸੇ ਵੀ ਮੋਟਰ ਤੇ ਮੀਟਰ ਨਹੀਂ
ਲੱਗਣ ਦਿੱਤੇ ਜਾਣਗੇ। ਇਸੇ ਤਰ੍ਹਾਂ ਮੰਗ ਕੀਤੀ ਗਈ ਕਿ ਪਿਛਲੀ ਸਰਕਾਰ ਸਮੇਂ ਮੋਟਰਾਂ ਦੇ ਜੋ
ਕੁਨੈਕਸ਼ਨ ਮੰਨਜੂਰ ਹੋ ਚੁੱਕੇ ਹਨ ਅਤੇ ਜਿੰਨ੍ਹਾਂ ਵਿੱਚੋਂ ਬਹੁਤ ਸਾਰੇ ਕਿਸਾਨਾਂ ਵੱਲੋਂ ਪੂਰਾ
ਖਰਚਾ ਜਾ ਲੋਡ ਦੇ ਪੈਸੇ ਭਰੇ ਜਾ ਚੁੱਕੇ ਹਨ। ਇਹਨਾਂ ਕਿਸਾਨਾਂ ਨੂੰ ਕੁਨੈਕਸ਼ਨ ਜਾਰੀ ਕੀਤੇ
ਜਾਣ। ਜਿਹੜੇ ਕਿਸਾਨ ਹਾਲੇ ਵੀ ਮੋਟਰ ਕੁਨੈਕਸ਼ਨ ਤੋਂ ਵਾਂਝੇ ਰਹਿ ਗਏ ਹਨ ਇਹਨਾਂ ਸਾਰਿਆਂ ਨੂੰ
ਵੀ ਮੋਟਰ ਕੁਨੈਕਸ਼ਨ ਦਿੱਤੇ ਜਾਣ। ਮੀਟਿੰਗ ਦੌਰਾਨ ਸੂਬਾ ਪ੍ਰਚਾਰ ਸਕੱਤਰ ਕੁਲਦੀਪ ਸਿੰਘ ਚੱਕ
ਭਾਈਕੇ ਜੋਰ ਦੇ ਕੇ ਕਿਹਾ ਕਿ ਕਾਂਗਰਸ ਪਾਰਟੀ ਵੱਲੋਂ 2017 ਦੀਆਂ ਵਿਧਾਨ ਸਭਾ ਚੋਣਾ ਤੋਂ
ਪਹਿਲਾ ਕਿਸਾਨਾਂ ਦੀ ਸਮੁੱਚੀ ਕਰਜਾ ਮੁਆਫੀ ਅਤੇ ਸਮਾਜ ਦੇ ਹੋਰ ਵਰਗਾ ਨਾਲ ਲੰਮੇ ਚੋੜੇ ਵਾਅਦੇ
ਕੀਤੇ ਗਏ ਸਨ ਜਿੰਨ੍ਹਾਂ ਵਿੱਚ ਹਰ ਘਰ ਚ ਇੱਕ ਸਰਕਾਰੀ ਨੌਕਰੀ, ਨੌਜਵਾਨਾਂ ਨੂੰ ਸਮਾਰਟ ਫੋਨ,
ਪੈਨਸ਼ਨਾ *ਚ ਵਾਧਾ, ਆਟਾ ਦਾਲ ਨਾਲ ਖੰਡ ਚਾਹ ਤੋਂ ਇਲਾਵਾ ਪੰਜਾਬ ਵਿੱਚੋਂ ਚਾਰ ਹਫਤਿਆਂ ਵਿੱਚ
ਨਸ਼ਾਂ ਖਤਮ ਕਰਨਾ ਅਤੇ ਰੇਤਾ (ਬਰੇਤੀ) ਦੀ ਨਜਾਇਜ ਮਾਈਨਿੰਗ ਨੂੰ ਖਤਮ ਕਰਨ ਦੇ ਵੀ ਵਾਅਦੇ
ਕੀਤੇ ਗਏ ਸਨ। ਪ੍ਰੰਤੂ ਇਹਨਾਂ ਵਾਅਦਿਆਂ ਨੂੰ ਪੂਰਾ ਕਰਨ ਦੀ ਬਜਾਏ ਥਰਮਲ ਪਲਾਟਾਂ ਨੂੰ ਬੰਦ
ਕੀਤਾ ਗਿਆ ਹੈ ਅਤੇ ਕਿਸਾਨਾਂ ਦੀਆਂ ਮੋਟਰਾਂ ਤੇ ਮੀਟਰ ਲਾਉਣ ਦਾ ਫੈਸਲਾ ਕਿਸਾਨਾਂ ਦਾ ਕਰਜਾ
ਮੁਆਫੀ ਤੋਂ ਧਿਆਨ ਹਟਾਉਣ ਲਈ ਕੀਤਾ ਗਿਆ ਹੈ। ਇਸ ਨੂੰ ਸਹਿਣ ਨਹੀਂ ਕੀਤਾ ਜਾਵੇਗਾ। ਬਲਕਿ
ਸਰਕਾਰ ਦੀ ਜਿੰਮੇਵਾਰੀ ਹੈ। ਚੋਣਾਂ ਵੇਲੇ ਕੀਤੇ ਵਾਅਦਿਆਂ ਨੂੰ ਜਲਦੀ ਅਤੇ ਇਮਾਨਦਾਰੀ ਨਾਲ
ਪੂਰਾ ਕੀਤਾ ਜਾਵੇ। ਇਸ ਮੌਕੇ ਜਿਲ੍ਹਾ ਆਗੂ ਹਰਦੇਵ ਸਿੰਘ ਕੋਟਧਰਮੂ, ਗੁਰਤੇਜ ਸਿੰਘ ਨੰਦਗੜ੍ਹ,
ਨਾਜਰ ਸਿੰਘ ਖਿਆਲਾ ਅਤੇ ਸਾਧੂ ਸਿੰਘ ਕੋਟਲੀ ਕਲਾ ਵੀ ਮੌਜੂਦ ਸਨ।