> ਸਿੱਖ ਕੌਮ ਅੰਦਰ ਪਾਟੋਧਾੜ ਸਾਰੀਆਂ ਹੱਦਾਂਬੰਨੇ ਤੋੜ ਚੁੱਕੀ ਪਰਤੀਤ ਹੁੰਦੀ ਹੈ। ਕੋਈ ਵੀ ਸਿੱਖ ਸੰਸਥਾ ਹੋਵੇ, ਸਿੱਖ ਜਥੇਵੰਦੀਆਂ ਹੋਣ ਜਾਂ ਸਿੱਖ ਪਰਚਾਰਕ ਹੋਣ, ਸਾਰੇ ਹੀ ਇਸ ਨਾਮੁਰਾਦ ਬਿਮਾਰੀ ਦਾ ਸ਼ਿਕਾਰ ਜਾਪਦੇ ਹਨ। ਕਿਸੇ ਨੂੰ ਚੌਧਰ ਦੀ ਭੁੱਖ ਨੇ ਅਪਣੀ ਲਪੇਟ ਵਿੱਚ ਲੈ ਲਿਆ ਹੋਇਆ ਹੈ ਤੇ ਕਿਸੇ ਦਾ ਹਾਉਮੈ ਵਾਲਾ ਦੀਰਘ ਰੋਗ ਪਿੱਛਾ ਨਹੀ ਛੱਡਦਾ। ਅਏ ਦਿਨ ਕੌਮ ਦੀ ਜੱਗ ਹਸਾਈ ਹੁੰਦੀ ਹੈ ਪਰ ਸਬੰਧਤ ਧਿਰਾਂ ਇਸ ਜੱਗਹਸਾਈ ਤੋ ਲਾਪਰਵਾਹ ਹੋ ਚੁੱਕੀਆਂ ਹਨ।ਬੀਤੇ ਕੱਲ੍ਹ ਸਿੱਖ ਪਰਚਾਰਕ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦੀ ਇੱਕ ਸ਼ੋਸ਼ਲ ਮੀਡੀਏ ਤੇ ਵਾਇਰਲ ਹੋਈ ਵੀਡੀਓ ਸੁਣੀ, ਜਿਸ ਵਿੱਚ ਉਹਨਾਂ ਵੱਲੋਂ ਸਿੱਖ ਕੌਮ ਵਿੱਚ ਜਾਗਰੂਕ ਸਮਝੇ ਜਾਂਦੇ ਕੁੱਝ ਲੋਕਾਂ ਵੱਲੋਂ ਉਹਨਾਂ ਨੂੰ ਬਦਨਾਮ ਕਰਨ ਦੇ ਮਨਸੇ ਵਾਰੇ ਸਪਸਟ ਕੀਤਾ ਗਿਆ ਹੈ। ਜਿਸ ਤਰਾਂ ਭਾਈ ਸਾਹਿਬ ਨੇ ਵੀਡੀਓ ਵਿੱਚ ਅਪਣੇ ਵੱਲੋਂ ਪਿਛਲੇ ਸਮੇ ਵਿੱਚ ਕੀਤੀਆਂ ਗਈਆਂ ਗਲਤੀਆਂ ਨੂੰ ਕਬੂਲਿਆ ਹੈ, ਉਸ ਨੂੰ ਸੁਣ ਕੇ ਕੁੱਝ ਲੋਕਾਂ ਨੇ ਭਾਵੇਂ ਰਣਜੀਤ ਸਿੰਘ ਦਾ ਵਿਰੋਧ ਵੀ ਕੀਤਾ ਹੋਵੇ। ਕੁੱਝ ਲੋਕਾਂ ਵੱਲੋਂ ਉਹਨਾਂ ਤੇ ਇਹ ਇਲਜਾਮ ਵੀ ਲਾਏ ਜਾ ਰਹੇ ਹਨ ਕਿ ਫਿਰ ਪਹਿਲਾਂ ਸਿੱਖ ਸੰਗਤਾਂ ਨੂੰ ਗੁਮਰਾਹ ਕਿਉ ਕੀਤਾ ਗਿਆ? ਇਹ ਗੱਲਾਂ ਉਹਨਾਂ ਨੇ ਪਹਿਲਾਂ ਕਿਉ ਨਹੀ ਕੀਤੀਆਂ? ਜਾਂ ਪਹਿਲਾਂ ਕੀਤੀਆਂ ਹੀ ਕਿਉਂ? ਕੁੱਝ ਲੋਕ ਕਹਿ ਰਹੇ ਹਨ ਕਿ ਭਾਈ ਰਣਜੀਤ ਸਿੰਘ ਸਮੇ ਮੁਤਾਬਕ ਰੰਗ ਬਦਲਦਾ ਰਹਿੰਦਾ ਹੈ, ਪਰੰਤੂ ਮੈਨੂੰ ਉਸ ਵੀਡੀਓ ਵਿਚਲੇ ਸੱਚ ਨੇ ਕਾਫੀ ਪਰਭਾਵਤ ਕੀਤਾ ਹੈ। ਮੈਂ ਸਮਝਦਾ ਹਾਂ ਕਿ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਵੱਲੋਂ ਅਪਣੀਅ ਗਲਤੀਆਂ ਨੂੰ ਕਬੂਲਣਾ ਅਪਣੇ ਆਪ ਵਿੱਚ ਇੱਕ ਵੱਡੀ ਗੱਲ ਹੈ ਤੇ ਇਹ ਹਰ ਕਿਸੇ ਦੇ ਬੱਸ ਦੀ ਗੱਲ ਵੀ ਨਹੀ ਹੈ। ਇਹ ਕਹਿ ਸਕਦੇ ਹਾਂ ਕਿ ਕੌਮ ਲਈ ਇਹ ਸ਼ੁਭ ਸੰਕੇਤ ਵੀ ਹੈ ਕਿ ਕੌਮ ਕਿਸੇ ਅਜਿਹੇ ਪਰਚਾਰਕ ਤੇ ਭਰੋਸਾ ਕਰ ਸਕਦੀ ਹੈ ਜਿਸ ਤੋ ਇਹ ਆਸ ਕੀਤੀ ਜਾ ਸਕਦੀ ਹੋਵੇ ਕਿ ਹੁਣ ਉਹਨਾਂ ਵੱਲੋਂ ਗੁਰਬਾਣੀ ਦੇ ਸਿਧਾਂਤ ਨੂੰ ਤੋੜਿਆ ਮਰੋੜਿਆ ਨਹੀ ਜਾਵੇਗਾ। ਉਹਨਾਂ ਵੱਲੋਂ ਭਵਿੱਖ ਵਿੱਚ ਕੌਮ ਲਈ ਕੀਤੇ ਜਾਣ ਵਾਲੇ ਕੰਮਾਂ ਸਬੰਧੀ ਕੀਤੇ ਗਏ ਇਸਾਰੇ ਵੀ ਅਪਣੇ ਆਪ ਵਿੱਚ ਕਾਫੀ ਮਹੱਤਵਪੂਰਨ ਸਮਝੇ ਜਾ ਸਕਦੇ ਹਨ।ਭਾਈ ਸਾਹਿਬ ਦੀ ਗੱਲਵਾਤ ਜਿੱਥੇ ਉਹਨਾਂ ਦੇ ਸਪੱਸਟ ਸਟੈਂਡ ਦੀ ਪਰੋੜਤਾ ਕਰਦੀ ਹੈ ਉਥੇ ਵੀਡੀਓ ਵਿੱਚ ਗੱਲ ਭਾਵੇਂ ਕੱੁਝ ਕੁ ਉਹਨਾਂ ਪਰਚਾਰਕਾਂ ਦੀ ਹੀ ਕੀਤੀ ਗਈ ਹੈ ਜਿਹੜੇ ਕੱੁਝ ਸਮੇ ਤੋਂ ਭਾਵ ਸਹਿਬ ਸ੍ਰੀ ਗੁਰੂ ਗਰੰਥ ਸਹਿਬ ਜੀ ਦੀ ਬੇਅਦਬੀ ਦੇ ਦੁਖਦਾਈ ਸਮੇ ਤੋਂ ਲੈ ਕੇ ਭਾਈ ਸਾਹਿਬ ਨਾਲ ਮੋਢੇ ਨਾਲ ਮੋਢਾ ਲਾ ਕੇ ਵਿਚਰਦੇ ਰਹੇ ਹਨ, ਪਰ ਸਮੁੱਚੀ ਗੱਲਵਾਤ ਨੂੰ ਨੂੰ ਧਿਆਨ ਨਾਲ ਸੁਣਿਆਂ ਇਹ ਗਿਲਾ ਮਨ ਵਿੱਚ ਜਰੂਰ ਆਉਦਾ ਹੈ ਕਿ ਕਿਤੇ ਨਾ ਕਿਤੇ ਸਾਡੀ ਕੌਮ ਦੇ ਪਰਚਾਰਕ ਵੀ ਹਾਉਮੈ ਦੀ ਭੱਠੀ ਵਿੱਚ ਬੁਰੀ ਤਰਾਂ ਝੁਲਸੇ ਪਏ ਹਨ। ਕੌਮ ਦੇ ਉਹਨਾਂ ਪਰਚਾਰਕਾਂ ਦਾ ਅਜਿਹਾ ਵਿਹਾਰ ਬਹੁਤ ਤਕਲੀਫ ਦਿੰਦਾ ਹੈ ਜਿੰਨਾਂ ਨੂੰ ਕੌਮ ਬਹੁਤ ਹੀ ਵਿਦਵਾਨ ਤੇ ਸਿਧਾਂਤਵਾਦੀ ਸਮਝਦੀ ਹੈ। ਭਾਈ ਰਣਜੀਤ ਸਿੰਘ ਦੀ ਇਹ ਵੀਡੀਓ ਇਸ ਲਈ ਵੀ ਮਹੱਤਵਪੂਰਨ ਹੈ ਕਿ ਉਹਨਾਂ ਨੇ ਪੰਥਕ ਏਕਤਾ ਦੀ ਨਵੀਂ ਤੇ ਉਸਾਰੂ ਬਹਿਸ ਨੂੰ ਜਨਮ ਦਿੱਤਾ ਹੈ। ਉਹਨਾਂ ਦੀ ਇਹ ਗੱਲ ਏਥੇ ਵਾਰ ਵਾਰ ਲਿਖਣ ਲਈ ਮਜਬੂਰ ਹੋਣਾ ਪੈਂਦਾ ਹੈ ਕਿ ਉਹਨਾਂ ਨੇ ਜਿਸ ਤਰਾਂ ਸੱਚ ਦਾ ਪੱਲਾ ਫੜਕੇ ਤੁਰਨ ਦਾ ਹੌਸਲਾ ਕੀਤਾ ਹੈ, ਉਹ ਸੱਚਮੁੱਚ ਹੀ ਸਲਾਹੁਣਯੋਗ ਹੈ। ਉਹਨਾਂ ਦੀ ਵੀਡੀਓ ਸੁਣਦਾ ਮੈ ਮਹਿਸੂਸ ਕਰ ਰਿਹਾ ਸੀ ਕਿ ਕਾਸ! ਉਹਨਾਂ ਵੱਲੋਂ ਪੰਥਕ ਏਕਤਾ ਲਈ ਰੱਖੀ ਸੱਚ ਤੇ ਪਹਿਰਾ ਦੇਣ ਦੀ ਸ਼ਰਤ ਨੂੰ ਇਕੱਲੇ ਪਰਚਾਰਕ ਹੀ ਨਹੀ ਬਲਕਿ ਸਮੁੱਚੇ ਪੰਥਕ ਧੜੇ ਵੀ ਮਨਜੂਰ ਕਰਨ ਤੇ ਉਹਨਾਂ ਦੀ ਨੁਕਤਾਚੀਨੀ ਕਰਨ ਨਾਲੋ ਅਪਣੀਆਂ ਗਲਤੀਆਂ ਨੂੰ ਸੁਧਾਰਨ ਦੇ ਯਤਨ ਕਰਨ ਤਾਂ ਜਰੂਰ ਕੌਮ ਦੀ ਬਿਗੜੀ ਸੰਬਰ ਸਕਦੀ ਹੈ। ਪਰ ਇੱਥੇ ਸਵਾਲ ਪੈਦਾ ਇਹ ਵੀ ਹੁੰਦਾ ਹੈ ਕਿ ਕੀ ਭਾਈ ਸਾਹਿਬ ਦੇ ਕਹੇ ਤੇ ਅੱਖਾਂ ਬੰਦ ਕਰਕੇ ਭਰੋਸ਼ਾ ਕੀਤਾ ਜਾ ਸਕਦਾ ਹੈ ? ਕੀ ਜੋ ਉਹਨਾਂ ਨੇ ਵੀਡੀਓ ਵਿੱਚ ਕਿਹਾ ਹੈ, ਉਹ ਸੌ ਫੀਸਦੀ ਸੱਚ ਹੈ ? ਇਹਨਾਂ ਸਵਾਲਾਂ ਦਾ ਜਵਾਬ ਹਾਂ ਪੱਖੀ ਹੋ ਸਕਦਾ ਹੈ ਜੇਕਰ ਸਬੰਧਤ ਵਿਅਕਤੀ ਜਿੰਨਾਂ ਦਾ ਭਾਈ ਰਣਜੀਤ ਸਿੰਘ ਨੇ ਜਿਕਰ ਕੀਤਾ ਹੈ, ਉਹ ਅਪਣੀ ਹਾਉਮੈ ਨੂੰ ਛੱਡ ਕੇ ਆਪੋ ਅਪਣੀਆਂ ਗਲਤੀਆਂ ਨੂੰ ਕਬੂਲ ਕਰਨ ਤੇ ਇਮਾਨਦਾਰੀ ਨਾਲ, ਗੁਰੂ ਨੂੰ ਹਾਜਰ ਨਾਜਰ ਜਾਣ ਕੇ ਅਪਣੇ ਵਿੱਚ ਪੈਦਾ ਹੋਈਆਂ ਗਲਤ ਫਹਿਮੀਆਂ ਨੂੰ ਮਿਲ ਬੈਠ ਕੇ ਦੂਰ ਕਰਨ ਦਾ ਹੌਸਲਾ ਕਰਨ। ਇੱਕ ਦੂਜੇ ਤੇ ਚਿੱਕੜ ਸੁੱਟਣ ਨਾਲ ਕਿਸੇ ਮਸਲੇ ਦਾ ਹੱਲ ਨਹੀ ਹੋਣਾ ਬਲਕਿ ਇੱਕ ਇੱਕ ਕਰਕੇ ਸਮੇ ਦੀ ਗਰਦਸ਼ ਵਿੱਚ ਗੁਆਚ ਜਾਣ ਵਰਗੇ ਸੱਚ ਨੂੰ ਪਕੇਰਾ ਜਰੂਰ ਕਰਦਾ ਹੈ। ਹੈ। ਸਿੱਖ ਕੌਮ ਦੀ ਇਹ ਬਹੁਤ ਵੱਡੀ ਤਰਾਸਦੀ ਹੈ ਕਿ ਇਹ ਕੌਮ ਦੇ ਆਗੂ ਹੋਣ ਜਾਂ ਪਰਚਾਰਕ, ਬਾਬੇ ਆਦਿ, ਸਾਰੇ ਹੀ ਧੜੇਵੰਦੀਆਂ ਦੇ ਸ਼ਿਕਾਰ ਹਨ। ਜਿਹੜਾ ਕੋਈ ਸਹੀ ਰਾਸਤੇ ਤੇ ਚੱਲਣ ਦੀ ਕੋਸ਼ਿਸ਼ ਕਰਦਾ ਹੈ ਦੂਸਰਾ ਉਸ ਦੀ ਸਲਾਘਾ ਕਰਨ ਨਾਲੋ ੳੇਸ ਦੀਆਂ ਲੱਤਾਂ ਖਿੱਚਣ ਵਿੱਚ ਜਿਆਦਾ ਸਮਾ ਅਤੇ ਤਾਕਤ ਖਰਚ ਕਰਦਾ ਹੈ। ਬਰਗਾੜੀ ਕਾਂਡ ਸਮੇ ਸਮੁੱਚੀ ਕੌਮ ਕੁੱਝ ਵੀ ਪਰਾਪਤ ਕਰਨ ਵਿੱਚ ਸਫਲ ਨਹੀ ਹੋਈ ਸਗੋਂ ਗੁਆਇਆ ਬਹੁਤ ਕੁੱਝ ਹੈ, ਉਸਦਾ ਕਾਰਨ ਵੀ ਸਿੱਖ ਪਰਚਾਰਕਾਂ ਅਤੇ ਕੌਮੀ ਆਗੂਆਂ ਦੀ ਆਪਸੀ ਪਾਟੋਧਾੜ ਨੂੰ ਹੀ ਸਮਝਿਆ ਜਾ ਰਿਹਾ ਹੈ ਜਿਹੜਾ ਸਹੀ ਵੀ ਹੈ। ਇਸ ਦੇ ਬਾਵਜੂਦ ਵੀ ਕਦੇ ਕਿਸੇ ਆਗੂ ਜਾਂ ਪਰਚਾਰਕ ਨੇ ਇਹ ਮਹਿਸੂਸ ਨਹੀ ਕੀਤਾ ਕਿ ਸਾਡੀ ਚੌਧਰ ਭੁੱਖ ਅਤੇ ਹਾਉਮੈ ਕਾਰਨ ਹੀ ਸਾਡੇ ਪਰਾਣਾਂ ਤੋ ਪਿਆਰੇ ਸਹਿਬ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀ ਬੇਅਦਬੀ ਦੇ ਦੋਸ਼ੀਆਂ ਅਤੇ ਉਸ ਸੰਘਰਸ਼ ਦੌਰਾਨ ਸ਼ਹੀਦ ਹੋਣ ਵਾਲੇ ਦੋ ਸਿੱਖ ਨੌਜਵਾਨਾਂ ਦੇ ਕਾਤਲਾਂ ਨੂੰ ਸਜ਼ਾਵਾਂ ਤਾ ਦੂਰ ਦੀ ਗੱਲ ਹੈ ਅਸੀ ਗਿਰਫਤਾਰ ਵੀ ਨਹੀ ਕਰਵਾ ਸਕੇ।ਅਜੰਸੀਆਂ ਦੁਆਰਾ ਕੌਮ ਵਿੱਚ ਪਾਈ ਗਈ ਸੱਚੇ ਝੂਠੇ ਦੀ ਦੁਬਿਧਾ ਇਸ ਕਦਰ ਵਧ ਗਈ ਹੈ ਕਿ ਕਈ ਵਾਰ ਕੌਮ ਝੂਠਿਆਂ ਪਿੱਛੇ ਲੱਗ ਕੇ ਸਿੱਖ ਸੰਘਰਸ਼ਾਂ ਵਿੱਚ ਜਿੱਤ ਦੀਆਂ ਬਰੂਹਾਂ ਤੋਂ ਹਾਰ ਖਾ ਕੇ ਮੁੜੀ ਹੈ ਤੇ ਕਈ ਵਾਰ ਅਜਿਹਾ ਵੀ ਹੋਇਆ ਕਿ ਸੱਚੇ ਸੁੱਚੇ ਕਿਰਦਾਰ ਵਾਲੇ ਆਗੂਆਂ ਦੀ ਕੌਮ ਨੇ ਸਾਰ ਨਹੀ ਲਈ, ਜਿਸ ਦੇ ਫਲਸਰੂਪ ਕੌਮ ਲੰਮੇ ਸਮੇ ਤੋੰ ਬੇਅੰਤ ਨੁਕਸਾਨ ਝੱਲਦੀ ਆ ਰਹੀ ਹੈ। ਇਹਦੇ ਵਿੱਚ ਵੀ ਕੋਈ ਝੂਠ ਨਹੀ ਕਿ ਸਿੱਖ ਕੌਮ ਦੀ ਪਾਟੋਧਾੜ ਸਿੱਖ ਵਿਰੋਧੀ ਤਾਕਤਾਂ ਦੇ ਹੌਸਲੇ ਵਧਾ ਰਹੀ ਹੈ। ਹੁਣ ਜੋ ਕੰਮ ਵਿਰੋਧੀਆਂ ਨੇ ਕਰਨੇ ਸਨ ਉਹ ਕੌਮ ਦੇ ਅੰਦਰੋ ਹੀ ਹੋ ਰਹੇ ਹਨ। ਕਿਸੇ ਨੂੰ ਉਲਾਹਮਾ ਨਹੀ ਦਿੱਤਾ ਜਾ ਸਕਦਾ। ਅੱਗ ਲਾਉਣ ਵਾਲੇ ਤੀਲੀ ਸੁੱਟ ਕੇ ਤਮਾਸ਼ਾ ਦੇਖ ਰਹੇ ਹਨ।ਸਾਡੀ ਕੌਮ ਦੇ ਸੂਝਵਾਨ ਪਰਚਾਰਕ ਅਤੇ ਆਗੂ ਉਸ ਅੱਗ ਵਿੱਚ ਝੁਲਸਦੇ ਪਰਤੀਤ ਹੋ ਰਹੇ ਹਨ। ਸੋ ਜਿਸ ਬੇਬਾਕੀ ਨਾਲ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੇ ਵੀਡੀਓ ਜਾਰੀ ਕੀਤੀ ਹੈ, ਉਸ ਨੂੰ ਨਜਰਅੰਦਾਜ ਨਹੀ ਕੀਤਾ ਜਾ ਸਕਦਾ।ਉਹਨਾਂ ਕਹੀਆਂ ਗੱਲਾਂ ਤੇ ਖੁੱਲ ਕੇ ਵਿਚਾਰ ਚਰਚਾ ਕਰਨ ਦੀ ਲੋੜ ਹੈ, ਉਹਨਾਂ ਲੋਕਾਂ ਦੀ ਮਾਨਸਿਕਤਾ ਨੂੰ ਪੜਨ ਦੀ ਲੋੜ ਹੈ ਜਿਹੜੇ ਇੱਕ ਦੂਜੇ ਨੂੰ ਨੀਵਾਂ ਦਿਖਾਉਣ ਲਈ ਝੂਠ ਦਾ ਸਹਾਰਾ ਲੈਕੇ ਕੌਮ ਵਿੱਚ ਭੱਬਲਭੂਸ਼ਾ ਪੈਦਾ ਕਰ ਰਹੇ ਹਨ। ਜਿੰਨੀ ਦੇਰ ਸਮੁੱਚੀ ਕੌਮ ਖੁੱਲੀ ਅੱਖ ਨਾਲ ਇਸ ਪਾਸੇ ਧਿਆਨ ਨਹੀ ਦਿੰਦੀ ਤੇ ਵੱਖ ਵੱਖ ਧੜਿਆਂ ਦੀ ਅਂਖਾਂ ਬੰਦ ਕਰਕੇ ਹਾਂ ਚ ਹਾਂ ਮਿਲਾਉਣ ਵਾਲੀ ਆਦਤ ਨਹੀ ਬਦਲਦੀ ਓਨੀ ਦੇਰ ਕੌਮ ਦੇ ਭਲੇ ਦੀ ਕੋਈ ਆਸ ਨਹੀ ਕੀਤੀ ਜਾ ਸਕਦੀ। ਅਖੀਰ ਵਿੱਚ ਭਾਈ ਰਣਜੀਤ ਸਿੰਘ ਨੂੰ ਵੀ ਇਹ ਸਲਾਹ ਜਰੂਰ ਦਿੱਤੀ ਜਾਂਦੀ ਹੈ ਕਿ ਜਿੱਥੇ ਤੁਸੀ ਐਨੇ ਵੱਡੇ ਦਿਲ ਨਾਲ ਅਪਣੀਆਂ ਗਲਤੀਆਂ ਨੂੰ ਕਬੂਲ ਕਰਨ ਦੀ ਹਿੰਮਤ ਕੀਤੀ ਹੈ ਓਥੇ ਈਰਖਾ ਵਿੱਚ ਪੈਕੇ ਕੌਮ ਦਾ ਨੁਕਸਾਨ ਕਰਨ ਤੋ ਗੁਰੇਜ ਕਰਕੇ ਜੇ ਕਿਸੇ ਨੇ ਤੁਹਾਡੇ ਨਾਲ ਕੁੱਝ ਗਲਤ ਕੀਤਾ ਵੀ ਹੈ ਤਾਂ ਵੀ ਅਕਾਲ ਪੁਰਖ ਤੇ ਭਰੋਸਾ ਰੱਖਕੇ ਉਹਨਾਂ ਨੂੰ ਵੀ ਮੁਆਫ ਕਰਕੇ ਵੱਡੇ ਦਿਲ ਦਾ ਸਬੂਤ ਦਿਓ, ਤਾਂ ਕਿ ਪਹਿਲਾਂ ਹੀ ਬੁਰੀ ਤਰਾਂ ਵੰਡੀ ਜਾ ਚੁੱਕੀ ਕੌਮ ਵਿੱਚ ਹੋਰ ਵੰਡੀਆਂ ਪੈਣ ਤੋ ਬਚਾ ਹੋ ਸਕੇ।