ਅੰਮ੍ਰਿਤਸਰ 6 ਫਰਵਰੀ ( ) ਦਮਦਮੀ ਟਕਸਾਲ ਦੇ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ
’84 ਦੇ ਸਿੱਖ ਕਤਲੇਆਮ ਦੇ ਮਾਮਲਿਆਂ ਦਾ ਸਾਹਮਣਾ ਕਰ ਰਹੇ ਜਗਦੀਸ਼ ਟਾਈਟਲਰ ਨੂੰ ਤੁਰੰਤ
ਗ੍ਰਿਫ਼ਤਾਰ ਕਰਨ ਅਤੇ ਉਸ ਦੀ ਸਿਆਸੀ ਪੁਸ਼ਤ ਪਨਾਹੀ ਲਈ ਗਾਂਧੀ ਪਰਿਵਾਰ ‘ਤੇ ਕੇਸ ਦਰਜ ਕਰਦਿਆਂ
ਉੱਚ ਪੱਧਰੀ ਜਾਂਚ ਦੀ ਮੰਗ ਕੀਤੀ ਹੈ।
’84 ਦੇ ਕਤਲੇਆਮ ‘ਚ 100 ਸਿੱਖਾਂ ਦੇ ਕਤਲ ਪਿੱਛੇ ਹੱਥ ਹੋਣ ਦੇ ਟਾਈਟਲਰ ਦੀ ਇਕਬਾਲੀਆ ਜ਼ੁਲਮ
ਸੰਬੰਧੀ ਪੁਖਤਾ ਸਬੂਤ ਵਜੋਂ ਪੜਤਾਂ ਖੋਲ੍ਹਦੀ ਵੀਡੀਉ ਸੀ ਡੀ ਸਾਹਮਣੇ ਆਉਣ ਨਾਲ ਕਾਂਗਰਸ ਅਤੇ
ਗਾਂਧੀ ਪਰਿਵਾਰ ਦਾ ਕਾਲਾ ਸੱਚ ਵੀ ਵਿਸ਼ਵ ‘ਚ ਬੇਪਰਦ ਹੋ ਗਿਆ ਹੈ। ਉਹਨਾਂ ਕਿਹਾ ਕਿ ਉਕਤ
ਵੀਡੀਉ ਰਾਹੀਂ ਹੋਏ ਖ਼ੁਲਾਸੇ ਨੇ ਕਤਲੇਆਮ ਦੇ ਦੋਸ਼ੀਆਂ ਨੂੰ ਸਜਾਵਾਂ ਦਿਵਾਉਣ ‘ਚ ਗਾਂਧੀ
ਪਰਿਵਾਰ ਵੱਲੋਂ ਰੁਕਾਵਟਾਂ ਖੜੀਆਂ ਕਰਨ ਅਤੇ ਜਾਂਚ ਪੜਤਾਲ ਨੂੰ ਪ੍ਰਭਾਵਿਤ ਕਰਨ ਸੰਬੰਧੀ ਸਿੱਖ
ਕੌਮ ਵੱਲੋਂ ਵਾਰ ਵਾਰ ਕੀਤੇ ਗਏ ਦਾਅਵਿਆਂ ਨੂੰ ਸੱਚ ਸਾਬਤ ਕਰ ਦਿੱਤਾ ਹੈ। ਪ੍ਰੋ: ਸਰਚਾਂਦ
ਸਿੰਘ ਵੱਲੋਂ ਜਾਰੀ ਬਿਆਨ ‘ਚ ਦਮਦਮੀ ਟਕਸਾਲ ਦੇ ਮੁਖੀ ਨੇ ਕਿਹਾ ਕਿ ਕਤਲੇਆਮ ਵਰਗੇ ਵਹਿਸ਼ੀਆਨਾ
ਅਪਰਾਧਾਂ ‘ਚ ਸ਼ਾਮਲ ਰਹੇ ਅਪਰਾਧੀਆਂ ਨੂੰ ਗਾਂਧੀ ਪਰਿਵਾਰ ਵੱਲੋਂ ਮਿਲਦੀ ਰਹੀ ਸਿਆਸੀ ਪੁਸ਼ਤ
ਪਨਾਹੀ ਅਤੇ ਕਤਲੇਆਮ ‘ਚ ਗਾਂਧੀ ਪਰਿਵਾਰ ਦੀ ਸ਼ਮੂਲੀਅਤ ਦੀ ਅਸਲੀਅਤ ਛੁਪਾਉਣ ਲਈ ਉਹਨਾਂ ਨੂੰ
ਦਿਤੀਆਂ ਜਾਂਦੀਆਂ ਸਿਆਸੀ ਪੇਸ਼ਕਸ਼ਾਂ ਅਤੇ ਲਾਲਚ ਅਦਿ ਮਨੁਖੀ ਅਧਿਕਾਰਾਂ ਦਾ ਹਨਨ ਹੈ। ਇਨਸਾਫ
ਪਸੰਦ ਸਮਾਜ ‘ਚ ਜਿਸ ਲਈ ਕੋਈ ਥਾਂ ਨਹੀਂ ਹੋਣੀ ਚਾਹੀਦੀ। ਉਹਨਾਂ ਕਿਹਾ ਕਿ ਇਸ ਵੀਡੀਉ ਤੋਂ
ਪਹਿਲਾਂ ਟਾਈਟਲਰ ਵੱਲੋਂ ਇੱਕ ਟੀਵੀ ਇੰਟਰਵਿਊ ‘ਚ ’84 ਦੇ ਦੰਗਿਆਂ ਦੌਰਾਨ ਉਹਨਾਂ ਨਾਲ ਖੁਦ
ਰਾਜੀਵ ਗਾਂਧੀ ਵੱਲੋਂ ਸੜਕਾਂ ‘ਤੇ ਘੁੰਮਣ ਦਾ ਇਕਬਾਲ ਕੀਤੇ ਜਾਣ ਨਾਲ ਉਕਤ ਕਤਲੇਆਮ ਦਾ
ਯੋਜਨਾਬੱਧ ਹੋਣ ਸੰਬੰਧੀ ਕੋਈ ਭੁਲੇਖਾ ਨਹੀਂ ਸੀ ਰਿਹਾ। ਇਸੇ ਤਰਾਂ ਕਾਂਗਰਸ ਦੇ ਮੁਖੀ ਰਾਹੁਲ
ਗਾਂਧੀ ਵੱਲੋਂ ਦੰਗਿਆਂ ‘ਚ ਕਾਂਗਰਸੀਆਂ ਦੀ ਸ਼ਮੂਲੀਅਤ ਬਾਰੇ ਜਨਤਕ ਤੌਰ ‘ਤੇ ਕਬੂਲਿਆ ਜਾ
ਚੁੱਕਿਆ ਹੈ।ਹੁਣ ਚਿੱਟੇ ਦਿਨ ਵਾਂਗ ਸਭ ਕੁੱਝ ਸਾਫ਼ ਹੋ ਚੁੱਕਿਆ ਹੈ ਤਾਂ ਟਾਈਟਲਰ ਨੂੰ ਤੁਰੰਤ
ਗ੍ਰਿਫ਼ਤਾਰ ਕਰਨ ਅਤੇ ਗਾਂਧੀ ਪਰਿਵਾਰ ਦੀ ਸ਼ਮੂਲੀਅਤ ਪ੍ਰਤੀ ਕੇਸ ਦਰਜ ਕਰ ਕੇ ਉੱਚ ਪੱਧਰੀ ਜਾਂਚ
ਕਰਾਉਂਦਿਆਂ ਪੀੜਤ ਪਰਿਵਾਰਾਂ ਨੂੰ ਇਨਸਾਫ਼ ਦਿਵਾਇਆ ਜਾਣਾ ਚਾਹੀਦਾ ਹੈ। ਉਹਨਾਂ ਉਕਤ ਮਸਲੇ ‘ਤੇ
ਵਿਸ਼ਵ ਭਾਈਚਾਰੇ ਨੂੰ ਵੀ ਧਿਆਨ ਦੇਣ ਦੀ ਅਪੀਲ ਕੀਤੀ। ਉਹਨਾਂ ਕਿਹਾ ਇਨਸਾਫ਼ ਲਈ ਸਰਕਾਰ ਵੱਲੋਂ
ਤੁਰੰਤ ਕਾਰਵਾਈ ਨਾ ਕੀਤੀ ਗਈ ਤਾਂ ਦਮਦਮੀ ਟਕਸਾਲ ਸਿੱਖ ਪੰਥ ਵੱਲੋਂ ਉਲੀਕੇ ਜਾਣ ਵਾਲੇ ਸੰਘਰਸ਼
ਵਿੱਚ ਮੋਹਰੀ ਰੋਲ ਅਦਾ ਕਰਨ ਤੋਂ ਪਿੱਛੇ ਨਹੀਂ ਰਹੇਗੀ।