ਮਾਨਸਾ, 06 ਫਰਵਰੀ (ਤਰਸੇਮ ਸਿੰਘ ਫਰੰਡ ) : ਸਿਵਲ ਹਸਪਤਾਲ ਮਾਨਸਾ ਵਿਖੇ ਅੱਜ ਵਿਸ਼ਵ ਕੈਂਸਰ
ਦਿਵਸ ਮਨਾਇਆ ਗਿਆ, ਜਿਸ ਵਿੱਚ ਵੱਖ-ਵੱਖ ਪਿੰਡਾਂ ਤੋਂ ਸਰਪੰਚਾਂ, ਪੰਚਾਂ ਵਿਦਿਆਰਥੀਆਂ ਤੇ
ਸਟਾਫ਼ ਨੇ ਸ਼ਮੂਲੀਅਤ ਕਰਕੇ ਕੈਂਸਰ ਸਬੰਧੀ ਜ਼ਾਗਰੂਕਤਾ ਦਾ ਪ੍ਰਣ ਲਿਆ। ਇਸ ਮੌਕੇ ਬੋਲਦਿਆਂ
ਸਮਾਗਮ ਦੇ ਮੁੱਖ ਮਹਿਮਾਨ ਸਿਵਲ ਸਰਜਨ ਡਾ. ਸੁਰਿੰਦਰ ਸਿੰਘ ਨੇ ਦੱਸਿਆ ਕਿ ਕੈਂਸਰ ਇਲਾਜ਼ਯੋਗ
ਹੈ, ਜਿਸ ਤੋਂ ਘਬਰਾਉਣ ਦੀ ਲੋੜ ਨਹੀਂ ਹੈ। ਉਨ੍ਹਾ ਦੱਸਿਆ ਕਿ ਸਾਲ 2017 ਵਿੱਚ ਮਾਨਸਾ
ਜ਼ਿਲ੍ਹੇ ਵਿਖੇ 1787 ਕੈਸਰ ਦੇ ਮਰੀਜ਼ਾਂ ਦਾ ਇਲਾਜ ਮੁੱਖ ਮੰਤਰੀ ਰਾਹਤ ਕੋਸ਼ ਸਕੀਮ ਅਧੀਨ
ਵੱਖ-ਵੱਖ ਹਸਪਤਾਲਾਂ ਵਿੱਚ ਹੋਇਆ, ਜਿਸ ਦਾ 22 ਕਰੋੜ 64 ਲੱਖ 499 ਰੁਪਏ ਦਾ ਖਰਚਾ ਸਰਕਾਰ
ਵੱਲੋਂ ਚੁੱਕਿਆ ਗਿਆ।
ਉਨ੍ਹਾਂ ਦੱਸਿਆ ਕਿ ਸਹੀ ਸਮੇਂ ‘ਤੇ ਜੇਕਰ ਇਸ ਬਿਮਾਰੀ ਸਬੰਧੀ ਮਾਹਿਰ ਡਾਕਟਰਾਂ ਦੀ ਰਾਏ
ਲਈ ਜਾਵੇ, ਤਾਂ ਵਿਅਕਤੀ ਮੌਤ ਦੇ ਖਤਰੇ ਤੋਂ ਬਾਹਰ ਹੋ ਸਕਦਾ ਹੈ। ਇਸ ਮੌਕੇ ਸਾਲ 2018 ਦੇ
ਵਿਸ਼ਵ ਕੈਂਸਰ ਦੇ ਥੀਮ ਅਨੁਸਾਰ ‘ਵੀ ਕੈਨ-ਆਈ ਕੈਨ’ ਅਰਥਾਤ ਅਸੀ ਕਰ ਸਕਦੇ ਹਾਂ-ਮੈਂ ਕਰ ਸਕਦਾ
ਹਾਂ, ਨੂੰ ਮੁੱਖ ਰੱਖਦੇ ਹੋਏ ਹਰ ਇੱਕ ਨੇ ਕੈਸਰ ਨੂੰ ਜੜੋ ਖਤਮ ਕਰਨ ਦਾ ਭਰੋਸ਼ਾ ਦਿੱਤਾ।
ਉਨ੍ਹਾਂ ਦੱਸਿਆ ਕਿ ਸਾਨੂੰ ਆਪਣੇ ਭਾਰ ‘ਤੇ ਕੰਟਰੋਲ ਰੱਖਣਾ ਚਾਹੀਦਾ ਹੈ ਅਤੇ ਸਰਾਬ ਦਾ ਸੇਵਨ
ਬਿਲਕੁਲ ਨਹੀਂ ਕਰਨਾ ਚਾਹੀਦਾ। ਇਸ ਦੇ ਨਾਲ-ਨਾਲ ਬਲੱਡ ਪ੍ਰੈਸਰ ਦਾ ਵੀ ਧਿਆਨ ਰੱਖਣਾ ਚਾਹੀਦਾ
ਹੈ। ਕਈ ਵਾਰ ਸਾਡੇ ਅਚਨਚੇਤ ਸੱਟ ਲੱਗਣ ਨਾਲ ਸੱਟ ਵਾਲੀ ਥਾਂ ਤੇ ਖੂਨ ਕੱਠਾ ਹੋ ਜਾਂਦਾ ਹੈ
ਅਤੇ ਬਾਅਦ ਵਿੱਚ ਇਹ ਗਿਲਟੀ ਦਾ ਰੂਪ ਧਾਰਨ ਕਰ ਲੈਦਾ ਹੈ, ਜੇਕਰ ਇਸ ਗਿਲਟੀ (ਗੰਭੋੜੀ) ਵੱਲ
ਧਿਆਂਨ ਨਾ ਦਿੱਤਾ ਜਾਵੇ, ਤਾਂ ਇਹ ਕੈਂਸਰ ਦਾ ਰੂਪ ਵੀ ਧਾਰਨ ਕਰ ਸਕਦੀ ਹੈ।
ਸਾਲ 2016 ਵਿੱਚ ਬੁਢਲਾਡਾ ਸਬ ਡਵੀਜ਼ਨ ਅਧੀਨ 116 ਕੇਸ ਕੈਂਸਰ ਦੇ ਪਾਏ ਗਏ, ਜਿਸਦਾ ਮੁੱਖ
ਕਾਰਣ ਸਰਾਬ ਅਤੇ ਤੰਬਾਕੂ ਸੀ। ਸੀਨੀਅਰ ਮੈਡੀਕਲ ਅਫ਼ਸਰ ਡਾ. ਜਗਪਾਲਇੰਦਰ ਸਿੰਘ ਨੇ ਦੱਸਿਆ ਕਿ
ਸਾਨੂੰ ਆਪਣੇ ਖਾਣ ਪੀਣ ਵੱਲ ਵੀ ਪੂਰਾ ਧਿਆਨ ਦੇਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਚੰਗੀ
ਸਿਹਤ ਲਈ ਜੰਕ ਫੂਡ, ਸਿਗਰਟ, ਤੰਬਾਕੂ ਤੋਂ ਪਰਹੇਜ ਕਰਨਾ ਚਾਹੀਦਾ ਹੈ।
ਇਸ ਮੌਕੇ ਡਾ. ਰਣਜੀਤ ਸਿੰਘ ਰਾਏ, ਮੈਡੀਕਲ ਸਪੈਸਲਿਸ਼ਟ ਡਾ.ਮਮਤਾ ਅਤੇ ਡਿਪਟੀ ਮਾਸ ਮੀਡੀਆ
ਅਤੇ ਇੰਨਫਾਰਮੇਸ਼ਨ ਅਫ਼ਸਰ ਸ਼੍ਰੀ ਕੁਲਦੀਪ ਸਿੰਘ ਵੀ ਹਾਜ਼ਰ ਸਨ।