ਮਾਨਸਾ, 08 ਫਰਵਰੀ (ਤਰਸੇਮ ਸਿੰਘ ਫਰੰਡ ) : ਜੰਗਲਾਤ ਵਿਭਾਗ ਵੱਲੋਂ ਵਾਤਾਵਰਣ ਨੂੰ ਸਾਫ਼-ਸੁਥਰਾ ਅਤੇ ਹਰਿਆਵਲ ਬਣਾਉਣ ਦੇ ਮੰਤਵ ਨਾਲ ਗਰੀਨ ਪੰਜਾਬ ਮਿਸ਼ਨ ਤਹਿਤ ਜ਼ਿਲ੍ਹਾ ਮਾਨਸਾ ਵਿੱਚ ਪਿਛਲੇ ਇੱਕ ਸਾਲ ਦੌਰਾਨ 35,000 ਪੌਦੇ ਮੁਫ਼ਤ ਵੰਡੇ ਗਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਵਣ ਮੰਡਲ ਅਫ਼ਸਰ ਮਾਨਸਾ ਸ਼੍ਰੀ ਸਵਰਨ ਸਿੰਘ ਨੇ ਦੱਸਿਆ ਕਿ ਪੇੜ-ਪੌਦੇ ਜਿੱਥੇ ਸਾਡੇ ਤਨ ਅਤੇ ਮਨ ਦੋਵਾਂ ਨੂੰ ਹੀ ਤੰਦਰੁਸਤ ਰੱਖਣ ਵਿਚ ਸਹਾਈ ਸਿੱਧ ਹੁੰਦੇ ਹਨ, ਉਥੇ ਸਾਫ਼-ਸੁਥਰੀ ਹਵਾ ਪ੍ਰਦਾਨ ਕਰ ਕੇ ਸਾਨੂੰ ਬਿਮਾਰੀਆਂ ਤੋਂ ਬਚਾ ਕੇ ਰੱਖਦੇ ਹਨ।
ਉਨ੍ਹਾਂ ਦੱਸਿਆ ਕਿ ਸਾਲ 2017-18 ਦੌਰਾਨ ਮਾਨਸਾ ਵਿੱਚ ਵੱਖ-ਵੱਖ ਸਕੀਮਾਂ ਤਹਿਤ ਜ਼ਿਲ੍ਹੇ ਨੂੰ ਹਰਿਆ-ਭਰਿਆ ਬਣਾਉਣ ਲਈ ਪੌਦਾਰੋਪਣ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਜੰਗਲਾਤ ਵਿਭਾਗ ਵੱਲੋਂ ਸਬ ਮਿਸ਼ਨ ਆਨ ਐਗਰੋ ਫਾਰੈਸਟਰੀ ਤਹਿਤ ਕਿਸਾਨਾਂ ਨੂੰ ਆਪਣੀ ਜ਼ਮੀਨ ਉਪਰ ਰੁੱਖ ਲਗਾਉਣ ਲਈ ਉਤਸ਼ਾਹਿਤ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਵੱਖ-ਵੱਖ ਸਕੀਮਾਂ ਅਧੀਨ ਰੁੱਖ ਲਗਾਉਣ ਵਾਲੇ ਕਿਸਾਨਾਂ ਨੂੰ ਵਿੱਤੀ ਸਹਾਇਤਾ ਵੀ ਦਿੱਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਦੀ ਹੀ ਇੱਕ ਹੋਰ ਸਕੀਮ ਗਰੀਨ ਪੰਜਾਬ ਮਿਸ਼ਨ ਤਹਿਤ ਇਸ ਸਾਲ 5 ਹੈਕਟੇਅਰ ਰਕਬੇ ਵਿੱਚ ਪਲਾਂਟੇਸ਼ਨ ਕਰਵਾਉਣ ਲਈ ਟੀਚਾ ਪ੍ਰਾਪਤ ਹੋਇਆ ਸੀ, ਜਿਸਨੂੰ ਮੁੱਖ ਰੱਖਦਿਆਂ 5,000 ਪੌਦੇ ਵੱਖ-ਵੱਖ ਸੰਸਥਾਵਾਂ ਵਿਖੇ ਲਗਵਾਏ ਗਏ ਹਨ।
ਵਣ ਮੰਡਲ ਅਫ਼ਸਰ ਨੇ ਦੱਸਿਆ ਕਿ ਮਾਨਸਾ ਵਣ ਮੰਡਲ ਵਿੱਚ ਇੱਕ ਹੋਰ ਸਕੀਮ ਪਨਕੈਂਪਾ ਅਧੀਨ ਇਸ ਸਾਲ ਦੌਰਾਨ 118 ਹੈਕਟਰ ਰਕਬੇ ਉਪਰ ਪਲਾਂਟੇਸ਼ਨ ਕਰਵਾਉਣ ਲਈ ਟੀਚਾ ਪ੍ਰਾਪਤ ਹੋਇਆ ਸੀ, ਜੋ ਕਿ ਮਾਨਸਾ ਅਤੇ ਬੁਢਲਾਡਾ ਦੀਆਂ ਸੜਕਾਂ ਦੇ ਕਿਨਾਰਿਆਂ ਉਪਰ ਪੌਦਾਰੋਪਣ ਕਰਵਾ ਕੇ ਮਿਥਿਆ ਟੀਚਾ ਸਮੇਂ ਸਿਰ ਪੂਰਾ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਵਿਭਾਗ ਵੱਲੋਂ 11.299 ਹੈਕਟਰ ਪਲਾਂਟੇਸ਼ਨ ਕਰਵਾਉਣ ਦਾ ਟੀਚਾ ਵੀ ਸਮੇਂ ਸਿਰ ਮੁਕੰਮਲ ਕਰ ਲਿਆ ਗਿਆ ਹੈ।
ਉਨ੍ਹਾਂ ਦੱਸਿਆ ਕਿ ਉਪਰੋਕਤ ਤੋਂ ਇਲਾਵਾ ਮਾਨਸਾ ਵਣ ਮੰਡਲ ਵੱਲੋਂ ਵੱਖ-ਵੱਖ ਸਰਕਾਰੀ ਅਦਾਰਿਆਂ, ਧਾਰਮਿਕ ਸੰਸਥਾਵਾਂ, ਵਿੱਦਿਅਕ ਸੰਸਥਾਵਾਂ ਨੂੰ 51,337 ਪੌਦੇ ਮੁਫ਼ਤ ਸਪਲਾਈ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਵਣ ਮੰਡਲ ਮਾਨਸਾ ਨੂੰ ਪੰਜਾਬ ਰਾਜ ਵਣ ਵਿਕਾਸ ਨਿਗਮ ਤੋਂ 40,000 ਕਲੋਨਲ ਸਫੈਦੇ ਪ੍ਰਾਪਤ ਕਰਕੇ ਮੁਫ਼ਤ ਸਪਲਾਈ ਕਰਨ ਦਾ ਟੀਚਾ ਦਿੱਤਾ ਗਿਆ ਹੈ, ਜਿਸ ਵਿੱਚੋਂ 17,800 ਪੌਦੇ ਪ੍ਰਾਪਤ ਕਰਕੇ ਉਨ੍ਹਾਂ ਦੀ ਸਪਲਾਈ ਕਰ ਦਿੱਤੀ ਗਈ ਹੈ।