ਪੰਜਾਬੀ ਸਾਹਿਤ ਦੇ ਖੇਤਰ ਵਿੱਚ ਵਿਲੱਖਣ ਅਤੇ ਸਾਹਿਤਕ ਪੈੜਾਂ ਪਾਉਣ ਵਾਲੀ ਅਤੇ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਨ ਵਾਲੀ ਸ਼ਾਇਰਾ ਸਵਰਗੀ ਰਾਜਿੰਦਰ ਕੌਰ ਵੰਤਾ ਯਾਦਗਾਰੀ ਸਾਹਿਤਕ ਸਮਾਗਮ ਪੰਜਾਬੀ ਸਾਹਿਤ ਸਭਾ(ਰਜਿ.) ਪਟਿਆਲਾ ਵੱਲੋਂ ਹਰ ਸਾਲ ਕਰਵਾਇਆ ਜਾਂਦਾ ਹੈ।ਇਸ ਸਮਾਗਮ ਵਿੱਚ ਪੰਜਾਬੀ ਸਾਹਿਤ ਦੇ ਖੇਤਰ ਵਿੱਚ ਸਾਹਿਤਕ ਯੋਗਦਾਨ ਪਾਉਣ ਵਾਲੇ ਸਾਹਿਤਕਾਰ ਨੂੰ ਰਾਜਿੰਦਰ ਕੌਰ ਵੰਤਾ ਯਾਦਗਾਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾਂਦਾ ਹੈ।ਇਸ ਵਾਰ ਵੀ ਇਹ 12ਵਾਂ ਯਾਦਗਾਰੀ ਸਾਹਿਤਕ ਸਮਾਗਮ ਸਵਰਗੀ ਰਾਜਿੰਦਰ ਕੌਰ ਵੰਤਾ ਦੇ ਪਰਿਵਾਰ ਦੇ ਸਹਿਯੋਗ ਨਾਲ ਭਾਸ਼ਾ ਵਿਭਾਗ ਪੰਜਾਬ ,ਸ਼ੇਰਾਂਵਾਲਾ ਗੇਟ ਪਟਿਆਲਾ ਵਿਖੇ 11ਫਰਵਰੀ ,ਦਿਨ ਐਤਵਾਰ ਨੂੰ 9:30 ਵਜੇ ਸਭਾ ਦੇ ਪ੍ਰਧਾਨ ਡਾ.ਦਰਸ਼ਨ ਸਿੰਘ ਆਸ਼ਟ ਦੀ ਪ੍ਰਧਾਨਗੀ ਹੇਠ ਹੋ ਰਿਹਾ ਹੈ।
ਇਸ ਵਾਰ ਇਹ ਸਾਹਿਤਕ ਪੁਰਸਕਾਰ ਪੰਜਾਬ ਪੰਜਾਬੀ ਅਤੇ ਪੰਜਾਬੀਅਤ ਦੀ ਮੁਦੱਈ, ਪੰਜਾਬੀ ਸਾਹਿਤ ਦੀ ਉੱਘੀ ਸ਼ਖਸ਼ੀਅਤ ,ਸਟੇਟ ਅਵਾਰਡੀ ਲੇਖਿਕਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਪੰਜਾਬੀ ਵਿਭਾਗ ਦੀ ਸਹਾਇਕ ਪ੍ਰੋਫੈਸਰ ਸ੍ਰੀਮਤੀ ਰਾਜਵੰਤ ਕੌਰ ਪੰਜਾਬੀ (ਡਾ.) ਨੂੰ ਪੰਜਾਬੀ ਨੂੰ ਪੰਜਾਬੀ ਸਾਹਿਤ ਵਿੱਚ ਆਪਣਾ ਵਡਮੁੱਲਾ ਯੋਗਦਾਨ ਪਾਉਣ ਲਈ ਪ੍ਰਦਾਨ ਕੀਤਾ ਜਾ ਰਿਹਾ ਹੈ।ਉਹਨਾਂ ਨੇ ਪੰਜਾਬੀ ਲੋਕ ਭੰਗੜੇ ਅਤੇ ਗਿੱਧੇ ਦੀਆਂ ਬੋਲੀਆਂ, ਮਲਵਈ ਬੋਲੀਆਂ,ਪੁਆਧੀ ਬੋਲੀਆਂ ਅਤੇ ਪੰਜਾਬੀ ਸੱਭਿਆਚਾਰਕ ਰੀਤਾਂ ਨੂੰ ਕਿਤਾਬਾਂ ਦੇ ਰੂਪ ਇਕੱਤਰ ਕਰਕੇ ਸਾਂਭਣ ਦੀ ਕੋਸ਼ਿਸ਼ ਕੀਤੀ ਹੈ ਅਤੇ ਪੰਜਾਬੀ ਸਾਹਿਤ ਦੀ ਅਮੀਰੀ ਨੂੰ ਹੋਰ ਵਧਾਇਆ ਹੈ।
ਇਸ ਸਮਾਗਮ ਦੀ ਰੌਣਕ ਨੂੰ ਚਾਰ ਚੰਨ ਲਾਉਣ ਲਈ ਸ੍ਰੀਮਤੀ ਗੁਰਸ਼ਰਨ ਕੌਰ ਡਾਇਰੈਕਟਰ ਭਾਸ਼ਾ ਵਿਭਾਗ ਪੰਜਾਬ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ।
ਹਰਿਆਣਾ ਪੰਜਾਬੀ ਸਾਹਿਤ ਅਕਾਦਮੀ ਪੰਚਕੂਲਾ ਦੇ ਡਾਇਰੈਕਟਰ ਅਸ਼ਵਨੀ ਕੁਮਾਰ ਇਸ ਸਮਾਗਮ ਦੀ ਪ੍ਰਧਾਨਗੀ ਕਰਕੇ ਸਮਾਗਮ ਦੀ ਸ਼ੋਭਾ ਵਧਾਉਣਗੇ।ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਾਬਕਾ ਡਿਪਟੀ ਰਜਿਸਟਰਾਰ ਸਤਿਕਾਰਯੋਗ ਇਕਬਾਲ ਸਿੰਘ ਵੰਤਾ, ਪ੍ਰਿੰਸੀਪਲ ਐਸ ਕੇ ਗੋਇਲ, ਅਮਰ ਗਰਗ ਕਲਮਦਾਨ ਧੂਰੀ ਵਿਸ਼ੇਸ਼ ਮਹਿਮਾਨ ਵਜੋਂ ਉਚੇਚੇ ਤੌਰ ਤੇ ਸਮਾਗਮ ਵਿੱਚ ਸ਼ਾਮਿਲ ਹੋਣਗੇ।ਇਸ ਪ੍ਰੋਗਰਾਮ ਵਿੱਚ ਡਾ.ਇੰਦਰਪਾਲ ਕੌਰ,ਜਗਦੀਸ਼ ਰਾਏ ਕੁਲਰੀਆਂ ਅਤੇ ਹਰਪ੍ਰੀਤ ਸਿੰਘ ਰਾਣਾ ਵੱਲੋਂ ਰਾਜਿੰਦਰ ਕੌਰ ਵੰਤਾ ਅਤੇ ਡਾ.ਰਾਜਵੰਤ ਕੌਰ ਪੰਜਾਬੀ ਸੰਬੰਧੀ ਪੇਪਰ ਅਤੇ ਸਨਮਾਨ ਪੱਤਰ ਪੜ੍ਹੇ ਜਾਣਗੇ।
ਇਸ ਸਮਾਗਮ ਵਿੱਚ ਪੰਜਾਬੀ ਗਾਇਕੀ ਦੇ ਅੰਬਰ ਚ ਸਫਲਤਾ ਦੀਆਂ ਉਡਾਰੀਆਂ ਮਾਰਨ ਵਾਲੀ ਅਤੇ ਪੰਜਾਬੀ ਸਾਹਿਤ ਦੀ ਝੋਲੀ ਚ ਸੱਭਿਆਚਾਰਕ ਗੀਤਾਂ ਨਾਲ ਭਰਪੂਰ ਯੋਗਦਾਨ ਪਾਉਣ ਵਾਲੀ ਸੁਰੀਲੀ ਅਤੇ ਸੋਹਜਮਈ ਆਵਾਜ਼ ਦੀ ਮਾਲਕ ਅਨੀਤਾ ਸਮਾਣਾ ਦਾ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ।
ਇਸ ਸਮਾਗਮ ਨੂੰ ਸਾਹਿਤਕ ਰੰਗਤ ਦੇਣ ਲਈ ਪੰਜਾਬ ਭਰ ਤੋਂ ਸਾਹਿਤਕ ਹਸਤੀਆਂ ਆਪਣੀਆਂ ਰਚਨਾਵਾਂ ਨਾਲ ਸਾਹਿਤਕ ਖੁਸ਼ਬੋਆਂ ਵਿਖੇਰਨਗੀ।