ਮਾਨਸਾ, 10 ਫਰਵਰੀ(ਤਰਸੇਮ ਸਿੰਘ ਫਰੰਡ ) : ਅੱਜ ਮਾਨਸਾ, ਸਰਦੂਲਗੜ੍ਹ ਅਤੇ ਬੁਢਲਾਡਾ ਵਿਖੇ ਲਗਾਈ ਗਈ ਕੌਮੀ ਲੋਕ ਅਦਾਲਤ ਵਿੱਚ ਵੱਖ-ਵੱਖ ਮੁਕੱਦਮਿਆਂ ਸਬੰਧੀ 659 ਕੇਸਾਂ ਦਾ ਨਿਪਟਾਰਾ ਰਾਜ਼ੀਨਾਮੇ ਰਾਹੀਂ ਕੀਤਾ ਗਿਆ। ਇਨ੍ਹਾਂ ਕੇਸਾਂ ਦੀ ਸੁਣਵਾਈ ਲਈ ਵੱਖ-ਵੱਖ ਜੱਜਾਂ ਵੱਲੋਂ 8 ਬੈਂਚਾਂ ਦਾ ਗਠਨ ਕੀਤਾ ਗਿਆ ਸੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸ਼੍ਰੀਮਤੀ ਸੁਸ਼ਮਾ ਦੇਵੀ ਨੇ ਦੱਸਿਆ ਕਿ ਅੱਜ ਦੇ ਕੇਸਾਂ ਵਿੱਚ ਮੁੱਖ ਤੌਰ ‘ਤੇ ਤਲਾਕ ਸਬੰਧੀ ਕੇਸ, ਚੈਕ ਬਾਊਂਸ ਦੇ ਕੇਸ, ਬੈਂਕਾਂ ਦੀ ਰਿਕਵਰੀ, ਮੋਟਰ ਵਹੀਕਲ ਐਕਟ ਸਬੰਧੀ ਕੇਸ, ਲੇਬਰ ਡਿਸਪਿਊਟ ਸਬੰਧੀ, ਬਿਜਲੀ ਅਤੇ ਪਾਣੀ ਦੇ ਬਿਲਾਂ ਸਬੰਧੀ ਕੇਸਾਂ ਦੀ ਸੁਣਵਾਈ ਕੀਤੀ ਗਈ। ਉਨ੍ਹਾਂ ਦੱਸਿਆ ਕਿ ਅੱਜ ਜਿਨ੍ਹਾਂ ਕੇਸਾਂ ਦਾ ਨਿਪਟਾਰਾ ਕੀਤਾ ਗਿਆ ਹੈ, ਉਨ੍ਹਾਂ ਸਬੰਧੀ ਕੋਈ ਪਾਰਟੀ ਕਿਤੇ ਹੋਰ ਅਪੀਲ ਦਾਇਰ ਨਹੀਂ ਕਰ ਸਕਦਾ।
ਉਨ੍ਹਾਂ ਦੱਸਿਆ ਕਿ ਕੋਰਟ ਪਰਿਸਰ ਮਾਨਸਾ ਵਿਖੇ ਐਡੀਸ਼ਨਲ ਜ਼ਿਲ੍ਹਾ ਤੇ ਸ਼ੈਸ਼ਨ ਜੱਜ ਸ਼੍ਰੀ ਜਸਪਾਲ ਵਰਮਾ, ਐਡੀਸ਼ਨਲ ਜ਼ਿਲ੍ਹਾ ਤੇ ਸ਼ੈਸ਼ਨ ਜੱਜ ਸ਼੍ਰੀ ਜਗਦੀਪ ਸੂਦ, ਸਿਵਲ ਜੱਜ ਸੀਨੀਅਰ ਡਵੀਜ਼ਨ ਸ਼੍ਰੀਮਤੀ ਮਨੀਲਾ ਚੁੱਘ, ਚੀਫ ਜੂਡੀਸ਼ੀਅਲ ਮੈਜਿਸਟ੍ਰੇਟ ਸ਼੍ਰੀ ਅਮਰਿੰਦਰਪਾਲ ਸਿੰਘ, ਜੂਡੀਸ਼ੀਅਲ ਮੈਜਿਸਟ੍ਰੇਟ ਫਸਟ ਕਲਾਸ ਸ਼੍ਰੀਮਤੀ ਦਲਜੀਤ ਕੌਰ ਨੇ 463 ਕੇਸਾਂ ਦਾ ਨਿਪਟਾਰਾ ਕਰਕੇ 6.83 ਕਰੋੜ ਰੁਪਏ ਦੇ ਅਵਾਰਡ ਪਾਸ ਕੀਤੇ। ਇਸੇ ਤਰ੍ਹਾਂ ਕੋਰਟ ਕੰਪਲੈਕਸ ਬੁਢਲਾਡਾ ਵਿਖੇ ਸ਼੍ਰੀਮਤੀ ਪ੍ਰਾਤੀਮਾ ਅਰੋੜਾ ਤੇ ਸਿਵਲ ਜੱਜ ਜੂਨੀਅਰ ਡਵੀਜ਼ਨ ਸ਼੍ਰੀ ਅਜੇਪਾਲ ਦੇ ਬੈਂਚਾਂ ਨੇ 45 ਕੇਸਾਂ ਦਾ ਨਿਪਟਾਰਾ ਕਰਕੇ 29.98 ਲੱਖ ਰੁਪਏ ਅਤੇ ਕੋਰਟ ਕੰਪਲੈਕਸ ਸਰਦੂਲਗੜ੍ਹ ਵਿਖੇ ਸਬ-ਡਵੀਜ਼ਨ ਜੂਡੀਸ਼ੀਅਲ ਮੈਜਿਸਟ੍ਰੇਟ ਸ਼੍ਰੀ ਜੀ.ਐਸ. ਸੇਖੋਂ ਵੱਲੋਂ ਲਗਾਏ ਗਏ ਬੈਂਚ ਦੇ ਵਿੱਚ 151 ਕੇਸਾਂ ਦਾ ਨਿਪਟਾਰਾ ਕਰਕੇ 53.18 ਲੱਖ ਰੁਪਏ ਦੇ ਅਵਾਰਡ ਪਾਸ ਕੀਤੇ ਗਏ। ਉਨ੍ਹਾਂ ਦੱਸਿਆ ਕਿ ਅੱਜ ਲਗਾਈ ਗਈ ਨੈਸ਼ਨਲ ਲੋਕ ਅਦਾਲਤ ਦੌਰਾਨ ਸਭ ਤੋਂ ਜ਼ਿਆਦਾ ਕੇਸਾਂ ਦੀ ਸੁਣਵਾਈ ਮਾਨਸਾ ਕੋਰਟ ਪਰਿਸਰ ਵਿਖੇ ਕੀਤੀ ਗਈ।
ਉਨ੍ਹਾਂ ਦੱਸਿਆ ਕਿ ਲੋਕ ਅਦਾਲਤ ਤੋਂ ਪਹਿਲਾਂ ਸੈਮੀਨਾਰ ਲਗਾਕੇ ਜ਼ਿਲ੍ਹੇ ਦੇ ਲੋਕਾਂ ਨੂੰ ਲੋਕ ਅਦਾਲਤ ਦੇ ਫਾਇਦਿਆਂ ਸਬੰਧੀ ਜਾਣੂ ਕਰਵਾਇਆ ਗਿਆ ਸੀ। ਇਸ ਤੋਂ ਇਲਾਵਾ ਬੈਂਕ ਅਤੇ ਬੀਮਾ ਕੰਪਨੀਆਂ ਦੇ ਅਫਸਰਾਂ ਅਤੇ ਹੋਰ ਵਿਭਾਗਾਂ ਦੇ ਨੁਮਾਇੰਦਿਆਂ ਨਾਲ ਮੀਟਿੰਗਾਂ ਵੀ ਕੀਤੀਆਂ ਗਈਆਂ ਅਤੇ ਉਨ੍ਹਾਂ ਨੂੰ ਲੋਕ ਅਦਾਲਤਾਂ ਵਿੱਚ ਕੇਸ ਲਗਵਾਉਣ ਲਈ ਪ੍ਰੇਰਿਤ ਕੀਤਾ ਗਿਆ ਸੀ। ਲਗਾਈ ਗਈ ਨੈਸ਼ਨਲ ਲੋਕ ਅਦਾਲਤ ਦੌਰਾਨ ਸਮਾਜ ਸੇਵੀ ਅਤੇ ਵੱਡੀ ਗਿਣਤੀ ਵਿੱਚ ਆਪਣੇ ਕੇਸਾਂ ਦਾ ਨਿਪਟਾਰਾ ਕਰਵਾਉਣ ਆਏ ਲੋਕ ਮੌਜੂਦ ਸਨ।