ਮਾਨਸਾ (ਤਰਸੇਮ ਸਿੰਘ ਫਰੰਡ) 11 ਫਰਵਰੀ ਅੱਜ ਜਿਲ੍ਹਾ ਮਾਨਸਾ ਦੇ ਵੱਡੀ ਗਿਣਤੀ ਬੀ.ਐਲ.ਓਜ਼
ਸਥਾਨਕ ਬਾਲ ਭਵਨ ਮਾਨਸਾ ਵਿਖੇ ਇੱਕਠੇ ਹੋਏ ਇਸ ਮੌਕੇ ਹਲਕਾ ਮਾਨਸਾ, ਬੁਢਲਾਡਾ ਅਤੇ
ਸਰਦੂਲਗੜ੍ਹ ਦੇ ਬੀ.ਐਲ.ਓਜ਼ ਨੇ ਸਮੂਲੀਅਤ ਕੀਤੀ। ਇਸ ਮੋਕੇ ਮੀਟਿੰਗ ਨੂੰ ਸੰਬੋਧਨ ਕਰਦਿਆਂ
ਅਧਿਆਪਕ ਆਗੂ ਨਿਤਿਨ ਸੋਢੀ ਨੇ ਕਿਹਾ ਕਿ ਸਰਕਾਰ ਵੱਲੋਂ ਮੁਲਾਜ਼ਮਾਂ ਉਪਰ ਰੋਜ਼ਾਨਾ ਨਵੇਂ ਨਵੇਂ
ਪ੍ਰਯੋਗ ਕੀਤੇ ਜਾਂਦੇ ਹਨ। ਪਹਿਲਾਂ ਤੋਂ ਹੀ ਕੰਮ ਦੇ ਬੋਝ ਹੇਠ ਦੱਬੇ ਬੀ.ਐਲ.ਓਜ਼ ਨੂੰ ਨਿੱਤ
ਨਵੇਂ ਨਵੇਂ ਕੰਮ ਕਰਨ ਲਈ ਕਿਹਾ ਜਾਂਦਾ ਹੈ। ਮੌਕੇ ਤੇ ਹਾਜ਼ਰ ਧਰਿੰਦਰ ਮਿੱਤਲ ਜੀ ਨੇ ਕਿਹਾ ਕਿ
ਅਜੇ ਕੁਝ ਦਿਨ ਪਹਿਲਾਂ ਹੀ ਉਹਨਾਂ ਨੇ ਘਰੋਂ ਘਰੀ ਜਾ ਕੇ ਸਪੈਸ਼ਲ ਡਰਾਈਵ ਦਾ ਸਰਵੇ ਕੀਤਾ ਹੈ।
ਹੁਣ ਪ੍ਰਸ਼ਾਸਨ ਵੱਲੋਂ ਉਹਨਾਂ ਨੂੰ ਇਸ ਸਰਵੇ ਦੇ ਡਾਟਾ ਨੂੰ ਆਨਲਾਈਨ ਮੋਬਾਇਲ ਫੋਨ ਦੇ ਉਪਰ
ਨਿੱਜੀ ਰੂਪ ਵਿੱਚ ਫੀਡ ਕਰਨ ਲਈ ਕਿਹਾ ਜਾ ਰਿਹਾ ਹੈ। ਆਗੂਆਂ ਨੇ ਕਿਹਾ ਕਿ ਪਿਛਲੇ ਦਿਨੀ ਸ੍ਰੀ
ਅਮ੍ਰਿਤਸਰ ਸਾਹਿਬ, ਬਰਨਾਲਾ, ਬਠਿੰਡਾ, ਨਵਾਂ ਸ਼ਹਿਰ, ਰੋਪੜ, ਲੁਧਿਆਣਾ ਆਦਿ ਜਿਲਿ੍ਹਆਂ ਦੇ
ਬੀ.ਐਲ.ਓਜ਼ ਨੇ ਇਸ ਆਨਲਾਈਨ ਕੰਮ ਦਾ ਬਾਈਕਾਟ ਕੀਤਾ ਹੈ। ਇਸੇ ਲੜੀ ਵਿੱਚ ਜਿਲ੍ਹਾ ਮਾਨਸਾ ਦੇ
ਸਮੂਹ ਬੀ.ਐਲ.ਓਜ਼ ਵੱਲੋਂ ਵੀ ਇਸ ਕੰਮ ਦਾ ਬਾਈਕਾਟ ਕੀਤਾ ਜਾਂਦਾ ਹੈ। ਮੌਕੇ ਤੇ ਹਾਜ਼ਰ
ਅਧਿਆਪਕਾਂ ਨੇ ਕਿਹਾ ਕਿ ਪੇਪਰਾਂ ਦਾ ਸਮਾਂ ਨੇੜੇ ਹੋਣ ਕਰਕੇ ਉਹਨਾਂ ਉਪਰ ਪਹਿਲਾਂ ਹੀ ਭਾਰੀ
ਜਿੰਮੇਵਾਰੀ ਹੈ। ਉਪਰੋਂ ਸਰਕਾਰ ਵੱਲੋਂ ਉਹਨਾਂ ਤੋਂ ਅਜਿਹੇ ਗੈਰ ਵਿੱਦਿਅਕ ਕੰਮ ਕਰਵਾਉਂਣੇ
ਮੁੱਢੋਂ ਹੀ ਗਲਤ ਹਨ, ਜਿਸ ਦਾ ਉਹ ਵਿਰੋਧ ਕਰਦੇ ਹਨ। ਸਮੂਹ ਬੀ.ਐਲ.ਓਜ਼ ਨੇ ਇਹ ਫੈਸਲਾ ਕੀਤਾ
ਕਿ ਇਸ ਸਬੰਧੀ ਅਗਲੇ ਇੱਕ ਦੋ ਦਿਨਾਂ ਵਿੱਚ ਹੀ ਡਿਪਟੀ ਕਮਿਸ਼ਨਰ ਮਾਨਸਾ ਨੂੰ ਮਿਲਿਆ ਜਾਵੇਗਾ
ਤੇ ਨਾਲ ਹੀ ਉਹਨਾਂ ਪ੍ਰਸ਼ਾਸਨ ਨੂੰ ਚਿਤਾਵਨੀ ਵੀ ਦਿੱਤੀ ਕਿ ਜੇਕਰ ਇਸ ਦੌਰਾਨ ਕਿਸੇ ਵੀ
ਬੀ.ਐਲ.ਓ ਨਾਲ ਧੱਕੇਸ਼ਾਹੀ ਕੀਤੀ ਗਈ ਤਾਂ ਉਸ ਦਾ ਕਰੜਾ ਵਿਰੋਧ ਕੀਤਾ ਜਾਵੇਗਾ।