ਮਾਨਸਾ, 12 ਫਰਵਰੀ (ਤਰਸੇਮ ਸਿੰਘ ਫਰੰਡ) : ਸਵੱਛ ਭਾਰਤ ਮੁਹਿੰਮ ਤਹਿਤ ਲੋਕਾਂ ਨੂੰ ਖੁੱਲ੍ਹੇ
ਤੋਂ ਸ਼ੋਚਮੁਕਤ ਕਰਨ ਦੇ ਮੰਤਵ ਨਾਲ ਬਣ ਰਹੇ ਪਖਾਣਿਆਂ ਦੇ ਕੰਮ ਦਾ ਜਾਇਜ਼ਾ ਲੈਣ ਡਿਪਟੀ ਕਮਿਸ਼ਨਰ
ਮਾਨਸਾ ਸ਼੍ਰੀ ਧਰਮ ਪਾਲ ਗੁਪਤਾ ਨੇ ਨੇ ਅੱਜ ਇੱਕ ਵਿਸ਼ੇਸ਼ ਮੀਟਿੰਗ ਕੀਤੀ। ਇਸ ਮੌਕੇ ਉਨ੍ਹਾਂ
ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਪਖਾਣੇ ਬਣਾਉਣ ਦਾ ਕੰਮ 28 ਫਰਵਰੀ 2018 ਤੱਕ 100
ਫੀਸਦੀ ਮੁਕੰਮਲ ਕਰਨਾ ਯਕੀਨੀ ਬਣਾਇਆ ਜਾਵੇ ਅਤੇ ਨਿੱਜੀ ਤੌਰ ‘ਤੇ ਜਾ ਕੇ ਨਿਰੀਖੱਣ ਕੀਤਾ
ਜਾਵੇ ਕਿ ਜਿਨ੍ਹਾਂ ਲਾਭਪਾਤਰੀਆਂ ਨੂੰ ਪਖਾਣੇ ਬਣਾਉਣ ਲਈ ਰਾਸ਼ੀ ਮਿਲ ਚੁੱਕੀ ਹੈ ਉਨ੍ਹਾਂ ਨੇ
ਕੰਮ ਸ਼ੁਰੂ ਕਰਵਾਇਆ ਹੈ ਜਾਂ ਨਹੀਂ।
ਡਿਪਟੀ ਕਮਿਸ਼ਨਰ ਨੇ ਮੀਟਿੰਗ ਦੌਰਾਨ ਕਿਹਾ ਕਿ ਪੂਰੇ ਜ਼ਿਲ੍ਹੇ ਵਿੱਚ 20,597 ਪਖਾਣੇ ਬਣਾਏ
ਜਾਣੇ ਹਨ, ਜਿਨ੍ਹਾਂ ਵਿੱਚੋਂ 112 ਪਿੰਡਾਂ ਵਿੱਚ 10,500 ਪਖਾਣੇ ਪੂਰੀ ਤਰ੍ਹਾਂ ਨਾਲ ਬਣ ਕੇ
ਮੁਕੰਮਲ ਹੋ ਚੁੱਕੇ ਹਨ। ਉਨ੍ਹਾਂ ਕਿਹਾ ਕਿ 8,000 ਪਖਾਣੇ ਬਣਨ ਦਾ ਕੰਮ ਚੱਲ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਇਹ ਪਖਾਣੇ ਬਣਾਉਣ ਲਈ ਹਰੇਕ ਲਾਭਪਾਤਰੀ ਨੂੰ ਸਰਕਾਰ ਵੱਲੋਂ 15,000/-
ਰੁਪਏ ਦੀ ਰਾਸ਼ੀ ਦਿੱਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਅਧਿਕਾਰੀ ਚੱਲ ਰਹੇ ਕੰਮ ਦਾ ਜਾਇਜ਼ਾ
ਲੈਣ ਅਤੇ ਜੇਕਰ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਪੇਸ਼ ਆ ਰਹੀ ਹੈ, ਤਾਂ ਉਸਨੂੰ ਤੁਰੰਤ ਦੂਰ
ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਸਮਾਂ ਰਹਿੰਦਿਆਂ ਹੀ ਪਖਾਣੇ ਬਣਾਉਣ ਦੇ ਕੰਮ ਨੂੰ ਨੇਪਰੇ
ਚਾੜ੍ਹਿਆ ਜਾਵੇ।
ਉਨ੍ਹਾਂ ਕਿਹਾ ਕਿ ਜ਼ਿਲ੍ਹੇ ਅੰਦਰ ਪਖਾਣੇ ਬਣਾਉਣ ‘ਤੇ ਕੁੱਲ 30.81 ਕਰੋੜ ਰੁਪਏ ਦਾ ਖਰਚਾ
ਆਵੇਗਾ, ਜਿਸ ਵਿੱਚੋਂ 25.11 ਕਰੋੜ ਰੁਪਏ ਸਰਕਾਰ ਵੱਲੋਂ ਪਿੰਡਾਂ ਦੇ ਸਰਪੰਚਾਂ ਨੂੰ ਉਨ੍ਹਾਂ
ਦੇ ਖਾਤਿਆਂ ਵਿੱਚ ਭੇਜੀ ਜਾ ਚੁੱਕੀ ਹੈ ਅਤੇ ਸਰਪੰਚਾਂ ਵੱਲੋਂ ਸਿੱਧਾ ਲਾਭਪਾਤਰੀਆਂ ਦੇ
ਖਾਤਿਆਂ ਵਿੱਚ 15000/- ਰੁਪਏ ਦੀ ਰਾਸ਼ੀ ਹਰ ਲਾਭਪਾਤਰੀ ਨੂੰ ਭੇਜੀ ਜਾ ਰਹੀ ਹੈ। ਡਿਪਟੀ
ਕਮਿਸ਼ਨਰ ਨੇ ਸਮੂਹ ਸਬੰਧਤ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਉਹ ਚੈਕਿੰਗ ਕਰਕੇ
ਯਕੀਨੀ ਬਣਾਉਣ ਕਿ ਲਾਭਪਾਤਰੀਆਂ ਦੇ ਖਾਤੇ ਵਿੱਚ ਇਹ ਰਾਸ਼ੀ ਪਹੁੰਚ ਰਹੀ ਹੈ।
ਇਸ ਮੌਕੇ ਐਸ.ਡੀ.ਐਮ. ਮਾਨਸਾ ਸ਼੍ਰੀ ਅਭਿਜੀਤ ਕਪਲਿਸ਼, ਐਸ.ਡੀ.ਐਮ. ਸਰਦੂਲਗੜ੍ਹ ਸ਼੍ਰੀ
ਲਤੀਫ਼ ਅਹਿਮਦ, ਐਸ.ਡੀ.ਐਮ. ਬੁਢਲਾਡਾ ਸ਼੍ਰੀ ਗੁਰਸਿਮਰਨ ਸਿੰਘ ਢਿੱਲੋਂ, ਸਹਾਇਕ ਕਮਿਸ਼ਨਰ (ਜ)
ਸ਼੍ਰੀ ਓਮ ਪ੍ਰਕਾਸ਼, ਸਹਾਇਕ ਕਮਿਸ਼ਨਰ (ਸ਼ਿਕਾਇਤਾਂ) ਸ਼੍ਰੀ ਦੀਪਕ ਰੁਹੇਲਾ, ਐਕਸੀਅਨ ਵਾਟਰ ਸਪਲਾਈ
ਅਤੇ ਸੈਨੀਟੇਸ਼ਨ ਡਵੀਜ਼ਨ 1 ਸ਼੍ਰੀ ਪਵਨ ਕੁਮਾਰ ਗੋਇਲ, ਐਕਸੀਅਨ ਵਾਟਰ ਸਪਲਾਈ ਅਤੇ ਸੈਨੀਟੇਸ਼ਨ
ਡਵੀਜ਼ਨ ਨੰਬਰ 2 ਸ਼੍ਰੀ ਰਵਿੰਦਰ ਸਿੰਘ ਬਾਂਸਲ ਤੋਂ ਇਲਾਵਾ ਬੀ.ਡੀ.ਪੀ.ਓਜ਼ ਮੌਜੂਦ ਸਨ।