ਸ਼ੇਰਪੁਰ :- ਆਪਣੇ ਜੀਵਨ ਭਰ ਸਮਾਜ ਅਤੇ ਸਿੱਖਿਆ ਜਗਤ ਦੀ ਸੇਵਾ ਕਰਨ ਵਾਲੇ
ਗਣਿਤ ਅਧਿਆਪਕ ਸਵ. ਮਾਸਟਰ ਕਮਲਜੀਤ ਸਿੰਘ ਚਹਿਲ ਕੁਠਾਲਾ ਦੀ ਯਾਦ ਵਿੱਚ ਉਨ੍ਹਾਂ ਦੇ ਪਰਿਵਾਰ
ਵੱਲੋਂ ਪੰਜਾਬ ਦੇ ਬੱਚਿਆਂ ਵਿੱਚ ਗਣਿਤ ਵਿਸ਼ੇ ਨੂੰ ਪ੍ਰਫੁੱਲਤ ਕਰਨ ਵਾਲੇ ਸਟੇਟ ਐਵਾਰਡੀ
ਅਧਿਆਪਕ ਦੇਵੀ ਦਿਆਲ ਵੱਲੋਂ ਸ਼ੁਰੂ ਕੀਤੀ ਰਾਮਾਨੁਜਨ ਗਣਿਤ ਐਵਾਰਡ ਪ੍ਰੀਖਿਆ ਦੇ ਜੇਤੂ ਬੱਚਿਆਂ
ਨੂੰ ਮੈਡਲਾਂ ਨਾਲ ਸਨਮਾਨਿਤ ਕਰਨ ਦਾ ਫੈਸਲਾ ਲਿਆ ਗਿਆ। ਇਸ ਬਾਰੇ ਜਾਣਕਾਰੀ ਦਿੰਦਿਆਂ
ਰਾਮਾਨੁਜਨ ਗਣਿਤ ਐਵਾਰਡ ਪ੍ਰੀਖਿਆ ਦੇ ਪ੍ਰਾਇਮਰੀ ਵਿੰਗ ਦੇ ਇੰਚਾਰਜ ਮਾ. ਰਾਜੇਸ਼ ਰਿਖੀ
ਪੰਜਗਰਾਈਆਂ ਅਤੇ ਜ਼ੋਨ ਇੰਚਾਰਜ ਮਾਸਟਰ ਜਗਜੀਤਪਾਲ ਸਿੰਘ ਘਨੌਰੀ ਨੇ ਦੱਸਿਆ ਕਿ ਸਵ. ਮਾਸਟਰ
ਕੰਵਲਜੀਤ ਸਿੰਘ ਚਹਿਲ ਦੇ ਸਪੁੱਤਰ ਲੈਕਚਰਾਰ ਜਸਵਿੰਦਰ ਸਿੰਘ ਚਹਿਲ ਅਤੇ ਮਨਪ੍ਰੀਤ ਸਿੰਘ ਚਹਿਲ
ਜੇ.ਈ ਬੀ ਐੱਡ ਆਰ ਬਰਨਾਲਾ ਵੱਲੋਂ ਬੱਚਿਆਂ ਦੀ ਹੌਸਲਾ ਅਫਜ਼ਾਈ ਲਈ ਫੈਸਲਾ ਲਿਆ ਗਿਆ ਹੈ ਅਤੇ
ਇਸ ਨੂੰ ਭਵਿੱਖ ਵਿੱਚ ਵੀ ਚਾਲੂ ਰੱਖਣ ਦਾ ਵਾਅਦਾ ਵੀ ਕੀਤਾ ਹੈ । ਉਨ੍ਹਾਂ ਦੱਸਿਆ ਕਿ 18
ਫਰਵਰੀ ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੇਨੜਾ ਵਿਖੇ ਮਾਨਯੋਗ ਡਾਇਰੈਕਟਰ ਜਨਰਲ ਸਕੂਲ
ਸਿੱਖਿਆ ਅਤੇ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਵੱਲੋਂ ਰਾਮਾਨੁਜਨ ਗਣਿਤ ਪ੍ਰੀਖਿਆ ਦੇ ਜੇਤੂ
ਬੱਚਿਆਂ ਨੂੰ ਇਨਾਮ ਦਿੱਤੇ ਜਾਣਗੇ । ਉੱਥੇ ਇਸ ਪ੍ਰੀਖਿਆ ਨੂੰ ਸਫਲ ਬਣਾਉਣ ਵਾਲੇ ਅਧਿਆਪਕਾਂ
ਨੂੰ ਵੀ ਪ੍ਰਸ਼ੰਸਾ ਪੱਤਰ ਨਾਲ ਸਨਮਾਨ ਕੀਤਾ ਜਾਵੇਗਾ ।